ਗੁਰਪ੍ਰੀਤ ਸਿੰਘ ਮਿੰਟੂ ਨੂੰ ਮਿਲ ਕੇ ਦਿੱਤੀ ਸ਼ਾਬਾਸ਼
ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)”ਬੇਸਹਾਰਾ ਲੋਕਾਂ ਨੂੰ ਉਹਨਾਂ ਦੇ ਸੁਪਨਿਆਂ ਦਾ ਘਰ ਮੁਹੱਈਆ ਕਰਵਾਉਣ ਲਈ ਸਰਗਰਮ ਗੁਰਪ੍ਰੀਤ ਸਿੰਘ ਮਿੰਟੂ ਦੇ ਉਪਰਾਲਿਆਂ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਹਨਾਂ ਵੱਲੋਂ ਬਹੁਤ ਹੀ ਸਲੀਕੇ, ਸਮਝਦਾਰੀ ਤੇ ਜਨੂੰਨ ਨਾਲ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਵੋਇਸ ਆਫ ਵੂਮੈਨ ਲੰਡਨ ਦੀ ਚੇਅਰਪਰਸਨ ਸੁਰਿੰਦਰ ਕੌਰ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਵੱਲੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਦੇ ਕਾਰਜਾਂ ਨੂੰ ਨੇੜਿਉਂ ਦੇਖਣ ਲਈ ਸੰਸਥਾ ਦਾ ਦੌਰਾ ਕੀਤਾ ਗਿਆ ਸੀ। ਉਹਨਾਂ ਬਹੁਤ ਹੀ ਭਾਵੁਕਤਾ ਨਾਲ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਦੇਖ ਕੇ ਜਿੱਥੇ ਮਨ ਨੂੰ ਸਕੂਨ ਮਿਲਿਆ ਉੱਥੇ ਆਪਣੇ ਫਰਜ਼ ਦਾ ਅਹਿਸਾਸ ਵੀ ਹੋਇਆ। ਉਹਨਾਂ ਕਿਹਾ ਕਿ ਬਹੁਤ ਚਿਰ ਦੀ ਤਮੰਨਾ ਸੀ ਕਿ ਗੁਰਪ੍ਰੀਤ ਸਿੰਘ ਵੱਲੋਂ ਕੀਤੇ ਕਾਰਜਾਂ ਨੂੰ ਦੇਖਿਆ ਜਾਵੇ। ਗੁਰਪ੍ਰੀਤ ਸਿੰਘ ਨੂੰ ਮਿਲ ਕੇ ਇਉਂ ਮਹਿਸੂਸ ਹੋਇਆ ਜਿਵੇਂ ਉਹ ਬਣਿਆ ਹੀ ਲੋਕ ਸੇਵਾ ਲਈ ਹੋਵੇ।





