ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੈਦਲ ਜਾਣ ਲਈ ਮਜ਼ਬੂਰ ਹੋਣਗੇ ਮਜ਼ਦੂਰ
ਰਾਏਕੋਟ (ਰਘਵੀਰ ਸਿੰਘ ਜੱਗਾ )

ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਵਲੋਂ ਬਿਨਾਂ ਕੋਈ ਸਮਾਂ ਦਿੱਤੇ ਰਾਤੋ ਰਾਤ ਕੀਤੇ ਗਏ ਲਾਕਡਾਊਨ ਦਾ ਇੱਕ ਮਹੀਨਾਂ ਬੀਤ ਚੁੱਕਾ ਹੈ, ਇਸ ਦੌਰਾਨ ਪਿਛਲੇ ਇਕ ਮਹੀਨੇ ਤੋਂ ਵਿਹਲੇ ਬੈਠ ਕੇ ਖਾਣ ਲਈ ਮਜ਼ਬੂਰ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਜੀ ਜਾ ਰਹੀ ਹੈ, ਇੱਕ ਪਾਸੇ ਜਿੱਥੇ ਇਹ ਪ੍ਰਵਾਸੀ ਮਜ਼ਦੂਰ ਆਪਣੇ ਰੋਜ਼ਗਾਰ ਤੋਂ ਹੱਥ ਧੋ ਚੁੱਕੇ ਹਨ ਉੱਥੇ ਦੂਜੇ ਪਾਸੇ ਉਨ੍ਹਾਂ ਵਿੱਚੋਂ ਕਈਆਂ ਕੋਲ ਜੋ ਥੋੜੇ ਬਹੁਤ ਪੈਸੇ ਜਮਾਂ ਕੀਤੇ ਹੋਏ ਸਨ ਉਹ ਵੀ ਹੁਣ ਖਤਮ ਹੋ ਚੁੱਕੇ ਹਨ। ਬੰਦਿਸ਼ਾਂ ਲੱਗੀਆਂ ਹੋਣ ਕਾਰਨ ਉਹ ਆਪਣੇ ਘਰਾਂ ਨੂੰ ਵਾਪਸ ਜਾਣ ਵਿੱਚ ਅਸਮਰੱਥ ਹੋਣ ਕਾਰਨ ਉਨ੍ਹਾਂ ਦੀਆਂ ਦਿੱਕਤਾਂ ਦਿਨਂੋ ਦਿਨ ਵਧਦੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਸੁਰਜੀਤ ਸਿੰਘ ਪੁੱਤਰ ਗਜੋਧਰ ਅਤੇ ਰਾਮ ਭਵਨ ਪੁੱਤਰ ਹੀਰਾ ਲਾਲ ਨੇ ਦੱਸਿਆ ਕਿ ਉਹ ਪੰਜ ਮੈਂਬਰ ਇੱਥੇ ਕਿਰਾਏ ਦੇ ਇਕ ਕਮਰੇ ਵਿੱਚ ਰਹਿੰਦੇ ਹਨ, ਜਦੋਂ ਤੋਂ ਲਾਕ ਡਾਊਨ ਹੋਇਆ ਹੈ ਉਦੋਂ ਤੋਂ ਵਿਹਲੇ ਬੈਠੇ ਹਨ ਅਤੇ ਆਪਣੇ ਮਾਲਕਾਂ ਕੋਲੋਂ ਪੈਸੇ ਅਤੇ ਰਾਸ਼ਨ ਪਾਣੀ ਲੈ ਕੇ ਗੁਜ਼ਾਰਾ ਚਲਾ ਰਹੇ ਹਨ, ਇਸ ਦੌਰਾਨ ਉਨ੍ਹਾਂ ਕੋਲ ਜੋ ਥੋੜੀ ਬਹੁਤ ਜਮਾਂ ਪੂੰਜੀ ਸੀ ਉਹ ਵੀ ਖਤਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਮੀਦ ਸੀ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਕੋਈ ਨਾਂ ਕੋਈ ਰੁਜ਼ਗਾਰ ਜ਼ਰੂਰ ਮਿਲ ਜਾਵੇਗਾ, ਪ੍ਰੰਤੂ ਕਈ ਦਿਨ ਮੰਡੀਆਂ ਦੇ ਗੇੜੇ ਮਾਰਨ ਦੇ ਬਾਵਜ਼ੂਦ ਉਨ੍ਹਾਂ ਨੂੰ ਕੋਈ ਕੰਮ ਨਹੀ ਮਿਲਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਉਮੀਦ ਸੀ ਕਿ ਪ੍ਰਧਾਨ ਮੰਤਰੀ 21 ਦਿਨਾਂ ਦੇ ਲਾਕਡਾਊਨ ਮਗਰੋਂ ਸਾਡੇ ਵਰਗੇ ਪ੍ਰਵਾਸੀ ਮਜ਼ਦੂਰਾਂ ਨੂੰ ਰਾਹਤ ਦਿੰਦੇ ਹੋਏ ਕੁਝ ਵਿਸ਼ੇਸ਼ ਗੱਡੀਆਂ ਚਲਾ ਕੇ ਸਾਨੂੰ ਆਪਣੇ ਘਰਾਂ ਤੱਕ ਅੱਪੜਦਾ ਕਰਨਗੇ, ਪ੍ਰੰਤੂ ਉਨ੍ਹਾਂ ਵਲੋਂ ਬਿਨਾਂ ਕੋਈ ਰਾਹਤ ਦਿੱਤੇ ਲਾਕ ਡਾਊਨ 3 ਮਈ ਤੱਕ ਹੋਰ ਵਧਾ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਜਿਸ ਤਰਾਂ ਦੇਸ਼ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਉਸ ਤੋਂ ਉਮੀਦ ਨਹੀ ਹੈ ਕਿ 3 ਮਈ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕੇਗੀ। ਜਿਸ ਕਾਰਨ ਸਾਡੇ ਪਰਿਵਾਰਾਂ ‘ਚ ਸਾਡੇ ਪ੍ਰਤੀ ਚਿੰਤਾਂ ਦਾ ਮਾਹੌਲ ਹੈ ਅਤੇ ਉਹ ਸਾਨੂੰ ਆਪਣੇ ਘਰ ਵਾਪਸ ਪਹੁੰਚਣ ਲਈ ਵਾਰ ਵਾਰ ਕਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਅੱਜ ਸਾਡੇ ਮਾਲਕ ਸਾਡੀ ਮਦਦ ਕਰ ਰਹੇ ਹਨ, ਲੇਕਿਨ ਜੇ ਇਹ ਲਾਕਡਾਊਨ ਜ਼ਿਆਦਾ ਸਮਾਂ ਚੱਲਿਆ ਤਾਂ ਉਹ ਵੀ ਆਪਣੇ ਹੱਥ ਖੜ੍ਹੇ ਕਰ ਸਕਦੇ ਹਨ। ਸਰਕਾਰ ਵਲੋਂ ਵੀ ਹੁਣ ਤੱਕ ਸਿਰਫ ਇਕ ਰਾਸ਼ਨ ਦਾ ਪੈਕੇਟ ਮਿਲਿਆ ਹੈ, ਜੋ ਕਿ ਖਤਮ ਹੋ ਚੁੱਕਾ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਅਸੀਂ ਕੋਰੋਨਾ ਮਹਾਂਮਾਰੀ ਤੋਂ ਬੱਚ ਵੀ ਗਏ ਤਾਂ ਭੁੱਖਮਰੀ ਤੋਂ ਨਹੀ ਬਚ ਸਕਾਂਗੇ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੇ ਵਰਗੇ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਸਮਝਦੇ ਹੋਏ ਵਿਸ਼ੇਸ਼ ਗੱਡੀਆਂ ਚਲਾ ਕੇ ਸਾਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੇ ਘਰ ਵਾਪਸ ਜਾਣ ਦਾ ਛੇਤੀ ਪ੍ਰਬੰਧ ਨਾਂ ਕੀਤਾ ਤਾਂ ਉਹ ਅਤੇ ਉਨ੍ਹਾਂ ਵਰਗੇ ਹੋਰ ਕਈ ਪ੍ਰਵਾਸੀ ਮਜ਼ਦੂਰ ਪੈਦਲ ਜਾਂ ਸਾਈਕਲਾਂ ‘ਤੇ ਆਪਣੇ ਪਿੰਡਾਂ ਵੱਲ ਨੂੰ ਰਵਾਨਾ ਹੋਣ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਸੀਟੂ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਦ ਤੱਕ ਸਰਕਾਰ ਇੰਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਘਰਾਂ ਤੱਕ ਪਹੁੰਚਾਉਣ ਦਾ ਇੰਤਜ਼ਾਮ ਨਹੀ ਕਰਦੀ ਤੱਦ ਤੱਕ ਇੰਨ੍ਹਾਂ ਮਜ਼ਦੂਰਾਂ ਲਈ ਇੱਥੇ ਹੀ ਰਾਸ਼ਨ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਜਾਵੇ ਅਤੇ ਇੰਨ੍ਹਾਂ ਪ੍ਰਵਾਸੀ ਮਜ਼ਦੂਰਾਂ ਲਈ ਵੀ ਵਿਸ਼ੇਸ਼ ਫੰਡ ਜਾਰੀ ਕਰੇ।