ਰਜਨੀ ਵਾਲੀਆ

ਕਦੀ ਤਾਂ ਚਿਤ ਕਰਦਾ ਏ,
ਮੈਂ ਨੇਤਾ ਬਣ ਜਾਵਾਂ।
ਨਿਤ ਝੂਟਾਂ ਨਵੀਆਂ ਕਾਰਾਂ ਤੇ,
ਨਵੇਂ ਨਿਯਮ ਬਣਾਵਾਂ।
ਲੋਕੀ ਮੰਨਣ ਮੇਰੀ ਹਰ ਇੱਕ ਗੱਲ ਕਹੀ,
ਜੋ ਵੀ ਬਹਿ ਕੇ ਕੁਰਸੀ ਤੇ ਮੈਂ ਹੁਕਮ ਚਲਾਵਾਂ।
ਝੁਕ ਝੁਕ ਕਰਨ ਸਲਾਮਾਂ ਮੈਨੂੰ ਲੋਕ ਸਾਰੇ,
ਬੋਰੇ ਭਰ ਭਰ ਨਿੱਤ ਯਾਰਾ ਮੈਂ ਨੋਟ ਕਮਾਵਾਂ।
ਮੱਧ ਵਰਗੀ ਇਨਸਾਨਾਂ ਨੂੰ ਮਜਬੂਰ ਕਰਾਂ ਮੈਂ,
ਮੰਗਿਆਈ ਕਰਕੇ ਹੋਰ ਘਰ ਥੀਂ ਜਸ਼ਨ ਕਰਾਵਾਂ।
ਰੈਲੀ ਵਿੱਚ ਝੂਠੇ ਲਾਰੇ ਲਾਵਾਂ ਲੋਕੀ ਵੋਟ ਪਾਵਣ,
ਜਿੱਤ ਕੇ ਠੋਕਰਾਂ ਮਾਰਾਂ ਕਦੇ ਨਾ ਠੋਕਰ ਖਾਵਾਂ।
ਬੈਠ ਜੀਆਂ ਨਾਲ ਮੈਂ ਤਾਂ ਖਾਵਾਂ ਚੋਪੜੀਆਂ,
ਜਨਤਾ ਦੀ ਸੁੱਕੀ ਵੀ ਮੂੰਹ ਚੋਂ ਕੱਢ ਲਿਆਵਾਂ।
ਜਿੰਨਾਂ ਲੋਕਾਂ ਕੀਤਾ ਏ ਵਿਸ਼ਵਾਸ ਮੇਰੇ ਤੇ,
ਉਹਨਾਂ ਲੋਕਾਂ ਨਾਲ ਹੀ ਜੀ ਕਰੇ ਦਗਾ ਕਮਾਵਾਂ।
ਮੈਂ ਆਪਣੇ ਬਾਲਾਂ ਬੱਚਿਆਂ ਦੇ ਹੀ ਸੁੱਖ ਲੋਚਾਂ,
ਲੋਕਾਂ ਦੀ ਗਰੀਬੀ ਦਾ ਮਜਾਕ ਉਡਾਵਾਂ।
ਮੀਡੀਆ ਵਾਲੇ ਹਰ ਦਮ ਮੈਨੂੰ ਵਾਚ ਕਰਨ,
ਅਨਪੜ੍ਹ ਹੋ ਕੇ ਮੈਂ ਕੁਰਸੀ ਦਾ ਦਾਅਵਾ ਪਾਵਾਂ।
ਬਿਨ ਮਿਹਨਤ ਜੋ ਦੌਲਤ ਹਰਾਮ ਹੁੰਦੀ ਏ,
ਓਹੀ ਦੌਲਤ ਬੱਚਿਆਂ ਲਈ ਮੈਂ ਘਰ ਲੈ ਜਾਵਾਂ।
ਉਮਰ ਚਾਹੇ ਹੋ ਜਾਵੇ ਮੇਰੀ ਸਿਵਿਆਂ ਦੀ,
ਸੇਵਾ ਮੁਕਤੀ ਕੁਰਸੀ ਤੋਂ ਨਾ ਕਦੇ ਵੀ ਚਾਹਵਾਂ।
ਕਦੇ ਅਖਬਾਰ ਤੇ ਕਦੇ ਰਸਾਲੇ ਅੰਦਰ ਮੈਂ,
ਕੀਵੇਂ ਦੇਸ਼ ਚਲਾਉਣਾ ਸਭਨੂੰ ਹੀ ਸਮਝਾਵਾਂ।
ਪੜੇ ਲਿਖੇ ਲੋਕਾਂ ਦੀ ਮੱਤ ਮੈਂ ਮਾਰ ਦਿਆਂ,
ਓ ਮੇਰੇ ਪਿੱਛੇ ਲੱਗਣ ਤੇ ਮੱਤ ਮਾਰੀ ਜਾਵਾਂ।
ਰਜਨੀ ਜੋ ਮੇਰੇ ਹੈ ਦਿਲ ਦੇ ਵਿੱਚ ਸੁਣਾ ਦੇਵਾਂ,
ਸੁਣਦੇ ਨੇ ਏ ਲੋਕ ਤਾਂ ਕਿਉਂ ਨਾ ਮੈਂ ਸੁਣਾਵਾਂ।
ਕਦੀ ਤਾਂ ਚਿਤ ਕਰਦਾ ਏ ਮੈਂ ਨੇਤਾ ਬਣ ਜਾਵਾਂ।