ਚੰਡੀਗੜ੍ਹ, (ਪੰਜ ਦਰਿਆ ਬਿਊਰੋ )

ਮਹਾਰਾਸ਼ਟਰ ਵਿਖੇ ਨਦੇੜ ਸਾਹਿਬ ਦੇ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਪਿਛਲੇ 1 ਮਹੀਨੇ ਤੋਂ ਫਸੇ 2000 ਤੋਂ ਵੱਧ ਪੰਜਾਬੀਆਂ ਨੂੰ ਵਾਪਸ ਘਰ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਪਹਿਲ ਕਦਮੀ ‘ਤੇ ਮਨਜੂਰੀ ਮਿਲ ਗਈ ਹੈ ਅਤੇ ਜ਼ਲਦੀ ਹੀ ਉਨ੍ਹਾਂ ਨੂੰ ਬੱਸਾਂ ਜਾਂ ਵਿਸ਼ੇਸ਼ ਰੇਲ ਗੱਡੀ ਰਾਹੀ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਇਹ ਵਰਨਣਯੋਗ ਹੈ ਕਿ ਮੁੱਖ ਮੰਤਰੀ ਪਿਛਲੇ ਕਾਫੀ ਸਮੇਂ ਤੋਂ ਹਜ਼ੂਰ ਸਾਹਿਬ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਗੰਭੀਰ ਅਤੇ ਚਿੰਤਤ ਸਨ। ਅੱਜ ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਓਧਵ ਠਾਕਰੇ ਨਾਲ ਗੱਲਬਾਤ ਕੀਤੀ ਅਤੇ ਉਸਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਤੇ ਕੇਂਦਰ ਸਰਕਾਰ ਨੇ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਦੇ ਖਰਚੇ ‘ਤੇ ਹੀ ਲਿਆਂਦਾ ਜਾਵੇਗਾ। ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਵਲੋਂ ਇਹ ਮਨਜੂਰੀ ਮਿਲਣ ‘ਤੇ ਖੁਸ਼ੀ ਹੋਈ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਜਲਦੀ ਹੀ ਆਪਣੇ ਬੱਚਿਆਂ ਵਿੱਚ ਹੋਣਗੇ। ਜ਼ਿਕਰਯੋਗ ਹੈ ਕਿ ਹਜੂਰ ਸਾਹਿਬ ਵਿਖੇ ਸ਼ਰਧਾਲੂ ਦਰਸ਼ਨਾਂ ਲਈ ਜਾਂਦੇ ਹਨ ਪਰ ਹੁਣ 22 ਮਾਰਚ ਤੋਂ ਕਰਫਿਊ ਲੱਗਣ ਕਾਰਨ ਉਹ ਵਾਪਸ ਘਰਾਂ ਨੂੰ ਨਹੀਂ ਆ ਸਕੇ ਅਤੇ ਉਥੇ ਹੀ ਫਸੇ ਹੋਏ ਸਨ। ਪਿਛਲੇ ਇੱਕ ਮਹੀਨੇ ਤੋਂ 2000 ਦੇ ਕਰੀਬ ਉਥੇ ਫਸੇ ਸ਼ਰਧਾਲੂਆਂ ਵਿੱਚ 90 ਫੀਸਦੀ ਪੰਜਾਬ ਦੇ ਸ਼ਰਧਾਲੂ ਅਤੇ ਬਾਕੀ ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਬਿਹਾਰ ਦੇ ਮੁੱਖ ਮੰਤਰੀ ਸਾਡੇ ਸੰਪਰਕ ਵਿੱਚ ਹਨ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾ ਦੇ ਸੂਬਿਆਂ ਦੇ ਨਾਗਰਿਕ ਸਾਡੇ ਮਹਿਮਾਨ ਹਨ ਉਹਨਾ ਦੇ ਰਹਿਣ ਖਾਣ ਦੀ ਜਿੰਮੇਵਾਰੀ ਸਾਡੀ ਹੈ। ਉਹਨਾਂ ਕਿਹਾ ਕਿ ਉਹਨਾ ਨੇ ਵੀ ਮੁਸੀਬਤ ਸਮੇਂ ਪੰਜਾਬੀਆਂ ਨੂੰ ਹਰ ਕਿਸਮ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।