ਲੰਮੇ ਸਮੇਂ ਤੋਂ ਯੂਕੇ ਵਿੱਚ ਕਲਾ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਉਪਰਾਲੇ ਕਰ ਰਿਹੈ ਮਹਿਮੀ ਜੋੜਾ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ/ ਪੰਜ ਦਰਿਆ ਬਿਊਰੋ)
ਯੂਕੇ ਭੰਗੜਾ ਐਵਾਰਡਜ਼ 2023 ਦੀ ਲੜੀ ਵਜੋਂ ਇਸ ਵਾਰ ਦਸਵੇਂ ਸਨਮਾਨ ਸਮਾਰੋਹ ਦੌਰਾਨ ਯੂਕੇ ‘ਚ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਬਦਲੇ ਮੁਕੇਸ਼ ਮਹਿਮੀ ਤੇ ਸੁਨੀਤਾ ਮਹਿਮੀ ਨੂੰ ਵੀ ਵਿਸ਼ੇਸ਼ ਸਨਮਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮਹਿਮੀ ਜੋੜੇ ਵੱਲੋਂ ਯੂਕੇ ਗਿੱਧਾ ਕੰਪੀਟੀਸ਼ਨ ਦੇ ਨਾਮ ਹੇਠ ਸਮੇਂ ਸਮੇਂ ‘ਤੇ ਵੱਖ ਵੱਖ ਸ਼ਹਿਰਾਂ ‘ਚ ਵੱਡੇ ਪੱਧਰ ‘ਤੇ ਗਿੱਧਾ ਮੁਕਾਬਲੇ ਕਰਵਾਏ ਗਏ ਹਨ। ਬਰਤਾਨੀਆ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਦਾ ਝੰਡਾ ਬੁਲੰਦ ਰੱਖਣ ਲਈ ਮੁਕੇਸ਼ ਮਹਿਮੀ ਤੇ ਸੁਨੀਤਾ ਮਹਿਮੀ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋਇਆ ਹੈ ਕਿ ਗਿੱਧਾ ਮੁਕਾਬਲਿਆਂ ਵਿੱਚ ਦੂਰ ਦੂਰ ਤੋਂ ਗਿੱਧਾ ਟੀਮਾਂ ਹਾਜ਼ਰੀ ਲਗਵਾਉਣ ਲਈ ਪਹੁੰਚਦੀਆਂ ਹਨ। ਪੰਜ ਦਰਿਆ ਨਾਲ ਗੱਲਬਾਤ ਦੌਰਾਨ ਮੁਕੇਸ਼ ਮਹਿਮੀ ਤੇ ਸੁਨੀਤਾ ਮਹਿਮੀ ਨੇ ਕਿਹਾ ਕਿ ਯੂਕੇ ਭੰਗੜਾ ਐਵਾਰਡਜ਼ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਹਨਾਂ ਨੇ ਸਾਡੇ ਤੁੱਛ ਜਿਹੇ ਉਪਰਾਲਿਆਂ ਨੂੰ ਇੰਨਾ ਵੱਡਾ ਸਨਮਾਨ ਦੇ ਕੇ ਨਿਵਾਜਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਮਿਲੇ ਸਨਮਾਨ ਤੁਹਾਡੀਆਂ ਜ਼ਿੰਮੇਵਾਰੀਆਂ ‘ਚ ਵਾਧਾ ਕਰਦੇ ਹਨ ਤੇ ਤੁਹਾਨੂੰ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਦੀ ਊਰਜਾ ਮਿਲਦੀ ਹੈ। ਸੁਨੀਤਾ ਮਹਿਮੀ ਨੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਸਰੀਰ ‘ਚ ਸਾਹ ਚਲਦੇ ਹਨ, ਪੰਜਾਬੀ ਸੱਭਿਆਚਾਰ ਤੇ ਕਲਾ ਦੀ ਬਿਹਤਰੀ ਲਈ ਕੰਮ ਕਰਦੇ ਰਹਾਂਗੇ।