ਔਕਲੈਂਡ 25 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਜ਼ਿਲ੍ਹਾ ਮੋਗਾ ਦਾ ਇਕ ਇਤਿਹਾਸਕ ਪਿੰਡ ‘ਲੋਪੋ’ ਅੱਜਕਲ੍ਹ ਪਿੰਡ ਦੇ ਅੰਤਰਰਾਸ਼ਟਰੀ ਕਬੱਡੀ ਸਟਾਰ ‘ਗੱਗੀ ਲੋਪੋ’ (ਗੱਗੀ ਧਾਲੀਵਾਲ) ਦੇ ਨਾਂਅ ਨਾਲ ਕਾਫੀ ਜਾਣਿਆ ਜਾਂਦਾ ਹੈ। ਕਬੱਡੀ ਸੰਸਾਰ ਦੇ ਵਿਚ ਇਥੇ ਦੇ ਖਿਡਾਰੀਆਂ ਨੇ ਵੱਡੀ ਪਹਿਚਾਣ ਬਣਾਈ ਹੈ।
1994 ਤੋਂ ਪਿੰਡ ਦੀ ਕਬੱਡੀ, ਪੰਜਾਬ ਦੀ ਕਬੱਡੀ ਅਤੇ ਫਿਰ ਅੰਤਰਰਾਸ਼ਟਰੀ ਪੱਧਰ ਤੱਕ ਕੈਨੇਡਾ, ਇੰਗਲੈਂਡ ਤੇ ਨਿਊਜ਼ੀਲੈਂਡ ਤੱਕ ਖੇਡ ਚੁੱਕਾ ਹੈ। ਇਹ ਖਿਡਾਰੀ ਕਬੱਡੀ ਦਾ ਇਕ ਹੋਣਹਾਰ ਜਾਫੀ (ਸਟੌਪਰ) ਸੀ। ‘ਹਰਜੀਤ ਤਲਵਾਰ ਕਬੱਡੀ ਅਕੈਡਮੀ’ ਦਾ ਇਹ ਪ੍ਰਧਾਨ ਸੀ ਤੇ ਕਬੱਡੀ ਖਿਡਾਰੀਆਂ ਨੂੰ ਟ੍ਰੇਨਿੰਗ ਦਿਆ ਕਰਦਾ ਸੀ। ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਦੇ ਨਾਲ ਵੀ ਇਹ ਖੇਡ ਚੁੱਕਿਆ ਸੀ। ਬੀਤੇ ਦਿਨ ਗੱਗੀ ਲੋਪੋ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਅਤੇ ਕਬੱਡੀ ਜਗਤ ਨੂੰ ਇਹ ਸਦੀਵੀ ਵਿਛੋੜਾ ਦੇ ਗਿਆ। ਇਸ ਹੋਣਹਾਰ ਕਬੱਡੀ ਖਿਡਾਰੀ ਦੇ ਬੇਵਕਤੇ ਤੁਰ ਜਾਣ ਉਤੇ ‘ਮਾਲਵਾ ਸਪੋਰਟਸ ਐਂਡ ਕਲਚਕਰਲ ਕਲੱਬ’ ਨਿਊਜ਼ੀਲੈਂਡ ਦੇ ਸਾਰੇ ਮੈਂਬਰਜ਼ ਅਤੇ ਅਹੁਦੇਦਾਰਾਂ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ। ਅੱਜ ਇਸ ਕਬੱਡੀ ਖਿਡਾਰੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਹ ਆਪਣੇ ਪਿੱਛੇ ਆਪਣੀ ਪਤਨੀ ਸੰਦੀਪ ਕੌਰ ਅਤੇ ਪੁੱਤਰ ਅਵਿਕਾਸ਼ ਸਿੰਘ ਧਾਲੀਵਾਲ ਛੱਡ ਗਏ ਹਨ। ਕਬੱਡੀ ਨੂੰ ਆਪਣੀ ਜ਼ਿੰਦ ਜਾਨ ਸਮਝਣ ਵਾਲੇ ਗੱਗੀ ਲੋਪੋ ਨੂੰ ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ਼ ਬਖਸ਼ੇ।