ਅਸ਼ੋਕ ਵਰਮਾ
ਬਠਿੰਡਾ-ਕੀ ਪੰਜਾਬ ਦੀ ਹਾਟ ਸੀਟ ਮੰਨੀ ਜਾਂਦੀ ਗਿੱਦੜਬਾਹਾ ਦੀ ਜਿਮਨੀ ਚੋਣ ਦੌਰਾਨ ਭਾਜਪਾ ਦੇ ਸੰਭਾਵੀ ਉਮੀਦਵਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਾਹ ’ਚ ਉਨ੍ਹਾਂ ਦੇ ਵਿਰੋਧੀ ਰਹੇ ਉਹ ਸਿਆਸੀ ਆਗੂ ਕੰਡੇ ਬੀਜ ਸਕਦੇ ਹਨ ਜੋ ਹੁਣ ਬੀਜੇਪੀ ’ਚ ਹਨ। ਇੰਨ੍ਹਾਂ ’ਚ ਬਠਿੰਡਾ ਸ਼ਹਿਰੀ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਕਾਂਗਰਸੀ ਵਿਧਾਇਕ ਤੇ ਭਾਜਪਾ ਆਗੂ ਹਰਮਿੰਦਰ ਸਿੰਘ ਜੱਸੀ ਸ਼ਾਮਲ ਹਨ ਜਿੰਨ੍ਹਾਂ ਦਾ ਪਿਛਲਾ ਰਿਕਾਰਡ ਦੇਖੀਏ ਤਾਂ ਇਹ ਸੰਭਾਵਨਾ ਨਜ਼ਰ ਆਉਂਦੀ ਹੈ। ਜਿਮਨੀ ਚੋਣ ਦੇ ਮੱਦੇਨਜ਼ਰ ਸਿੰਗਲਾ ਗੁਰੂਸਰ ਅਤੇ ਜੱਸੀ ਦੋਦਾ ਮੰਡਲ ਦੇ ਕੁਆਰਡੀਨੇਟਰ ਬਣਾਏ ਗਏ ਹਨ। ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਿਹਤ ਸਬੰਧੀ ਮਸਲਿਆਂ ਤੋਂ ਉਭਰਨ ਮਗਰੋਂ ਗਿੱਦੜਬਾਹਾ ਜ਼ਿਮਨੀ ਚੋਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ।
ਪਤਾ ਲੱਗਿਆ ਹੈ ਕਿ ਭਾਜਪਾ ਨੇ ਉਨ੍ਹਾਂ ਦਾ ਨਾਮ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਲਈ ਲੱਗਭਗ ਤੈਅ ਕਰ ਲਿਆ ਹੈ। ਭਾਜਪਾ ਪੰਜਾਬ ਨੇ ਇਸ ਚੋਣ ਨੂੰ ਬੇਹੱਦ ਸੰਜੀਦਗੀ ਨਾਲ ਲੈਂਦਿਆਂ ਗਿੱਦੜਬਾਹਾ ਹਲਕੇ ’ਚ ਪੈਂਦੇ ਪੰਜ ਮੰਡਲਾਂ ਲਈ ਕੁਆਰਡੀਨੇਟਰ ਅਤੇ ਸਹਾਇਕ ਕੁਆਰਡੀਨੇਟਰ ਨਿਯੁਕਤ ਕੀਤੇ ਹਨ। ਸਮੱਸਿਆ ਇਹ ਹੈ ਕਿ ਜੱਸੀ ਅਤੇ ਸਿੰਗਲਾ ਦਾ ਪਿਛੋਕੜ ’ਚ ਮਨਪ੍ਰੀਤ ਬਾਦਲ ਨਾਲ ਸਿਆਸੀ ਤੌਰ ਤੇ ਛੱਤੀ ਦਾ ਅੰਕੜਾ ਰਿਹਾ ਹੈ। ਇਸ ਮਾਮਲੇ ਨੂੰ ਲੈਕੇ 8 ਸਾਲ ਪਿੱਛੇ ਸਾਲ 2016 ਵਿੱਚ ਚੱਲਦੇ ਹਾਂ ਜਦੋਂ ਮਨਪ੍ਰੀਤ ਬਾਦਲ ਨੇ ਆਪਣੀ ਪੀਪਲਜ਼ ਪਾਰਟੀ ਦਾ ਰਲੇਵਾਂ ਕਰਕੇ ਕਾਂਗਰਸ ’ਚ ਸ਼ਮੂਲੀਅਤ ਕੀਤੀ ਸੀ ਤਾਂ ਉਸ ਵਕਤ ਹਰਮਿੰਦਰ ਸਿੰਘ ਜੱਸੀ ਬਠਿੰਡਾ ਸ਼ਹਿਰੀ ਹਲਕੇ ’ਚ ਕਾਂਗਰਸ ਦੇ ਹਲਕਾ ਇੰਚਾਰਜ ਵਜੋਂ ਪਾਰਟੀ ਦੀਆਂ ਸਰਗਰਮੀਆਂ ਚਲਾ ਰਹੇ ਸਨ।
ਸਾਲ 2017 ਦੀਆਂ ਚੋਣਾਂ ਮੌਕੇ ਜੱਸੀ ਦਾਅਵੇਦਾਰ ਸੀ ਪਰ ਕਾਂਗਰਸ ਨੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾ ਲਿਆ ਤਾਂ ਜੱਸੀ ਨੂੰ ਨਾਂ ਚਾਹੁੰਦਿਆਂ ਵੀ ਬਠਿੰਡਾ ਛੱਡਣਾ ਪਿਆ ਸੀ। ਸੂਤਰ ਦੱਸਦੇ ਹਨ ਕਿ ਇਹ ਟੀਸ ਜੱਸੀ ਦੇ ਮਨ ’ਚ ਅੱਜ ਵੀ ਰੜਕਦੀ ਹੈ । ਇਸ ਤੋਂ ਪਹਿਲਾਂ ਜੱਸੀ ਨੇ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਤੱਤਕਾਲੀ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੂੰ ਹਰਾਇਆ ਸੀ ਪਰ ਸਾਲ 2012 ’ਚ ਉਹ ਸਿੰਗਲਾ ਹੱਥੋਂ ਹਾਰ ਗਏ ਸਨ ਜਿਸ ਤੋਂ ਬਾਅਦ ਉਹ ਬਠਿੰਡਾ ’ਚ ਹਲਕਾ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੇ ਸਨ। ਇਸ ਸਿਆਸੀ ਭੇੜ ਦਾ ਦੂਸਰਾ ਚਿਹਰਾ ਸਰੂਪ ਚੰਦ ਸਿੰਗਲਾ ਦਾ ਹੈ ਜੋਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਹੱਥੋਂ ਹਾਰ ਗਏ ਸਨ। ਪੰਜਾਬ ਸਰਕਾਰ ’ਚ ਬਤੌਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਠਿੰਡਾ ’ਚ ਵੱਡਾ ਸਿਆਸੀ ਦਬਦਬਾ ਰਿਹਾ ਹੈ।
Ñਲਗਾਤਰ ਪੰਜ ਸਾਲ 2022 ਤੱਕ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਬਾਦਲ ਦੀ ਕੀਤੀ ਗਈ ਵਿਰੋਧਤਾ ਕਾਰਨ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਤੇ ਸਿੰਗਲਾ ’ਚ ਤਾਂ ਅਕਸਰ ਖੜਕਦੀ ਰਹਿੰਦੀ ਦੇਖੀ ਜਾ ਸਕਦੀ ਸੀ। ਇਸੇ ਦੌਰਾਨ ਕਾਂਗਰਸ ਸਰਕਾਰ ਦੇ ਰਾਜ ਭਾਗ ਦਰਮਿਆਨ ਮਨਪ੍ਰੀਤ ਬਾਦਲ ਨੇ ਬਠਿੰਡਾ ’ਚ ਆਪਣੀ ਰਿਹਾਇਸ਼ ਬਣਾਉਣ ਲਈ ਬਠਿੰਡਾ ਵਿਕਾਸ ਅਥਾਰਟੀ ਤੋਂ ਦੋ ਪਲਾਟ ਖਰੀਦ ਲਏ । ਇਸ ਖਰੀਦੋ ਫਰੋਖਤ ਦੌਰਾਨ ਬੇਨਿਯਮੀਆਂ ਦੇ ਦੋਸ਼ ਲਾਉਂਦਿਆਂ ਸਰੂਪ ਸਿੰਗਲਾ ਨੇ ਸ਼ਕਾਇਤ ਪੰਜਾਬ ਸਰਕਾਰ ਨੂੰ ਕਰ ਦਿੱਤੀ। ਇਸ ਦੌਰਾਨ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਮਨਪ੍ਰੀਤ ਬਾਦਲ ਨੂੰ ਅਤੇ ਅਕਾਲੀ ਦਲ ਨੇ ਸਰੂਪ ਸਿੰਗਲਾ ਨੂੰ ਉਮੀਦਵਾਰ ਬਣਾ ਲਿਆ ਪਰ ਆਮ ਆਦਮੀ ਪਾਰਟੀ ਦੀ ਸੁਨਾਮੀ ਕਾਰਨ ਦੋਵਾਂ ਦੀ ਹਾਰ ਹੋਈ ਸੀ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਪਣੇ ਚਚੇਰੇ ਭਰਾ ਦੀ ਮਨਪ੍ਰੀਤ ਬਾਦਲ ਦੀ ਸਹਾਇਤਾ ਕਰਨ ਦੇ ਦੋਸ਼ ਲਾਉਂਦਿਆਂ ਸਰੂਪ ਸਿੰਗਲਾ ਨੇ ਪਾਰਟੀ ਛੱਡ ਭਾਜਪਾ ’ਚ ਸ਼ਮੂਲੀਅਤ ਕਰ ਲਈ ਅਤੇ ਮਨਪ੍ਰੀਤ ਬਾਦਲ ਵੀ ਬੀਜੇਪੀ ’ਚ ਸ਼ਾਮਲ ਹੋ ਗਏ। ਪੰਜਾਬ ’ਚ ਸਰਕਾਰ ਬਦਲਦਿਆਂ ਸਿੰਗਲਾ ਦੀ ਸ਼ਕਾਇਤ ਤੇ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਨੇ ਕੇਸ ਦਰਜ ਕਰ ਲਿਆ ਜਿਸ ਦੀ ਸਿੰਗਲਾ ਵੱਲੋਂ ਲਗਾਤਾਰ ਪੈਰਵਾਈ ਕੀਤੀ ਜਾ ਰਹੀ ਹੈ। ਇਸੇ ਕਾਰਨ ਜਿਉਂ ਹੀ ਭਾਜਪਾ ਨੇ ਮੰਡਲ ਕੁਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਹੈ ਤਾਂ ਨਵੇਂ ਸਿਆਸੀ ਕਿਆਸ ਸ਼ੁਰੂ ਹੋ ਗਏ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਤਿੰਨਾਂ ਆਗੂਆਂ ਦੀ ਸੁਲਹਾ ਕਰਵਾ ਦਿੰਦੀ ਹੈ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਇਹ ਸਿਆਸੀ ਜੰਗ ਪਾਰਟੀ ਤੇ ਸ੍ਰੀ ਬਾਦਲ ਦੋਵਾਂ ਲਈ ਘਾਤਕ ਸਿੱਧ ਹੋ ਸਕਦੀ ਹੈ।
ਇਹ ਜਿਮਨੀ ਚੋਣ ਮਨਪ੍ਰੀਤ ਬਾਦਲ ਅਤੇ ਪੰਜਾਬ ’ਚ ਸਿਆਸੀ ਪੈਰ ਜਮਾਉਣ ਲਈ ਸੰਘਰਸ਼ ਕਰ ਰਹੀ ਭਾਜਪਾ ਲਈ ਵੱਡੀ ਅਹਿਮੀਅਤ ਰੱਖਦੀ ਹੈ। ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉੁਨ੍ਹਾਂ ਦੀ ਡਿਊਟੀ ਹੁਣ ਬਰਨਾਲਾ ’ਚ ਹੈ। ਉਨ੍ਹਾਂ ਕਿਹਾ ਕਿ ਜੇ ਡਿਊਟੀ ਲੱਗਦੀ ਤਾਂ ਬਿਨਾਂ ਲਾਗ ਲਪੇਟ ਉਹ ਭਾਜਪਾ ਲਈ ਵੋਟਾਂ ਮੰਗਦੇ। ਅਚਾਨਕ ਡਿਊਟੀ ਕੱਟਣ ’ਜਾਂ ਕਟਾਉਣ ਸਬੰਧੀ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਰਮਿੰਦਰ ਸਿੰਘ ਜੱਸੀ ਨੇ ਫੋਨ ਨਹੀਂ ਚੁੱਕਿਆ। ਗਿੱਦੜਬਾਹਾ ਹਲਕੇ ਦੇ ਕੁਆਰਡੀਨੇਟਰ ਅਵਿਨਾਸ਼ ਰਾਏ ਖੰਨਾ ਨੇ ਮਗਰੋਂ ਗੱਲ ਕਰਨ ਬਾਰੇ ਕਿਹਾ ਅਤੇ ਫੋਨ ਲਗਾਤਰ ਪਹੁੰਚ ਤੋਂ ਬਾਹਰ ਆਉਂਦਾ ਰਿਹਾ। ਸਹਾਇਕ ਕੁਆਰਡੀਨੇਟਰ ਦਿਆਲ ਸੋਢੀ ਨੇ ਫੋਨ ਕੱਟ ਦਿੱਤਾ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਜਿਆਦਾ ਜਾਣਕਾਰੀ ਨਹੀਂ ਹੈ।