?ਪੁਖਤਾ ਪ੍ਰਬੰਧਾਂ ਸਦਕਾ ਮੰਡੀਆਂ ’ਚ ਕਣਕ ਦੀ ਆਮਦ ਨੇ ਜ਼ੋਰ ਫੜਿਆ
?22 ਅਪ੍ਰੈਲ ਤੱਕ ਮੰਡੀਆਂ ਵਿੱਚ 22.9 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 9.36 ਲੱਖ ਟਨ ਆਈ
ਚੰਡੀਗੜ ( ਰਾਜਿੰਦਰ ਭਦੌੜੀਆ)
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। 22 ਅਪ੍ਰੈਲ ਤੱਕ ਮੰਡੀਆਂ ਵਿੱਚ 22.9 ਲੱਖ ਮੀਟਰਕ ਟਨ ਕਣਕ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 9.36 ਲੱਖ ਮੀਟਰਕ ਟਨ ਫਸਲ ਪਹੁੰਚੀ ਸੀ।
ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿੱਚ 22.96 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 21.5 ਲੱਖ ਟਨ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਮੰਡੀਆਂ ਵਿੱਚ ਪਹੁੰਚੀ 9.36 ਲੱਖ ਮੀਟਰਕ ਟਨ ਕਣਕ ਵਿੱਚੋਂ 6.64 ਲੱਖ ਮੀਟਰਕ ਟਨ ਦੀ ਖਰੀਦ ਹੋਈ ਸੀ।
ਇਸੇ ਦੌਰਾਨ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਈ ਸਿਹਤ ਐਡਵਾਈਜ਼ਰੀ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਦੇ ਬਾਵਜੂਦ ਹੁਣ ਤੱਕ ਕਿਸਾਨਾਂ ਨੂੰ ਆੜਤੀਆਂ ਰਾਹੀਂ 4,20,115 ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਇਹ ਵੀ ਦੱਸਿਆ ਕਿ ਇਹਤਿਆਦ ਵਜੋਂ ਮੰਡੀਆਂ ਵਿੱਚ ਭੀੜ-ਭੜੱਕਾ ਰੋਕਣ ਲਈ ਖਰੀਦ ਕੇਂਦਰਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਨਾਲੋਂ ਦੁੱਗਣਾ ਵਾਧਾ ਕਰਕੇ 4100 ਕਰ ਦਿੱਤੇ ਗਏ ਹਨ।
ਉਨਾਂ ਦੱਸਿਆ ਕਿ ਖਰੀਦ ਕੇਂਦਰਾਂ ਵਿੱਚ ਢੁੱਕਵੀਂ ਮਾਤਰਾ ’ਚ ਮਾਸਕ ਅਤੇ ਸੈਨੀਟਾਈਜ਼ਰ ਪਹਿਲਾਂ ਹੀ ਮੁਹੱਈਆ ਕਰਵਾਏ ਜਾ ਚੁੱਕੇ ਹਨ ਤਾਂ ਕਿ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰ ਸਬੰਧਤ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸਫਾਈ ਕਾਮਿਆਂ ਨੂੰ ਖਰੀਦ ਕੇਂਦਰਾਂ ਵਿੱਚ ਸੈਨੀਟਾਈਜ਼ਰ ਦੀ ਸਪਰੇਅ ਕਰਨ ਲਈ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਮੰਡੀਆਂ ਨੂੰ ਰੋਗਾਣੂ ਮੁਕਤ ਕੀਤਾ ਜਾ ਸਕੇ।