ਮਿਹਨਤ ਦੇ ਦਮ ‘ਤੇ ਚਰਚਾ ਵਿੱਚ ਆਈ ਕੁੜੀ ਰਜ਼ਾ ਹੀਰ ਬੁਲੰਦ ਆਵਾਜ਼ ਦੀ ਮਾਲਕਣ ਹੈ। ਸਮੇਂ ਸਮੇਂ ‘ਤੇ ਉੱਚ ਦਰਜੇ ਦੀ ਸ਼ਾਇਰੀ ਨਾਲ ਰੂਬਰੂ ਹੁੰਦੀ ਰਹਿੰਦੀ ਹੈ। ਉਸਦਾ ਇਹੀ ਅੰਦਾਜ਼ ਤੇ ਸੰਗੀਤ ਪ੍ਰਤੀ ਲਗਨ ਤੇ ਪ੍ਰਤੀਬੱਧਤਾ ਸੁਣਨ ਵਾਲਿਆਂ ਦੇ ਦਿਲਾਂ ‘ਚ ਉਸਦੀ ਕਦਰ ‘ਚ ਵਾਧਾ ਕਰਦੇ ਹਨ। ਮਹਾਂਮਾਰੀ ਦੇ ਦੌਰ ਵਿੱਚ ਉਹ ਆਪਣੀ ਸਾਥਣ ਗਾਇਕਾ ਅਫਸਾਨਾ ਖ਼ਾਨ ਨਾਲ “ਜਿੱਤਾਂਗੇ ਹੌਸਲੇ ਨਾਲ” ਗੀਤ ਰਾਹੀਂ ਹਾਜ਼ਰੀ ਭਰਨ ਆਈ ਹੈ। ਗੀਤ ਦੇ ਵੀਡੀਓ ਵਿੱਚ ਫਿਲਮ ਖੇਤਰ ਦੀਆਂ ਮਕਬੂਲ ਅਭਿਨੇਤਰੀਆਂ ਨੇ ਵੀ ਹਾਜ਼ਰੀ ਭਰੀ ਹੈ। ਗੀਤ ਨੂੰ ਸੁਚੱਜਾ ਸੁਣਨ ਵਾਲੇ ਸੰਗੀਤ ਪ੍ਰੇਮੀਆਂ, ਆਸਵੰਦ ਲੋਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ। “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਰਜ਼ਾ ਹੀਰ ਨੇ ਕਿਹਾ ਕਿ ਕਲਾਕਾਰ ਦਾ ਫਰਜ਼ ਹੈ ਕਿ ਉਹ ਅਵਾਮ ਨੂੰ ਹੌਸਲਾ ਦੇਵੇ। ਤੰਦਰੁਸਤ ਸਰੋਤੇ ਹੀ ਕਿਸੇ ਕਲਾਕਾਰ ਦੀ ਸਭ ਤੋਂ ਵੱਡੀ ਜਾਗੀਰ ਹੁੰਦੇ ਹਨ।
ਗੀਤ ਦੀ ਵੀਡੀਓ ਵਿੱਚ ਨੀਰੂ ਬਾਜਵਾ, ਰੁਬੀਨਾ ਬਾਜਵਾ, ਪ੍ਰੀਤੀ ਸਪਰੂ, ਸਰਗੁਨ ਮਹਿਤਾ, ਹਰਸ਼ਜੋਤ ਕੌਰ ਤੂਰ (ਪੁਲਿਸ ਅਧਿਕਾਰੀ), ਨਿਰਮਲ ਰਿਸ਼ੀ, ਸਿਮੀ ਚਾਹਲ, ਅਦਿਤੀ ਸ਼ਰਮਾ, ਜਪਜੀ ਖਹਿਰਾ, ਰਜ਼ਾ ਹੀਰ, ਅਫਸਾਨਾ ਖ਼ਾਨ, ਸਬਰੀਨਾ ਬਾਜਵਾ, ਆਨਿਆ ਜਵੰਦਾ ਆਦਿ ਨੇ ਅਦਾਕਾਰੀ ਕੀਤੀ ਹੈ। ਗੀਤ ਦਾ ਰਚੇਤਾ ਹੈ ਵੀਤ ਬਲਜੀਤ ਤੇ ਇਸ ਗੀਤ ਨੂੰ ਨੀਰੂ ਬਾਜਵਾ ਨੇ ਪੇਸ਼ ਕੀਤਾ ਹੈ।
