
ਫਗਵਾੜਾ 27 ਸਤੰਬਰ (ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਥਾਨਕ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੁਰੂ ਹਰਗੋਬਿੰਦ ਨਗਰ ਸਥਿਤ ਚੌਪਾਟੀ ਆਦਿ ਤੋਂ ਵਰਤੇ ਗਏ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕੀਤਾ ਗਿਆ। ਇਸ ਦੌਰਾਨ ਆਮ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ ਵਿੱਚ ਇਕੱਠਾ ਕਰਨ ਬਾਰੇ ਜਾਗਰੂਕ ਕਰਨ ਦੇ ਨਾਲ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੀ ਸਰਲ ਵਿਧੀ ਦੱਸੀ ਗਈ। ਸਵੱਛ ਭਾਰਤ ਮਿਸ਼ਨ ਦੀ ਪ੍ਰਤੀਨਿਧ ਪੂਜਾ ਸ਼ਰਮਾ ਨੇ ਲੋਕਾਂ ਨੂੰ ਘਰ ਵਿੱਚ ਹੀ ਗਿੱਲੇ ਕੂੜੇ ਤੋਂ ਖਾਦ ਬਣਾਉਣ ਦੀ ਵਿਧੀ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਜੈਵਿਕ ਖਾਦ ਗਮਲਿਆਂ ਵਿੱਚ ਉਗਾਏ ਬੂਟਿਆਂ ਅਤੇ ਘਰੇਲੂ ਬਗੀਚੀਆਂ ਵਿਚ ਉਗਾਈਆਂ ਜਾਣ ਵਾਲੀਆਂ ਸਬਜੀਆਂ ਲਈ ਬਹੁਤ ਹੀ ਲਾਭਦਾਇਕ ਹੈ। ਇਸ ਦੌਰਾਨ ਸੈਨੀਟੇਸ਼ਨ ਇੰਸਪੈਕਟਰ ਹਿਤੇਸ਼ ਸ਼ਰਮਾ, ਨਾਮਦੇਵ ਅਤੇ ਜਤਿੰਦਰ ਵਿੱਜ ਆਦਿ ਨੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਮੁਹਿੰਮ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸ਼ੁਰੂ ਕੀਤੀ ਗਈ ਹੈ ਜੋ 2 ਅਕਤੂਬਰ ਨੂੰ ਗਾਂਧੀ ਜਯੰਤੀ ਤੱਕ ਜਾਰੀ ਰਹੇਗੀ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਮਨੀਸ਼ ਕਨੌਜੀਆ, ਰਾਜਕੁਮਾਰ ਕਨੌਜੀਆ, ਸ਼ਿਵਮ ਸ਼ਰਮਾ ਆਦਿ ਹਾਜਰ ਸਨ।