ਅਮਨਦੀਪ ਸਿੰਘ ਅਮਨ (ਗਲਾਸਗੋ)

ਰਿਸ਼ੀਆਂ ਦੇ ਸੁੱਚੇ ਇਸ਼ਕ ਨੂੰ, ਕੋਈ ਤੋੜਦੀ ਏ ਅਪਸਰਾ ।
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।
ਚਾਹਿਆ ਹਜ਼ਾਰਾਂ ਵਾਰ ਮੈਂ, ਬਿਰਖਾਂ ਦੇ ਵਾਂਗਰ ਹੋ ਜਵਾਂ
ਪੌਣਾਂ ਨੂੰ ਸੀਨੇ ਘੁੱਟ ਕੇ, ਮੈ ਲਾ ਲਵਾਂ ਤੇ ਰੋ ਲਵਾਂ
ਕਣੀਆਂ ਦੀ ਵਾਛੜ ਕਰ ਗਈ, ਮੇਰੀ ਜ਼ੁਬਾਂ ਦਾ ਤਬਸਰਾ
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।
ਕੰਨਾਂ ਨੂੰ ਬੇ ਸੁਰ ਗੀਤ ਦੀ, ਕੈਸੀ ਇਹ ਆਦਤ ਹੋ ਗਈ
ਬੇ ਬਹਿਰੀਆਂ ਗ਼ਜ਼ਲਾਂ ਜਿਹੀ, ਕਦਮਾਂ ਦੀ ਹਾਲਤ ਹੋ ਗਈ
ਮੇਰਾ ਅਜ਼ਲ ਤੋ ਟੁੱਟਿਆ, ਕਵਿਤਾ ਦੇ ਨਾਲੋ ਤਸਕਰਾ ।
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।
ਮੈ ਜ਼ੁਲਫ਼ ਦੀ ਲਟ ਵਾਂਗ ਹੀ, ਚਾਹਿਆ ਕਦੇ ਸੀ ਬਹਿਕਣਾ
ਐਪਰ ਨਾ ਮਿਲਿਆ ਫੁੱਲ ਨੂੰ, ਪਤਝੜਾਂ ਵਿਚ ਮਹਿਕਣਾ
ਹੁਣ ਰੀਝ ਵੀ ਹੁੰਦੀ ਨਹੀ, ਕਿ ਬਾਗ ਦਿਸ ਜੇ ਹਰਾ ਭਰਾ ।
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।
ਸਾਹਾਂ ਦੇ ਆਵਣ ਜਾਣ ਦੀ, ਮੈ ਗੂੰਜ ਸੁਨਣੀ ਚਾਹ ਰਿਹਾ
ਅੰਬਰ ਦੀ ਬੁਣਤੀ ਆਪਣੇ, ਅੰਦਰ ਹੀ ਬੁਨਣੀ ਚਾਹ ਰਿਹਾ
ਐ ਪਰ ਇਹ ਕੈਸਾ ਸ਼ੋਰ ਹੈ, ਜੋ ਕਰ ਦਵੇ ਸਭ ਕਿਰਕਰਾ ।
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।
ਉਸਨੂੰ ਮਿਲਣ ਦੀ ਲਾਲਸਾ, ਅੰਦਰ ਰਹੀ ਏ ਉਗਮਦੀ
ਉਹ ਜਾਣਦੈ ਹਰ ਗੱਲ ਮੈਂ, ਉਸ ਨੂੰ ਕਹੀ ਏ ਉਗਮਦੀ
ਖਵਰੇ ਨਾ ਸੁਣੀਆਂ ਯਾਰੜੇ, ਨੇ, ਸੋਚ ਇਹ ਦਿੰਦੀ ਡਰਾ ।
ਮੈ ਸੁੰਨ ਸਮਾਧੀ ਲੋਚਦਾਂ, ਕੋਈ ਤਾਂ ਦੇਵੋ ਮਸ਼ਵਰਾ ।