ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਐੱਮ 8 ‘ਤੇ ਐਤਵਾਰ 19 ਸਤੰਬਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਉਪਰੰਤ ਪੁਲਿਸ ਜਾਂਚ ਅਧੀਨ ਇੱਕ 35 ਸਾਲਾਂ ਆਦਮੀ ਨੂੰ ਇਸ ਹਾਦਸੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਗ੍ਰਿਫਤਾਰ ਕੀਤੇ ਡਰਾਈਵਰ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਹਾਦਸੇ ਦੇ ਮ੍ਰਿਤਕਾਂ ਵਿੱਚ ਸੈਂਟਰਲ ਗੁਰਦੁਆਰਾ ਸਾਹਿਬ ਦੇ ਸਕੱਤਰ ਨਿਰੰਜਨ ਸਿੰਘ ਬਿਨਿੰਗ ਦਾ ਪੋਤਰਾ ਮਨਵੀਰ ਬਿਨਿੰਗ ਵੀ ਸ਼ਾਮਲ ਸੀ। ਇਸ ਹਾਦਸੇ ਵਿੱਚ ਪੰਜ ਹੋਰ ਵਿਅਕਤੀ ਵੀ ਜਖਮੀ ਹੋਏ ਸਨ। ਇਹ ਸਾਰੇ ਨੀਲੇ ਰੰਗ ਦੀ ਆਡੀ ਕਿਊ 7 ਵਿੱਚ ਸਫਰ ਕਰ ਰਹੇ ਸਨ, ਜਿਸ ਦੌਰਾਨ ਐੱਮ 8 ‘ਤੇ ਹਾਦਸੇ ਦਾ ਸ਼ਿਕਾਰ ਬਣੇ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਹਮਲੇ ਨਾਲ ਸਬੰਧਿਤ ਸ਼ੱਕੀ ਵਿਅਕਤੀ ਨੂੰ ਬਿਨਾਂ ਕਿਸੇ ਦੋਸ਼ ਤੋਂ ਛੱਡਿਆ ਗਿਆ ਹੈ, ਜਦਕਿ ਇਸ ਹਾਦਸੇ ਦੀ ਜਾਂਚ ਜਾਰੀ ਹੈ।
