ਅੰਮ੍ਰਿਤਸਰ (ਦਲਜੀਤ ਕੌਰ ਭਵਾਨੀਗੜ੍ਹ) ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਅਹਿਮ ਸਥਾਨ ਰਖਦੇ ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਵਿਗਾੜਣ ਖਿਲਾਫ ਅੱਜ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੀ ਅਗਵਾਈ ਵਿੱਚ ਸਥਾਨਕ ਭੰਡਾਰੀ ਪੁਲ ਤੋਂ ਜਲ੍ਹਿਆਂਵਾਲਾ ਬਾਗ ਤੱਕ ਰੋਹ ਭਰਪੂਰ ਮਾਰਚ ਕਰਕੇ ਬਾਗ ਦੇ ਮੁੱਖ ਗੇਟ ‘ਤੇ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਹੋਰਨਾਂ ਜਥੇਬੰਦੀਆਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਵੀ ਚਾਰ ਜ਼ਿਲ੍ਹਿਆਂ ‘ਚੋਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਵਿੱਚ ਔਰਤਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਕੋਕਰੀ ਕਲਾਂ ਨੇ ਪ੍ਰੈੱਸ ਨੂੰ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਸੁੰਦਰੀਕਰਨ ਦੇ ਨਾਂ ਹੇਠ ਸ਼ਹੀਦਾਂ ਦੀ ਇਤਿਹਾਸਕ ਜੁਝਾਰੂ ਯਾਦਗਾਰ ਨੂੰ ਸੈਰ ਸਪਾਟਾ ਕੇਂਦਰ ਵਿਚ ਤਬਦੀਲ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਤਾਂ ਕਿ ਸ਼ਹੀਦਾਂ ਦੇ ਵਾਰਿਸ ਲੋਕਾਂ ਦੀਆਂ ਅਗਲੀਆਂ ਨਸਲਾਂ ਸਾਡੇ ਸ਼ਾਨਾਂਮੱਤੇ ਜੁਝਾਰੂ ਇਤਿਹਾਸ ਤੋਂ ਜਾਣੂੰ ਨਾ ਹੋ ਸਕਣ। ਉਹਨਾਂ ਕਿਹਾ ਕਿ ਅਜਿਹਾ ਮੋਦੀ ਵੱਲੋਂ ਆਪਣੇ ਹਿੰਦੂਤਵਾ ਦੇ ਫਿਰਕੂ ਫਾਸ਼ੀਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ 13ਅਪਰੈਲ 1919 ਨੂੰ ਬਰਤਾਨਵੀ ਸਾਮਰਾਜ ਦੇ ਕਾਲੇ ਕਾਨੂੰਨ ਰੌਲਟ ਐਕਟ ਵਿਰੁੱਧ ਇੱਕਜੁਟ ਹੋ ਕੇ ਜੂਝਦਿਆਂ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲ੍ਹਿਆ ਸੀ। ਉਨ੍ਹਾਂ ਕਿਹਾ ਕਿ ਇਸ ਲਹੂ ਭਿੱਜੀ ਮਿੱਟੀ ਨੂੰ ਮੱਥੇ ਲਾ ਕੇ ਊਧਮ ਸਿੰਘ ਵਰਗੇ ਅਨੇਕਾਂ ਜੰਗਜੂ ਸ਼ਹੀਦਾਂ ਨੇ ਮੁਲਕ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਸਨ। ਅੱਜ ਉਸ ਜੁਝਾਰੂ ਧਰੋਹਰ ਨੂੰ ਮਿਟਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆਪਣੇ ਸੈਂਕੜੇ ਸਾਥੀਆਂ ਸਮੇਤ ਜ਼ਿਲ੍ਹਾ ਆਗੂ ਸਰਵ ਸ਼੍ਰੀ ਗੁਰਬਾਜ ਸਿੰਘ ਸਿੱਧਵਾਂ (ਤਰਨਤਾਰਨ), ਗੁਰਬਚਨ ਸਿੰਘ ਤੇ ਪਲਵਿੰਦਰ ਕੌਰ ਗੋਸਲ (ਅੰਮ੍ਰਿਤਸਰ), ਮੋਹਣ ਸਿੰਘ ਨਕੋਦਰ ਤੇ ਬਲਜੀਤ ਕੌਰ ਮਲਸੀਹਾਂ (ਜਲੰਧਰ) ਅਤੇ ਲਖਵਿੰਦਰ ਸਿੰਘ ਮੰਜਿਆਂਵਾਲੀ (ਗੁਰਦਾਸਪੁਰ) ਆਦਿ ਹਾਜ਼ਰ ਸਨ।