ਲੰਡਨ (ਪੰਜ ਦਰਿਆ ਬਿਊਰੋ)

ਸਲੋਹ ਹਲਕੇ ਤੋਂ ਪਹਿਲੇ ਦਸਤਾਰਧਾਰੀ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਅਤੇ ਸਾਹਿਬ ਸਿੰਘ ਢੇਸੀ ਯੂ. ਕੇ. ਦੇ ਸਤਿਕਾਰਯੋਗ ਨਾਨੀ ਜੀ ਸਰਦਾਰਨੀ ਜਗੀਰ ਕੌਰ (86) ਦੀ ਕੋਰੋਨਾ ਵਾਇਰਸ ਨਾਲ ਇੰਗਲੈਂਡ ਵਿਖੇ ਮੌਤ ਹੋ ਗਈ।
ਉਹ ਗ੍ਰੇਵਜੈਂਡ (ਕੈਂਟ) ਸ਼ਹਿਰ ਵਿਖੇ ਰਹਿੰਦੇ ਸਨ ਅਤੇ ਯੂ. ਕੇ. ਦੇ ਪ੍ਰਸਿੱਧ ਸਿੱਖ ਆਗੂ ਜਥੇਦਾਰ ਰਾਮ ਸਿੰਘ ਦੀ ਧਰਮ ਪਤਨੀ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜੈਂਡ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢੇਸੀ ਦੀ ਸੱਸ, ਹਰਵਿੰਦਰ ਸਿੰਘ ਬਨਿੰਗ, ਰਵਿੰਦਰ ਸਿੰਘ ਬਨਿੰਗ ਅਤੇ ਸਤਵਿੰਦਰ ਸਿੰਘ ਬਨਿੰਗ ਅਤੇ ਸਰਦਾਰਨੀ ਦਲਵਿੰਦਰ ਕੌਰ ਢੇਸੀ ਦੇ ਪੂਜਨੀਕ ਮਾਤਾ ਜੀ ਸਨ।
ਐੱਮ. ਪੀ. ਢੇਸੀ ਦੇ ਚਾਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਗੁਰਮੇਲ ਸਿੰਘ ਮੱਲ੍ਹੀ ਉੱਘੇ ਕਾਰੋਬਾਰੀ, ਗ੍ਰੇਵਜੈਂਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਦਵਿੰਦਰ ਸਿੰਘ ਮੁੱਠਡਾ ਅਤੇ ਹੋਰਨਾਂ ਨੇ ਵੀ ਉਨ੍ਹਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੀ ਮੌਤ ਤੋ ਬਾਅਦ ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ ਹੈ। ਢੇਸੀ ਕਹਿੰਦੇ ਹਨ ਕਿ ਉਹ ਅੰਤਿਮ ਸਮੇਂ ਆਪਣੇ ਨਾਨੀ ਜੀ ਨੂੰ ਮੋਢਾ ਵੀ ਨਹੀਂ ਦੇ ਸਕੇ।
ਤਨਮਨਜੀਤ ਸਿੰਘ ਢੇਸੀ ਵੱਲੋਂ ਧੰਨਵਾਦ

ਦੁੱਖ ਦੀ ਘੜੀ ਵਿੱਚ ਸ਼ਾਮਿਲ ਹਰ ਸਖਸ਼ ਦਾ ਤਨਮਨਜੀਤ ਸਿੰਘ ਢੇਸੀ ਵੱਲੋਂ ਧੰਨਵਾਦ ਕੀਤਾ ਹੈ। ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਜਹਾਨੋਂ ਤੁਰ ਗਿਆਂ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਦੇਸ਼ ਵਿਦੇਸ਼ ‘ਚੋਂ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਪਰਿਵਾਰ ਦਾ ਦੁੱਖ ਵੰਡਾਇਆ ਹੈ।
ਅਦਾਰਾ “ਪੰਜ ਦਰਿਆ” ਵੀ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੈ।