4 ਨਵੇਂ ਕੇਸ ਆਉਣ ਨਾਲ ਮੋਗਾ ਜਿਲ੍ਹੇ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਕੇ 10 ਹੋਈ
ਖਾਲੀ ਪਲਾਟਾਂ ਵਿੱਚ ਪਏ ਡਿਸਪੋਜੋਬਲ ਗਲਾਸ ਪਲੇਟਾਂ ਬਣ ਸਕਦੇ ਹਨ ਖਤਰਾ
ਮੋਗਾ (ਪੰਜ ਦਰਿਆ ਬਿਊਰੋ) ਬਾਰਿਸ਼ਾਂ ਦੇ ਚੱਲ ਰਹੇ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾ. ਅਮਨਪ੍ਰੀਤ ਕੌਰ ਬਾਜਵਾ ਦੇ ਆਦੇਸ਼ਾਂ ਤੇ ਅਤੇ ਜਿਲ੍ਹਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿੱਚ ਫਰਾਈਡੇ ਡ੍ਰਾਈਡੇ ਮੁਹਿੰਮ ਅਧੀਨ ਸਿਹਤ ਵਿਭਾਗ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੀ ਸਾਂਝੀ 14 ਮੈਂਬਰੀ ਸਾਂਝੀ ਟੀਮ ਵੱਲੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚੌਂਕ ਸ਼ੇਖਾਂ, ਟੈਂਕੀ ਵਾਲੀ ਗਲੀ, ਪੱਤੀ ਬਾਜੇਕੀ ਅਤੇ ਪੱਤੀ ਉਸੰਗ ਵਿਖੇ ਡੇਂਗੂ ਲਾਰਵਾ ਲੱਭਣ ਦੀ ਮੁਹਿੰਮ ਚਲਾਈ ਗਈ । ਇਸ ਦੌਰਾਨ ਕੁੱਲ੍ਹ 417 ਦੇ ਕਰੀਬ ਘਰਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਟੀਮ ਨੂੰ 9 ਘਰਾਂ ਵਿੱਚ ਡੇਂਗੂ, ਚਿਕਨਗੁਨੀਆ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ਨਸ਼ਟ ਕਰਵਾਇਆ ਗਿਆ ਅਤੇ ਸਬੰਧਿਤ ਮਕਾਨ ਮਾਲਕਾਂ ਦੇ ਚਲਾਨ ਮੌਕੇ ਤੇ ਜਗਸੀਰ ਸਿੰਘ ਐਸ ਆਈ ਦਫਤਰ ਮਿਉਂਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੱਟੇ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਪੂਰੇ ਇਲਾਕੇ ਵਿੱਚ ਸਪਰੇਅ ਵੀ ਕਰਵਾਈ ਗਈ । ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਐਪੀਡੀਮਾਲੋਜਿਸਟ ਡਾ ਮੁਨੀਸ਼ ਅਰੋੜਾ ਨੇ ਦੱਸਿਆ ਕਿ ਨੇ ਦੱਸਿਆ ਕਿ ਮੋਗਾ ਜਿਲ੍ਹੇ ਵਿੱਚ ਹੁਣ ਤੱਕ 135 ਸ਼ੱਕੀ ਮਰੀਜਾਂ ਦੇ ਟੈਸਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁੱਲ੍ਹ 8 ਮਰੀਜ ਡੇਂਗੂ ਪਾਜਿਟਿਵ ਪਾਏ ਗਏ ਹਨ, ਜਦਕਿ ਦੋ ਕੇਸ ਡੀ ਐਮ ਸੀ ਲੁਧਿਆਣਾ ਵੱਲੋਂ ਰਿਪੋਰਟ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਬੁਖਾਰ ਦੇ ਕੇਸਾਂ ਵਿੱਚ ਇੱਕਦਮ ਵਾਧਾ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਖਤੀ ਕੀਤੀ ਜਾ ਰਹੀ ਹੈ । ਉਹਨਾਂ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿੱਚ ਖਾਸ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਦੇ ਸਮਾਨ ਨੂੰ ਛੱਤ ਹੇਠ ਰੱਖਿਆ ਜਾਵੇ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਪਾਣੀ ਵਾਲੇ ਡਰੰਮਾਂ, ਟਾਇਰਾਂ ਆਦਿ ਨੂੰ ਹਰ ਸ਼ੁਕਰਵਾਰ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ। ਘਰਾਂ ਦੇ ਨਾਲ ਲਗਦੇ ਖਾਲੀ ਪਲਾਟਾਂ ਵਿੱਚ ਪਏ ਡਿਸਪੋਜ਼ੇਬਲ ਗਲਾਸ, ਪਲੇਟਾਂ ਸਾਡੇ ਲਈ ਖਤਰਾ ਬਣ ਸਕਦੇ ਹਨ, ਇਸ ਲਈ ਇਹਨਾਂ ਨੂੰ ਟੋਇਆ ਪੁੱਟ ਕੇ ਦਬਾ ਦਿੱਤਾ ਜਾਵੇ ਅਤੇ ਖੜ੍ਹੇ ਪਾਣੀ ਤੇ ਹਰ ਹਫਤੇ ਕਾਲਾ ਸੜਿਆ ਤੇਲ ਜਾਂ ਡੀਜ਼ਲ ਆਦਿ ਦਾ ਛਿੜਕਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਸਾਫ ਪਾਣੀ ਦੇ ਜਿਆਦਾਤਰ ਸ੍ਰੋਤ ਲੋਕਾਂ ਦੇ ਘਰਾਂ ਅੰਦਰ ਮੌਜੂਦ ਹੁੰਦੇ ਹਨ, ਇਸ ਲਈ ਲੋਕਾਂ ਦੇ ਸਹਿਯੋਗ ਬਿਨ੍ਹਾਂ ਇਹਨਾ ਬਿਮਾਰੀਆਂ ਨੂੰ ਕੰਟਰੋਲ ਕਰਨਾ ਅਤਿ ਮੁਸ਼ਕਿਲ ਹੈ। ਉਹਨਾਂ ਦਿਨ ਵੇਲੇ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾਂਚ ਕਰਕੇ ਚਲਾਨ ਕੱਟੇ ਜਾਂਦੇ ਹਨ ਅਤੇ ਰੋਜ਼ਾਨਾ 500 ਦੇ ਕਰੀਬ ਘਰਾਂ ਅਤੇ ਦੁਕਾਨਾਂ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦੀ ਇਸ ਕਾਰਵਾਈ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਮਿਉਂਸਪਲ ਕਾਰਪੋਰੇਸ਼ਨ ਦੇ ਐਸ ਆਈ ਜਗਸੀਰ ਸਿੰਘ ਤੋਂ ਇਲਾਵਾ 12 ਬ੍ਰੀਡ ਚੈਕਰਾਂ ਦੀ ਪੂਰੀ ਟੀਮ ਹਾਜਰ ਸੀ।