ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਸਰਕਾਰ ਦੁਆਰਾ ਆਉਣ ਵਾਲੀ ਸਰਦੀਆਂ ਦੀ ਰੁੱਤ ਵਿੱਚ ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਸੰਸਥਾਵਾਂ ਲਈ 300 ਮਿਲੀਅਨ ਪੌਂਡ ਦੇ ਵਾਧੂ ਫੰਡਾਂ ਦੀ ਘੋਸ਼ਣਾ ਕੀਤੀ ਗਈ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਏ ਐਂਡ ਈ ਵਿਭਾਗਾਂ ਦੀ ਸਮੱਸਿਆ ਦੇ ਨਾਲ ਨਾਲ ਸਰਜਰੀ ਬੈਕਲਾਗ ਵਧਾਉਣ ਅਤੇ ਬੈੱਡ ਬਲਾਕਿੰਗ ਵਿੱਚ ਵਾਧੇ ਦੇ ਅੰਕੜਿਆਂ ਦੇ ਖੁਲਾਸੇ ਦੇ ਬਾਅਦ ਸਰਦੀਆਂ ਦੀ ਇਹ ਵਿੱਤੀ ਯੋਜਨਾ ਤਿਆਰ ਕੀਤੀ। 300 ਮਿਲੀਅਨ ਪੌਂਡ ਦੇ ਇਸ ਪੈਕੇਜ ਵਿੱਚ 48 ਮਿਲੀਅਨ ਪੌਂਡ ਬਾਲਗ ਸਮਾਜਿਕ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਨੂੰ ਘੱਟੋ ਘੱਟ 10.02 ਪੌਂਡ ਪ੍ਰਤੀ ਘੰਟਾ ਕਰਨ ਲਈ ਹਨ ਅਤੇ 40 ਮਿਲੀਅਨ ਪੌਂਡ ਥੋੜ੍ਹੇ ਸਮੇਂ ਦੀ ਦੇਖਭਾਲ ਵਾਲੇ ਕੇਅਰ ਹੋਮਜ਼ ਦੀ ਲਾਗਤ ਨੂੰ ਪੂਰਾ ਕਰਨ ਲਈ ਹਨ।ਇਸਦੇ ਇਲਾਵਾ ਯੂਸਫ ਨੇ ਕਿਹਾ ਕਿ ਘਰ ਵਿੱਚ ਦੇਖਭਾਲ ਦੀ ਵਿਵਸਥਾ ਵਧਾਉਣ ਲਈ 62 ਮਿਲੀਅਨ ਪੌਂਡ ਹੋਰ ਖਰਚ ਕੀਤੇ ਜਾਣਗੇ। ਇਸ ਦੌਰਾਨ ਸਿਹਤ ਸਕੱਤਰ ਨੇ ਜਨਰਲ ਪ੍ਰੈਕਟਿਸ ਵਿੱਚ ਪ੍ਰਾਇਮਰੀ ਕੇਅਰ ਅਤੇ ਬਹੁ-ਅਨੁਸ਼ਾਸਨੀ ਟੀਮਾਂ ਲਈ ਵਾਧੂ ਫੰਡਾਂ ਦੇ ਨਾਲ, ਹਸਪਤਾਲਾਂ ਅਤੇ ਕਮਿਊਨਿਟੀ ਟੀਮਾਂ ਵਿੱਚ 1000 ਵਾਧੂ ਸਿਹਤ ਅਤੇ ਦੇਖਭਾਲ ਸਹਾਇਤਾ ਸਟਾਫ ਦੀ ਭਰਤੀ ਕਰਨ ਦੀ ਯੋਜਨਾ ਦੀ ਰੂਪ ਰੇਖਾ ਵੀ ਦਿੱਤੀ। ਸਕਾਟਲੈਂਡ ਸਰਕਾਰ ਦੀ ਇਸ ਵਾਧੂ ਸਹਾਇਤਾ ਦੀ ਯੋਜਨਾ ਨਾਲ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਹੋਣ ਦੀ ਉਮੀਦ ਹੈ।
