
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ (ਰੌਸ਼ਨੀ ਦੀ ਬੱਚਤ) ਦੀ ਸ਼ੁਰੂਆਤ ਤਹਿਤ ਘੜੀਆਂ ਦਾ ਸਮਾਂ ਕੱਲ੍ਹ ਐਤਵਾਰ 26 ਸਤੰਬਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 03 ਅਪ੍ਰੈਲ 2022 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ। ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ 25 ਸਤੰਬਰ ਦਿਨ ਸ਼ਨੀਵਾਰ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। ਇਸ ਦਿਨ ਤੁਹਾਨੂੰ ਇਕ ਘੰਟਾ ਦੇ ਕਰੀਬ ਵੱਡਾ ਦਿਨ ਮਹਿਸੂਸ ਹੋਵੇਗਾ। 25 ਸਤੰਬਰ ਨੂੰ ਸੂਰਜ ਸਵੇਰੇ 06.06 ਵਜੇ ਚੜ੍ਹੇਗਾ ਜਦ ਕਿ ਅਗਲੇ ਦਿਨ 26 ਸਤੰਬਰ ਨੂੰ ਸਵੇਰੇ 07.04 ਮਿੰਟ ਉਤੇ ਚੜ੍ਹੇਗਾ। ਇਸ ਦਿਨ ਸੂਰਜ ਛਿਪਣ ਦਾ ਸਮਾਂ ਰਹੇਗਾ ਸ਼ਾਮ 07.20। ਰੋਜ਼ਾਨ 2-3 ਮਿੰਟ ਦਿਨ ਵੱਡਾ ਹੁੰਦਾ ਜਾਵੇਗਾ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ। ਆਸਟਰੇਲੀਆ ਦੇ ਵਿਚ ਵੀ ਇਹ ਸਮਾਂ 03 ਅਕਤੂਬਰ 2021 ਨੂੰ ਤੜਕੇ 2 ਵਜੇ ਅੱਗੇ ਕੀਤਾ ਜਾਵੇਗਾ।
ਮੌਸਮ ਬਸੰਤ ਦਾ: ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਬਸੰਤ (Spring) ਦਾ ਮੌਸਮ ਚੱਲ ਰਿਹਾ ਹੈ ਜੋ ਕਿ ਨਵੰਬਰ ਤੱਕ ਜਾਰੀ ਰਹੇਗਾ। ਇਸ ਮੌਸਮ ਨੂੰ ਸਰਦੀ ਤੋਂ ਗਰਮੀ ਦਾ ਸਫਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਨਿੱਘਾ ਮੌਸਮ, ਨਵੇਂ ਲੇਲੇ ਅਤੇ ਚਮਕਦਾਰ ਫੁੱਲਾਂ ਦੀ ਪੈਦਾਵਾਰ ਹੋਵੇਗੀ।