ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਭਗਤ ਭਾਈ ਲਾਲੋ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਦੇਵ ਜੀ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੇ ਸਬੰਧ ਵਿੱਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਗੁਰੂ ਘਰ ਦੇ ਕੀਰਤਨੀਏ ਭਾਈ ਅਰਵਿੰਦਰ ਸਿੰਘ ਅਤੇ ਭਾਈ ਤੇਜਵੰਤ ਸਿੰਘ ਦੇ ਜੱਥੇ ਵੱਲੋਂ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬੰਮਰਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਗਤਾਂ ਵਧਾਈ ਦੀਆਂ ਪਾਤਰ ਹਨ ਜੋ ਪਰਿਵਾਰਾਂ, ਬੱਚਿਆਂ ਸਮੇਤ ਸਮਾਗਮਾਂ ਦਾ ਹਿੱਸਾ ਬਣਦੀਆਂ ਹਨ। ਬੱਚਿਆਂ ਨੂੰ ਧਰਮ ਅਤੇ ਵਿਰਸੇ ਤੋਂ ਜਾਣੂੰ ਕਰਵਾਉਣਾ ਸਾਡਾ ਪਹਿਲਾ ਫਰਜ਼ ਹੈ ਤਾਂ ਕਿ ਉਹ ਸਾਡੇ ਮਾਣਮੱਤੇ ਇਤਹਾਸ ‘ਤੇ ਮਾਣ ਕਰਨ। ਇਸ ਸਮਾਗਮ ਦੌਰਾਨ ਗੁਰੂ ਘਰ ਅੰਦਰ ਲੱਗਦੀਆਂ ਕੀਰਤਨ ਕਲਾਸਾਂ ਦੇ ਸਿਖਾਂਦਰੂ ਬੱਚਿਆਂ ਵੱਲੋਂ ਵੀ ਕੀਰਤਨ ਕਰਨ ਦੀ ਸੇਵਾ ਹਾਸਲ ਕੀਤੀ ਗਈ। ਇਸ ਸਮੇਂ ਗੁਰਦੁਆਰਾ ਕਮੇਟੀ ਦੀ ਤਰਫੋਂ ਹਰਜੀਤ ਸਿੰਘ ਮੋਗਾ, ਸੋਹਣ ਸਿੰਘ ਸੌਂਦ, ਹਰਜੀਤ ਗਾਬੜੀ, ਪਰਮਜੀਤ ਸਿੰਘ ਗਹੀਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ। ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫਰਜ਼ ਸਰਦਾਰਾ ਸਿੰਘ ਜੰਡੂ ਨੇ ਨਿਭਾਏ।

