
ਫਿਰੋਜ਼ਪੁਰ (ਪੰਜ ਦਰਿਆ ਬਿਊਰੋ) ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਡਾਕਟਰ ਸ਼ਸ਼ੀ ਭੂਸ਼ਣ ਨੂੰ ਅੱਜ ਐੱਸ.ਟੀ.ਐੱਫ. ਫਿਰੋਜ਼ਪੁਰ ਵੱਲੋਂ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ‘ਚ ਐੱਸ.ਟੀ.ਐੱਫ. ਦੇ ਏ.ਆਈ.ਜੀ. ਸੰਦੀਪ ਸ਼ਰਮਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਾਇਨਾਤ ਡਾ. ਸ਼ਸ਼ੀ ਭੂਸ਼ਣ ਨੂੰ ਅੱਜ ਉਨ੍ਹਾਂ ਨੇ ਗ੍ਰਿਫ਼ਤਾਰ ਕੀਤਾ ਹੈ। ਡਾ. ਭੂਸ਼ਣ ਕੈਦੀਆਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਾ ਸਪਲਾਈ ਵੀ ਕਰਦਾ ਸੀ। ਗ੍ਰਿਫ਼ਤਾਰੀ ਵੇਲੇ ਉਸ ਕੋਲੋਂ 8 ਗ੍ਰਾਮ ਹੈਰੋਇਨ, 14 ਲਾਈਟਰ, ਵਰਤਿਆ ਹੋਇਆ ਸਿਲਵਰ ਪੇਪਰ ਤੇ ਕੁਝ ਸੜੇ ਹੋਏ ਨੋਟ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਡਾ. ਸ਼ਸ਼ੀ ਭੂਸ਼ਣ ਖੁਦ ਵੀ ਨਸ਼ੇ ਕਰਨ ਦਾ ਆਦੀ ਸੀ। ਉਸ ਵੱਲੋਂ ਅਰਸ਼ਦੀਪ ਉਰਫ ਅਰਸ਼ੀ, ਗੈਂਗਸਟਰ ਸੰਨੀ ਪ੍ਰਭਾਕਰ ਤੇ ਮਾਮਾ ਨਾਂ ਦੇ ਕੈਦੀਆਂ ਰਾਹੀਂ ਜੇਲ੍ਹ ਦੇ ਅੰਦਰ ਬੰਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਵੱਲੋਂ ਜੇਲ੍ਹ ਵਿੱਚ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਸੀ, ਜਿਸ ਨੂੰ ਕੱਲ੍ਹ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।