
ਡਾ.ਅਵਤਾਰ ਸਿੰਘ, ਫਰੀਦਕੋਟ।
2011 ਦੀ ਜਨ ਗਣਨਾ ਅਨੁਸਾਰ ਭਾਰਤ ਅੰਦਰ ਕੁੱਲ ਅਬਾਦੀ ਦਾ ਤਕਰੀਬਨ 69 ਫ਼ੀਸਦੀ ਹਿੱਸਾ ਪਿੰਡਾਂ ਵਿਚ ਤੇ ਕਰੀਬ 31 ਫ਼ੀਸਦੀ ਹਿੱਸਾ ਸ਼ਹਿਰੀ ਖੇਤਰ ਵਿਚ ਰਹਿੰਦਾ ਹੈ I ਪਸ਼ੂ ਪਾਲਣ ਦਾ ਕਿੱਤਾ ਅਪਨਾਉਣ ਵਾਲੇ 90 ਫ਼ੀਸਦੀ ਲੋਕ ਰੂਰਲ ਖੇਤਰ ਵਿੱਚ ਹੀ ਰਹਿੰਦੇ ਹਨ I ਰਾਸ਼ਟਰੀ ਪਸ਼ੂ ਧੰਨ ਵੱਲ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ 2019 ਦੀ ਪਸ਼ੂ ਧੰਨ ਜਨ ਗਣਨਾ ਅਨੁਸਾਰ ਭਾਰਤ ਵਿਚ ਗਾਂਵਾਂ ਦੀ ਕੁੱਲ ਅਬਾਦੀ 192.49 ਮਿਲੀਅਨ, ਮੱਝਾਂ ਦੀ ਕੁੱਲ ਅਬਾਦੀ 109.85 ਮਿਲੀਅਨ, ਭੇਡਾਂ 74.26 ਮਿਲੀਅਨ, ਬੱਕਰੀਆਂ 148.88 ਮਿਲੀਅਨ, ਮਿਥੁਨ ਤੇ ਯਾਕ 302.79 ਮਿਲੀਅਨ, ਸੂਰ 9.06 ਮਿਲੀਅਨ, ਪੋਲਟਰੀ 851.81 ਮਿਲੀਅਨ ਤੇ ਊਠ 0.25 ਮਿਲੀਅਨ ਹਨ I ਸੰਸਾਰ ਭਰ ਵਿਚ ਭਾਰਤ ਗਾਂਵਾਂ ਪਾਲਣ ਵਿਚ ਦੂਜੇ , ਮੱਝਾਂ ਪਾਲਣ ਵਿਚ ਪਹਿਲੇ, ਮਿਥੁਨ ਤੇ ਯਾਕ ਪਾਲਣ ਵਿਚ ਪਹਿਲੇ , ਬੱਕਰੀਆਂ ਪਾਲਣ ਵਿਚ ਦੂਜੇ , ਭੇਡਾਂ ਪਾਲਣ ਵਿਚ ਤੀਜੇ, ਮੁਰਗੀ ਪਾਲਣ ਵਿਚ ਸਤਵੇਂ ਤੇ ਊਠ ਪਾਲਣ ਵਿਚ 10ਵੇਂ ਸਥਾਨ ਤੇ ਹੈ I 2017-2018 ਦੌਰਾਨ ਭਾਰਤ ਨੇ ਦੁੱਧ ਉਤਪਾਦਨ (176.30 ਮਿਲੀਅਨ ਟਨ ), ਮੱਛੀ ਉਤਪਾਦਨ (12.61 ਮਿਲੀਅਨ ਮੀਟ੍ਰਿਕ ਟਨ) ਤੇ ਆਂਡੇ ਉਤਪਾਦਨ (95217 ਮਿਲੀਅਨ) ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ I ਇਸ ਤੋਂ ਇਲਾਵਾ 2017-18 ਦੌਰਾਨ ਭਾਰਤ ਨੇ ਕੁੱਲ 7.70 ਮਿਲੀਅਨ ਟਨ ਮੀਟ ਅਤੇ 41.50 ਮਿਲੀਅਨ ਕਿਲੋਗ੍ਰਾਮਸ ਉੱਨ ਪੈਦਾ ਕੀਤਾ I ਤਕਰੀਬਨ 20.5 ਮਿਲੀਅਨ ਭਾਰਤੀ ਵਸੋਂ ਆਪਣੀ ਰੋਜ਼ੀ ਰੋਟੀ ਲਈ ਪਸ਼ੂ ਪਾਲਣ ਦੇ ਧੰਦੇ ਤੇ ਨਿਰਭਰ ਕਰਦੀ ਹੈ I ਪਸ਼ੂ ਪਾਲਣ ਧੰਦਾ 8.8 ਫ਼ੀਸਦੀ ਭਾਰਤੀ ਵੱਸੋਂ ਨੂੰ ਰੋਜਗਾਰ ਮੁਹਈਆ ਕਰਦਾ ਹੈ I ਪਸ਼ੂ ਪਾਲਣ ਦਾ ਧੰਦਾ ਭਾਰਤੀ ਜੀ.ਡੀ.ਪੀ. (ਗਰੌਸ ਡੋਮੇਸਟਿਕ ਪ੍ਰੋਡਕਟ ) ਵਿਚ 4.11 ਫ਼ੀਸਦੀ ਹਿੱਸਾ ਪਾਉਂਦਾ ਹੈ ਤੇ ਕੁੱਲ ਖੇਤੀਬਾੜੀ ਧੰਦੇ ਦੀ ਜੀ. ਡੀ. ਪੀ. ਦਾ 25.6 ਫ਼ੀਸਦੀ ਹਿੱਸਾ ਪਸ਼ੂ ਪਾਲਣ ਧੰਦੇ ਵੱਲੋਂ ਦਿੱਤਾ ਜਾਂਦਾ ਹੈ I
ਉਪਰੋਕਤ ਜਾਣਕਾਰੀ ਤੋਂ ਸਾਫ ਝਲਕਦਾ ਹੈ ਕੇ ਭਾਰਤ ਦੀ ਪ੍ਰਗਤੀ ਵਿਚ ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਧੰਦੇ ਦੀ ਕਿੰਨੀ ਅਹਿਮੀਅਤ ਹੈ I ਪਰ ਪਿੱਛਲੇ ਤਿੰਨ ਮਹੀਨਿਆਂ ਤੋਂ ਕੋਵਿਡ-19 ਦੇ ਸਹਿਮ ਕਰਕੇ ਪਸ਼ੂ ਪਾਲਕ, ਡੇਅਰੀ ਪਾਲਕ ਤੇ ਮੱਛੀ ਪਾਲਣ ਧੰਦੇ ਨੂੰ ਬੇਹੱਦ ਢਾਹ ਲੱਗੀ ਹੈ ਕਿਓਂ ਕਿ ਲੋਕਾਂ ਵਿਚ ਡਰ ਪੈਦਾ ਹੋ ਗਿਆ ਕੇ ਸ਼ਾਇਦ ਕੋਰੋਨਾ ਦੀ ਮਹਾਂਮਾਰੀ ਮੀਟ, ਮੱਛੀ ਤੇ ਆਂਡਿਆਂ ਰਾਹੀਂ ਫੈਲਦੀ ਹੈ ਜਦੋਂ ਕੇ ਅਜਿਹਾ ਬਿਲਕੁਲ ਵੀ ਨਹੀਂ I ਭਾਰਤ ਸਰਕਾਰ ਨੇ ਸਮੂਹ ਰਾਜਾਂ ਨੂੰ ਬਕਾਇਦਾ ਦਿਸ਼ਾ ਨਿਰਦੇਸ਼ ਜਾਰੀ ਕਰਕੇ ਇਸ ਤਰਾਂ ਦੀ ਗ਼ਲਤ ਫਹਿਮੀ ਨੂੰ ਦੂਰ ਕਰਨ ਲਈ ਉਚੇਚੇ ਤੌਰ ਤੇ ਕਿਹਾ ਜਿਸ ਤਹਿਤ ਸਾਰੇ ਰਾਜਾਂ ਨੇ ਸਮੇਂ ਸਿਰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਰਾਹੀਂ ਫੌਰੀ ਤੌਰ ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਿਚ ਕਾਫੀ ਸਫਲਤਾ ਹਾਸਿਲ ਕੀਤੀ I ਹਾਲਾਂ ਕੇ ਸ਼ੁਰੂ ਸ਼ੁਰੂ ਵਿਚ ਸੋਸ਼ਲ ਮੀਡਿਆ ਰਾਹੀਂ ਨਸ਼ਰ ਹੋਈ ਜਾਣਕਾਰੀ ਅਨੁਸਾਰ ਬਹੁਤ ਸਾਰੇ ਛੋਟੇ ਵੱਡੇ ਪੋਲਟਰੀ ਫਾਰਮ ਵਾਲਿਆਂ ਨੇ ਅਗਿਆਨਤਾ ਵੱਸ ਆਂਡੇ ਤੇ ਮੁਰਗੀਆਂ ਦੇ ਬੱਚੇ ਡਰ ਤੇ ਸਹਿਮ ਕਾਰਨ ਸੁੰਨੀਆਂ ਥਾਂਵਾਂ ਤੇ ਸੁੱਟ ਦਿੱਤੇ ਤੇ ਵਿਵਸਥਿਤ ਮੁਰਗੀ ਫਾਰਮਾਂ ਨੂੰ ਇਸ ਸਹਿਮ ਕਾਰਨ ਵੱਡੇ ਪੱਧਰ ਤੇ ਘਟੀ ਖਪਤ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ I ਪਰ ਸਰਕਾਰ ਨੇ ਤੁਰੰਤ ਧਿਆਨ ਕੇਂਦਰਿਤ ਕਰਕੇ ਇਸ ਤਰਾਂ ਦੀ ਗ਼ਲਤ ਫਹਿਮੀ ਤੇ ਕਾਬੂ ਪਾ ਲਿਆ I ਨਾਲ ਹੀ ਸਰਕਾਰ ਨੇ ਉਚੇਚੇ ਤੌਰ ਤੇ ਫੌਰੀ ਕਦਮ ਉਠਾਉਂਦਿਆਂ ਵੈਟਰਨਰੀ ਸੇਵਾਵਾਂ ਨੂੰ ਜਰੂਰੀ ਸੇਵਾਵਾਂ ਵੱਜੋਂ ਪਸ਼ੂ ਪਾਲਕਾਂ ਤੱਕ ਨਿਰਵਿਘਨ ਪਹੁੰਚਾਉਣ ਦੇ ਮਕਸਦ ਨਾਲ ਵੈਟਰਨਰੀ ਸੰਸਥਾਵਾਂ ਨੂੰ ਕਰਫਿਊ ਦੌਰਾਨ ਬਿਨਾ ਕਿਸੇ ਰੋਕ ਟੋਕ ਤੋਂ ਨਿਰੰਤਰ ਸੇਵਾਵਾਂ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ I ਵੈਟਰਨਰੀ ਤੇ ਪੈਰਾ ਵੈਟਰਨਰੀ ਅਮਲੇ ਨੇ ਕੋਵਿਡ 19 ਦੇ ਭੈਅ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਫਰਜਾਂ ਪ੍ਰਤੀ ਬਣਦੀ ਜਿੰਮੇਂਵਾਰੀ ਬੜੀ ਸੂਝ ਬੂਝ ਤੇ ਜਰੂਰੀ ਅਹਿਤਿਆਤ ਵਰਤਦਿਆਂ ਬਾਖੂਬੀ ਨਿਭਾਈ I ਵੈਟਰਨਰੀ ਸਾਇੰਸ ਤੇ ਰਿਸਰਚ ਸੰਸਥਾਵਾਂ ਦੀ ਅਹਿਮੀਅਤ ਇਥੋਂ ਤੱਕ ਮਹੱਤਵਪੂਰਨ ਸਿੱਧ ਹੋਈ ਕੇ ਕੇਂਦਰ ਸਰਕਾਰ ਨੇ ਇੰਡੀਅਨ ਕਾਊਂਸਿਲ ਆਫ ਐਗਰੀਕਲਚਰਲ ਰਿਸਰਚ (ICAR) ਤਹਿਤ ਸੇਵਾਵਾਂ ਨਿਭਾ ਰਹੇ ਨੈਸ਼ਨਲ ਇੰਸਟੀਟਿਊਟ ਆਫ ਹਾਈ ਸਿਕਿਓਰਿਟੀ ਐਨੀਮਲ ਡਿਸੀਸ (NISAD), ਭੋਪਾਲ ਅਤੇ ਦੋ ਹੋਰ ਸੰਸਥਾਵਾਂ ਜੋ ਕੇ ਹਿਸਾਰ ਅਤੇ ਨਵੀਂ ਦਿੱਲ੍ਹੀ ਵਿਖੇ ਹਨ, ਨੂੰ ਅਧਿਕਾਰਿਤ ਤੌਰ ਤੇ ਕੋਰੋਨਾ ਦੇ ਸੈਪਲ ਲੈਣ ਲਈ ਹੁਕਮ ਜਾਰੀ ਕਰ ਦਿੱਤੇ I
ਜਦੋਂ ਵੀ ਅਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਵੈਟਰਨਰੀ ਸੇਵਾਵਾਂ ਪ੍ਰਦਾਨ ਕਰਦੇ ਅਮਲੇ ਦੀ ਲੋੜ ਪਈ ਤਾਂ ਇਸਨੇ ਵੱਧ ਚੜ੍ਹ ਕੇ ਆਪਣਾ ਫਰਜ ਨਿਭਾਇਆ I ਚਾਹੇ ਸੋਕਾ, ਸੁਨਾਮੀ, ਭੁੱਚਾਲ ਜਾਂ ਹੜ੍ਹਾਂ ਦੀ ਸਥਿਤੀ ਆਵੇ, ਜਾਂ ਸਵਾਈਨ ਫਲੂ ਤੇ ਬਰਡ ਫਲੂ ਦੀ ਮਾਰ ਪਵੇ ਤਾਂ , ਹਰ ਕੁਦਰਤੀ ਆਫ਼ਤ ਸਮੇਂ ਇਸ ਅਮਲੇ ਦੀ ਭੂਮਿਕਾ ਹਮੇਸ਼ਾ ਹਾਂ ਪੱਖੀ ਤੇ ਸਾਰਥਕ ਸਿੱਧ ਹੋਈ ਹੈ I ਭਾਂਵੇਂ ਇਸ ਵੇਲੇ ਚੱਲ ਰਹੀ ਕੋਵਿਡ -19 ਦੀ ਮਹਾਂਮਾਰੀ ਬੇਹੱਦ ਘਾਤਕ ਹੈ, ਪਰ ਵੈਟਰਨਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਮੂਹ ਸਟਾਫ ਨੂੰ ਡਿਊਟੀ ਦੌਰਾਨ ਰਿਸ੍ਕ ਪ੍ਰੋਨ ਹੋਣ ਦੇ ਬਾਵਜੂਦ ਹਾਲੇ ਤੱਕ ਵੀ ਸਰਕਾਰ ਵੱਲੋਂ ਕਿਸੇ ਕਿਸਮ ਦੀ ਬੀਮਾ ਸੁਰੱਖਿਆ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ, ਜੋ ਕੇ ਮਤਰੇਈ ਮਾਂ ਵਾਲੇ ਸਲੂਕ ਦੇ ਸਮਾਨ ਹੈ I ਜਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਅਮਲੇ ਫੈਲੇ ਨੂੰ ਬੀਮਾ ਸੁਰੱਖਿਆ ਯੋਜਨਾ ਦਾ ਲਾਭ ਦੇਣਾ ਕੇਂਦਰ ਤੇ ਰਾਜ ਸਰਕਾਰਾਂ ਦੀ ਨੈਤਿਕ ਜਿਮੇਂਵਾਰੀ ਬਣਦੀ ਹੈ I ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਅੰਦਰ ਵੈਟਰਨਰੀ ਤੇ ਪੈਰਾ ਵੈਟਰਨਰੀ ਸਟਾਫ ਦੀ ਬਹੁਤ ਘਾਟ ਹੈ I ਕਈ ਵੈਟਰਨਰੀ ਹੱਸਪਤਾਲਾਂ ਵਿੱਚ ਤਾਂ ਦਰਜਾਚਾਰ ਕਰਮਚਾਰੀ ਤੱਕ ਨਹੀਂ ਹਨ I ਇਸ ਤਰਾਂ ਦੀ ਸਥਿਤੀ ਅੰਦਰ ਵੀ ਇੱਕ ਇੱਕ ਅਧਿਕਾਰੀ ਨੂੰ ਦੋ ਦੋ ਸੰਸਥਾਵਾਂ ਦੇ ਚਾਰਜ ਤੱਕ ਦਿੱਤੇ ਗਏ ਹਨ I ਜਿਸ ਕਰਕੇ ਸੁਹਿਰਦਤਾ ਭਰਪੂਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ I ਹਾਲਾਂ ਕਿ ਫੇਰ ਵੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਵੈਟਰਨਰੀ ਡਾਕਟਰਾਂ ਤੇ ਪੈਰਾ ਵੈਟਰਨਰੀ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ I ਪਰ ਇਸ ਤਰਾਂ ਕਿਓਂ ? ਵੈਟਰਨਰੀ ਕਿੱਤੇ ਪ੍ਰਤੀ ਸਰਕਾਰ ਦੀ ਬੇਰੁਖੀ ਕਿਓਂ ? ਸਮੂਹ ਰਾਜ ਸਰਕਾਰਾਂ ਨੂੰ ਤੁਰੰਤ ਧਿਆਨ ਕੇਂਦਰਿਤ ਕਰਦੇ ਹੋਏ ਉਚੇਚੇ ਤੌਰ ਤੇ ਵੈਟਰਨਰੀ ਸਟਾਫ ਲਈ ਸੁਰੱਖਿਆ ਯੋਜਨਾ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਕਿ ਪਸ਼ੂ ਪਾਲਕਾਂ ਨੂੰ ਨਿਰਵਿਘਨ ਤੇ ਸੁਹਿਰਦਤਾ ਭਰਪੂਰ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ I ਜਿੰਦਗੀ ਜਿੰਨੀ ਪਿਆਰੀ ਹੋਰ ਖੇਤਰ ਦੇ ਜਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਮੁਲਾਜਮ ਤਬਕੇ ਨੂੰ ਹੈ ਓਨੀ ਹੀ ਵੈਟਰਨਰੀ ਸੇਵਾਵਾਂ ਪ੍ਰਦਾਨ ਕਰ ਰਹੇ ਅਮਲੇ ਨੂੰ ਵੀ ਹੈ I ਪਤਾ ਨਹੀਂ ਕੀ ਸੋਚ ਕੇ ਹਾਲੇ ਤੱਕ ਇਸ ਤਰਾਂ ਦਾ ਰਵਈਆ ਅਪਣਾਇਆ ਜਾ ਰਿਹਾ ਹੈ I ਉਹ ਵੱਖਰੀ ਗੱਲ ਹੈ ਕਿ ਸਟਾਫ਼ ਦੀ ਏਨੀ ਘਾਟ ਹੋਣ ਦੇ ਬਾਵਜੂਦ ਵੀ ਪਸ਼ੂ ਪਾਲਕਾਂ ਦੇ ਹਿਤ ਵਿੱਚ ਆਪਣੇ ਫਰਜਾਂ ਨੂੰ ਸਮਰਪਿਤ ਹੋ ਕੇ ਉਚੇਚੇ ਤੌਰ ਤੇ ਸੇਵਾਵਾਂ ਦੇਣ ਲਈ ਇਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਸਦਾ ਤਤਪਰ ਰਹਿੰਦੇ ਹਨ I ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਥੇ ਟੀਚਿਆਂ ਨੂੰ ਪ੍ਰਾਪਤ ਕਰਨ ਤੇ ਐਮਰਜੇਂਸੀ ਸੇਵਾਵਾਂ ਦੇਣ ਵੇਲੇ ਇਸ ਕਿੱਤੇ ਨਾਲ ਸੰਬੰਧਿਤ ਮਿਹਨਤੀ ਤੇ ਅਣਥੱਕ ਅਮਲੇ ਨੇ ਹਮੇਸ਼ਾ ਸੂਬੇ ਤੇ ਰਾਸ਼ਟਰ ਨਿਰਮਾਣ ਵਿੱਚ ਬਣਦਾ ਯੋਗ ਤੇ ਢੁਕਵਾਂ ਰੋਲ ਅਦਾ ਕੀਤਾ I ਇਸ ਕਰਕੇ ਉਪਰੋਕਤ ਤੱਥਾਂ ਨੂੰ ਮੁਖ ਰੱਖਦਿਆਂ ਕਿੰਨੀ ਸੁਹਿਰਦਤਾ ਨਾਲ ਰਾਜ ਤੇ ਕੇਂਦਰ ਸਰਕਾਰ ਤੁਰੰਤ ਧਿਆਨ ਕੇਂਦਰਿਤ ਕਰਕੇ ਇਸ ਕਿੱਤੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਾਸਤੇ ਕੋਰੋਨਾ ਮਹਾਂਮਾਰੀ ਦੀ ਚੱਲ ਰਹੀ ਇਸ ਸੰਕਟ ਦੀ ਘੜੀ ਵਿੱਚ ਸਰਕਾਰੀ ਬੀਮਾ ਯੋਜਨਾ ਦਾ ਐਲਾਨ ਕਰੇਗੀ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ I
ਡਾਕਟਰ ਅਵਤਾਰ ਸਿੰਘ
ਗਰੀਨ ਐਵੀਨਿਊ, ਫਰੀਦਕੋਟ
ਫੋਨ : 09814336134