7.2 C
United Kingdom
Saturday, May 10, 2025

More

    ਕਿਸਾਨਾਂ ਵੱਲੋਂ ਝੂਠੇ ਕੇਸ ਰੱਦ ਕਰਵਾਉਣ ਲਈ ਥਾਣੇ ਮੂਹਰੇ ਧਰਨਾ; ਬਾਜ਼ਾਰਾਂ ‘ਚ ਕੀਤਾ ਰੋਹ ਭਰਪੂਰ ਮੁਜ਼ਾਹਰਾ

    ਸਾਡੇ ਜਖਮਾਂ ‘ਤੇ ਨਮਕ ਨਾ ਭੁੱਕੇ ਪੰਜਾਬ ਸਰਕਾਰ; ਨਕਲੀ ਹੇਜ ਦਿਖਾਉਣ ਦੀ ਬਜਾਏ ਤੁਰੰਤ ਝੂਠੇ ਕੇਸ ਰੱਦ ਕੀਤੇ ਜਾਣ

    ਡੀਏਪੀ ਖਾਦ ਦੀ ਘਾਟ ਕਾਰਨ ਕਣਕ ਦੀ ਬਿਜਾਈ ਲੇਟ ਹੋਣ ਦਾ ਖਦਸ਼ਾ; ਖਾਦ ਤੇ ਬੀਜ ਦੀ ਸਪਲਾਈ ਯਕੀਨੀ ਬਣਾਈ ਜਾਵੇ

    ਚੰਡੀਗੜ੍ਹ/ਬਰਨਾਲਾ (ਦਲਜੀਤ ਕੌਰ ਭਵਾਨੀਗੜ੍ਹ) ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ਬਰਨਾਲਾ ‘ਤੇ ਲਾਇਆ ਜਾਣ ਵਾਲਾ ਧਰਨਾ ਅੱਜ ਧਨੌਲਾ ਥਾਣੇ ਮੂਹਰੇ ਲਾਇਆ ਗਿਆ ਅਤੇ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।  ਬੁਲਾਰਿਆਂ ਨੇ ਕਿਹਾ ਕਿ ਧਨੌਲਾ ਪੁਲਿਸ ਨੇ ਬੀਜੇਪੀ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਦਬਾਅ ਹੇਠ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਹਨ। ਇਸ ਸਬੰਧੀ ਕਿਸਾਨ ਮੋਰਚੇ ਦਾ ਵਫਦ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮਿਲਿਆ ਅਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ ਪਰ ਅਧਿਕਾਰੀਆਂ ਦੇ ਕੰਨ ‘ਤੇ ਜੂੰਅ ਨਹੀਂ ਸਰਕੀ। ਸੋ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਬਸ ਸਟੈਂਡ ਧਨੌਲਾ ਵਿਖੇ ਇਕੱਠੇ ਹੋਣ ਬਾਅਦ ਬਾਜਾਰਾਂ ਵਿਚੋਂ ਦੀ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ ਗਿਆ। 
    ਮੁਜ਼ਾਹਰਾ ਕਰਨ ਉਪਰੰਤ ਧਨੌਲਾ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿਸਾਨਾਂ ਨੂੰ ਡਰਾਉਣ ਲਈ ਸਰਕਾਰ ਨੇ ਇਹ ਕੇਸ ਬੀਜੇਪੀ ਨੇਤਾ ਦੇ ਦਬਾਅ ਹੇਠ ਦਰਜ ਕੀਤੇ ਹਨ। ਕਿਸਾਨ ਪੁਲਿਸ ਦੀਆਂ ਅਜਿਹੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲੇ ਨਹੀਂ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਖੇਖਣ ਕਰ ਰਹੀ ਹੈ ਅਤੇ ਦੂਸਰੀ ਤਰਫ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਸਾਡੇ ਜਖਮਾਂ ‘ਤੇ ਨਮਕ ਨਾ ਭੁੱਕੇ ਅਤੇ ਇਹ ਕੇਸ ਤੁਰੰਤ ਰੱਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਹਰਜੀਤ ਗਰੇਵਾਲ ਨੇ ਅੰਦੋਲਨਕਾਰੀ ਔਰਤਾਂ ਵਿਰੁੱਧ ਭੱਦੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਸੀ। ਅਸੀਂ ਉਸੇ ਸਮੇਂ ਪੀੜਤ ਔਰਤਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾ ਹਰਜੀਤ ਗਰੇਵਾਲ ਵਿਰੁੱਧ ਕੇਸ ਦਰਜ ਮੰਗ ਕਰਨ ਦੀ ਮੰਗ ਕੀਤੀ ਸੀ।ਪਰ ਪੁਲਿਸ ਨੇ ਚਾਰ ਮਹੀਨੇ ਬਾਅਦ ਵੀ ਸਾਡੀ ਉਸ ਸ਼ਿਕਾਇਤ ਉਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਹਰਜੀਤ ਗਰੇਵਾਲ ਵਿਰੁੱਧ ਕੇਸ ਦਰਜ ਕਰਕੇ ਪੀੜ੍ਹਤ ਔਰਤਾਂ ਨੂੰ ਇਨਸਾਫ ਦਿਵਾਇਆ ਜਾਵੇ। ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਗੁਰਚਰਨ ਸਿੰਘ ਸੁਰਜੀਤਪੁਰਾ,ਹਰਸ਼ਦੀਪ ਸਿੰਘ ਸਹੌਰ,ਕੁਲਵਿੰਦਰ ਸਿੰਘ ਉਪਲੀ,ਪਵਿੱਤਰ ਸਿੰਘ ਲਾਲੀ, ਜਗਸੀਰ ਸਿੰਘ ਛੀਨੀਵਾਲ,ਬਲਜੀਤ ਸਿੰਘ ਚੌਹਾਨਕੇ, ਹਰਚਰਨ ਸਿੰਘ ਚੰਨਾ, ਗੁਰਮੇਲ ਸ਼ਰਮਾ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਸਿਕੰਦਰ ਸਿੰਘ ਭੂਰੇ, ਜਸਵਿੰਦਰ ਸਿੰਘ ਮੰਡੇਰ, ਬਲਜੀਤ ਕੌਰ ਫਰਵਾਹੀ, ਬਲਵੀਰ ਕੌਰ ਕਰਮਗੜ੍ਹ,ਬਲਵਿੰਦਰ ਸਿੰਘ ਬਿੰਦੂ, ਮਹਿੰਦਰ ਸਿੰਘ ਸਹੌਰ ਨੇ ਸੰਬੋਧਨ ਕੀਤਾ।  ਬੁਲਾਰਿਆਂ ਨੇ ਡੀਏਪੀ ਖਾਦ ਦੀ ਕਿੱਲਤ ਦਾ ਮਸਲਾ ਅੱਜ ਫਿਰ ਉਠਾਇਆ। ਇੱਕ ਪਾਸੇ ਖਾਦ ਦਾ ਸੰਕਟ ਦਿਨ-ਬਦਿਨ ਗਹਿਰਾ ਹੋ ਰਿਹਾ ਹੈ ਅਤੇ ਦੂਸਰੀ ਤਰਫ ਕਣਕ ਦੀ ਬਿਜਾਈ ਦਾ ਸ਼ੀਜਨ ਸਿਰ ‘ਤੇ ਆ ਰਿਹਾ ਹੈ। ਖਾਦ ਦੀ ਕਿੱਲਤ ਕਾਰਨ ਕਣਕ ਦੀ ਬਿਜਾਈ ਲੇਟ ਹੋ ਸਕਦੀ ਹੈ ਜਿਸ ਕਾਰਨ ਫਸਲ ਦਾ ਝਾੜ ਘਟ ਸਕਦਾ ਹੈ। ਕਣਕ ਦੇ ਬੀਜ ਤੇ ਖਾਦ ਦੀ ਸ਼ਰੇਆਮ ਕਾਲਾਬਾਜ਼ਾਰੀ ਹੋ ਰਹੀ ਹੈ। ਬੇਮੌਸਮੀ ਬਾਰਿਸ਼ ਤੇ ਗੁਲਾਬੀ ਸੁੰਡੀ ਦੇ ਸਤਾਏ ਕਿਸਾਨਾਂ ਲਈ ਬੀਜ ਤੇ ਖਾਦ ਦਾ ਇੰਤਜ਼ਾਮ ਕਰਨਾ ਇੱਕ ਨਵੀਂ ਸਿਰਦਰਦੀ ਬਣੀ ਹੋਈ ਹੈ। ਸਰਕਾਰ ਖਾਦ ਤੇ ਕਣਕ ਦੇ ਬੀਜ ਦੀ ਸਪਲਾਈ ਤੁਰੰਤ ਯਕੀਨੀ ਬਣਾਏ ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕੇ। ਅੱਜ ਜਗਦੇਵ ਸਿੰਘ ਭੁਪਾਲ ਤੇ ਬਹਾਦਰ ਸਿੰਘ ਕਾਲਾ ਨੇ ਇਨਕਲਾਬੀ ਗੀਤ ਸੁਣਾ ਕੇ ਪੰਡਾਲ ‘ਚ ਜੋਸ਼ ਭਰਿਆ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!