ਪੰਜਾਬ ਰਾਜ ਦੇ ਗੁਦਾਮਾਂ ਵਿੱਚੋਂ 1.25 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ 50 ਵਿਸ਼ੇਸ਼ ਗੱਡੀਆਂ ਰਾਹੀਂ ਦੇਸ਼ ਦੇ ਦੂਸਰੇ ਸੂਬਿਆਂ ਨੂੰ ਭੇਜਿਆ: ਆਸ਼ੂ

ਚੰਡੀਗੜ੍ਹ ( ਰਾਜਿੰਦਰ ਵਰਮਾ )
ਕਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਦੌਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ ਵਿਚ ਪੰਜਾਬ ਰਾਜ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੇਸ਼ ਦੇ ਅਬਾਦੀ ਦਾ ਢਿੱਡ ਭਰਨ ਲਈ ਅੱਜ ਪੰਜਾਬ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਵੱਖ-ਵੱਖ ਗੁਦਾਮਾਂ ਤੋਂ
ਰਿਕਾਰਡ 50 ਵਿਸ਼ੇਸ਼ ਮਾਲ ਗੱਡੀਆਂ ਰਾਹੀਂ 1.25 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਭੇਜੇ ਗਏ ਹਨ।
ਭੇਜੇ ਗਏ ਅਨਾਜ ਵਿਚ 102500 ਮੀਟ੍ਰਿਕ ਟਨ ਚੌਲ ਅਤੇ 22500 ਮੀਟ੍ਰਿਕ ਟਨ ਕਣਕ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲਾਕਡਾਊਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬ ਰਾਜ ਵਿਚੋਂ 759 ਸਪੈਸ਼ਲ ਟਰੇਨਾਂ ਰਾਹੀਂ 13.5 ਲੱਖ ਮੀਟ੍ਰਿਕ ਟਨ ਚਾਵਲ ਅਤੇ 5.47 ਲੱਖ ਮੀਟ੍ਰਿਕ ਟਨ ਕਣਕ ਦੂਸਰੇ ਰਾਜਾਂ ਨੂੰ ਭੇਜੀ ਜਾ ਚੁੱਕੀ ਹੈ।
ਸ੍ਰੀ ਆਸ਼ੂ ਨੇ ਪੰਜਾਬ ਨੂੰ ਸਪੈਸ਼ਲ ਟਰੇਨਾਂ ਦੇਣ ਲਈ ਐਫ.ਸੀ.ਆਈ. ਦੇ ਸੀ.ਐਮ.ਡੀ. ਸ੍ਰੀ ਡੀ. ਵੀ. ਪ੍ਰਸਾਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਨ੍ਹਾਂ ਸਪੈਸ਼ਲ ਟਰੇਨਾਂ ਰਾਹੀਂ ਭੇਜੇ ਗਏ ਅਨਾਜ ਸਦਕੇ ਜਿੱਥੇ ਲੋਕਾਂ ਨੂੰ ਲਾਕਡਾਊਨ ਦੌਰਾਨ ਭਰ ਨੂੰ ਪੇਟ ਭੋਜਨ ਮਿਲੇਗਾ ਉਸ ਦੇ ਨਾਲ ਹੀ ਪੰਜਾਬ ਰਾਜ ਦੇ ਚਾਵਲ ਗੁਦਾਮਾਂ ਦੀ ਸਟੋਰੇਜ ਦੀ ਵੀ ਸਮੱਸਿਆ ਹੱਲ ਹੋ ਗੲੀ ਹੈ। ਉਨ੍ਹਾ ਕਿਹਾ ਕਿ ਜੁਲਾਈ 2020 ਤੱਕ ਪੰਜਾਬ ਰਾਜ ਦੇ ਚਾਵਲ ਗੁਦਾਮਾਂ ਵਿਚ 38 ਲੱਖ ਮੀਟ੍ਰਿਕ ਟਨ ਚਾਵਲ ਲੱਗ ਜਾਵੇਗਾ।
ਸ੍ਰੀ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਮਾਲ ਗੱਡੀਆਂ ਵਿੱਚ ਅਨਾਜ ਦੀ ਲਦਾਈ ਮੌਕੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ।