ਗ਼ਜ਼ਲਾਂ
(1)
ਬਿਗੜੇ ਹੋਏ ਹਾਲਾਤਾਂ ਨੂੰ ਹੁਣ ਠੀਕ ਕਰੇਂ ਕੋਈ।
ਫਿਰ ਤੋਂ ਬੰਦੇ ਦੇ ਬੰਦਾ ਨਜ਼ਦੀਕ ਕਰੇਂ ਕੋਈ।
ਇੱਕ ਉਮਰ ਤੋਂ ਕੀਤੇ ਪਾਪ ਮੈਂ ਲਿਖਕੇ ਬੈਠਾ ਹਾਂ,
ਆਵੇ ਮੇਰੇ ਗੁਨਾਹਾਂ ਦੀ ਤਸਦੀਕ ਕਰੇੰ ਕੋਈ।
ਅਸੀੰ ਸਮੇਂ ਦੀ ਅੱਖ ਦੇ ਅੰਦਰ ਫਿਰ ਵੀ ਰੜਕਾਂਗੇ,
ਭਾਵੇਂ ਸੁਰਮੇਂ ਤੋਂ ਵੀ ਵੱਧ ਬਾਰੀਕ ਕਰੇੰ ਕੋਈ।
ਮੈਂ ਨਈੰ ਬੰਦਗੀ ਛੱਡਦਾ ਤੂੰ ਖੁਦਾਈ ਛੱਡੀ ਨਾ,
ਇੱਕ ਸੁਨੇਹਾ ਪੁੱਜਦਾ ਉਸਦੇ ਤੀਕ ਕਰੇੰ ਕੋਈ।
ਮਾਨਵਤਾ ਦੇ ਪਿੰਡੇ ਲੱਗੇ ਜ਼ਖਮ ਵੀ ਭਰ ਦੇਵਾਂ,
ਮੱਲ਼ਮ ਵਰਗੀ ਜੇ ਮੇਰੀ ਤੌਫੀਕ ਕਰੇੰ ਕੋਈ।
(2)
ਕੱਲ਼ੇ ਆਦਮ ਦੀ ਹੀ ਖੜ੍ਹ ਗਈ ਜਾਤ ਦਿਸੇ।
ਬਾਕੀ ਹਰ ਸ਼ੈਅ ਦੀ ਪਹਿਲਾਂ ਜਹੀ ਬਾਤ ਦਿਸੇ।
ਰੁੱਖ ਪਸ਼ੂ ਪੰਛੀ ਤੇ ਫੁੱਲ਼ ਵੀ ਪਹਿਲਾਂ ਜਹੇ,
ਪਹਿਲਾਂ ਜਹੀ ਹੀ ਪੌਣਾਂ ਦੀ ਗੱਲਬਾਤ ਦਿਸੇ।
ਜਿੱਤ ਲਵਾਂਗੇ ਅੰਬਰ ਗੱਲਾਂ ਕਰਦੇ ਸੀ,
ਧਰਤੀ ਤੇ ਹੀ ਵੱਸੋ ਬਾਹਰ ਹਾਲਾਤ ਦਿਸੇ।
ਨਾ ਕੋਈ ਲੋੜ ਹੈ ਪੁੱਛਣ ਦੀ ਨਾ ਦੱਸਣ ਦੀ,
ਕਿਸਦੀ ਕਿੰਨੀ ਹੈ ਆਪੇ ਔਕਾਤ ਦਿਸੇ।
ਦਿਸੇ ਪਿਆਰਿਆਂ ਨੂੰ ਤੇ ਜਾਂ ਦਰਵੇਸਾਂ ਨੂੰ,
ਸਾਰਿਆਂ ਨੂੰ ਨਾ ਕੁਦਰਤ ਦੀ ਕਰਾਮਾਤ ਦਿਸੇ।
ਸਮਝ ਲਿਉ ਕਿ ਹੈ ਸਵੇਰਾ ਨੇੜੇ ਹੀ,
ਜਦੋਂ ਕਦੇ ਵੀ ਗਹਿਰੀ ਹੁੰਦੀ ਰਾਤ ਦਿਸੇ।
(3)
ਕਦ ਤੱਕ ਐਦਾਂ ਉਹ ਚੁੱਪ ਕਰਕੇ ਬੈਠੇਗੀ।
ਜ਼ਿੰਦਗੀ ਮੁੜਕੇ ਅਪਣਾ ਹਾਸਾ ਹੱਸੇਗੀ।
ਉਹ ਦਿਨ ਛੇਤੀ ਹੀ ਵਾਪਿਸ ਮੁੜ ਆਵਣਗੇ,
ਖਾਲੀ ਰਾਹਵਾਂ ਤੇ ਜਦ ਰੌਣਕ ਪਰਤੇਗੀ।
ਬਿਗੜੇ ਬੱਚੇ ਜੇ ਨਹੀਂ ਆਖੇ ਲੱਗਣਗੇ,
ਮਾਂ ਹੈ ਕੁਦਰਤ ਗੁੱਸੇ ਤਾਂ ਫਿਰ ਹੋਵੇਗੀ।
ਗਹਿਰੇ ਹੋ ਗਏ ਨ੍ਹੇਰੇ ਦੀ ਇਸ ਚਾਦਰ ਨੂੰ,
ਚਾਨਣ ਦੀ ਇੱਕ ਛਿੱਟ ਲੀਰਾਂ ਕਰ ਸੁੱਟੇਗੀ।
ਵਰਿਆਂ ਪਹਿਲਾਂ ਮੈਂ ਇੱਕ ਥਾਂ ਤੇ ਲਿਖਿਆ ਸੀ,
ਜੀਵੇਗਾ ਉਹ ਜਿਸ ਵਿੱਚ ਜ਼ਿੰਦਗੀ ਹੋਵੇਗੀ।

ਜੱਗੀ ਜੌਹਲ਼ (ਨਿਊਜ਼ੀਲੈਂਡ)