ਬਠਿੰਡਾ (ਅਸ਼ੋਕ ਵਰਮਾ) ਸਾਲ 1964 ’ਚ ਬਣੀ ਪੰਜਾਬੀ ਫਿਲਮ ‘ਮਾਮਾ ਜੀ’ ਦਾ ਗਾਣਾ ‘ਧੁੱਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ ਦੂਰ ਦੂਰ ਤੱਕ ਰਾਹਾਂ ਵੀ ਉਦਾਸ ਨੇ’ ਇੰਨ੍ਹੀਂ ਦਿਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਮਾਮਲੇ ’ਚ ਪੂਰੀ ਤਰਾਂ ਸਟੀਕ ਬੈਠਦਾ ਹੈ। ਕੈਪਟਨ ਨੂੰ ਅਹੁਦੇ ਤੋਂ ਹਟਾਉਣ ਉਪਰੰਤ ਇਸ ਤਰਫ ਨੂੰ ਜਾਣ ਵਾਲੀਆਂ ਸੜਕਾਂ ਤੇ ਸੁੰਨ ਪੱਸਰੀ ਹੋਈ ਹੈ ਜਦੋਂਕਿ ਪਿਛਲੇ ਸਾਢੇ ਚਾਰ ਸਾਲ ਦੇ ਅਰਸੇ ਦੌਰਾਨ ਇਹ ਖਿੱਤਾ ਜਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਅਤੇ ਪਟਿਆਲਾ ਪੁਲਿਸ ਦੀ ‘ ਝੰਬਣ ਮੁਹਿੰਮ’ ਦਾ ਗਵਾਹ ਬਣਿਆ ਹੋਇਆ ਸੀ। ਕੈਪਟਨ ਦੇ ਗੱਦੀ ਤੋਂ ਲੱਥਦਿਆਂ ਹੀ ਪਟਿਆਲਵੀਆਂ ਅਤੇ ਪਟਿਆਲਾ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ । ਪੁਲਿਸ ਨੇ ਸ਼ਹਿਰ ਦੀਆਂ ਕਾਫੀ ਥਾਵਾਂ ਤੋਂ ਬੈਰੀਕੇਡ ਹਟਾ ਦਿੱਤੇ ਹਨ। ਸੰਘਰਸ਼ੀ ਧਿਰਾਂ ਦੇ ਪ੍ਰੈਸ ਨੋਟਾਂ ਵਿੱਚੋਂ ਮੋਤੀ ਮਹਿਲ ਦਾ ਨਾਮ ਇੱਕਦਮ ਗਾਇਬ ਹੋ ਗਿਆ ਹੈ। ਇਸ ਤੋਂ ਪਹਿਲਾਂ ਦੇਖਣ ’ਚ ਆਉਂਦਾ ਸੀ ਕਿ ਧਰਨਿਆਂ ਮੁਜ਼ਾਹਰਿਆਂ ਕਾਰਨ ਨਿੱਤ ਦੇ ਜਾਮ ਸ਼ਹਿਰ ਵਾਸੀਆਂ ਦਾ ਨਸੀਬ ਬਣੇ ਹੋਏ ਸਨ ਤਾਂ ਨਿੱਤ ਰੋਜ ਪੁਲਿਸ ਹੱਥੋਂ ਸੰਘਰਸ਼ ਧਿਰਾਂ ਨੂੰ ਪੁਲਿਸ ਹੱਥੋਂ ਝੱਲਣੀ ਪੈਂਦੀ ਕੁੱਟਮਾਰ ਅਤੇ ਬੇਰੁਜ਼ਗਾਰ ਮੁਟਿਆਰਾਂ ਕੁੜੀਆਂ ਦੀ ਰੁਲਦੀਆਂ ਚੁੰਨੀਆਂ ਨੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਹੋਇਆ ਸੀ। ਪਿੱਛੇ ਜਿਹੇ ਚੱਲੀ ਲਗਾਤਾਰ ਧਰਨਿਆਂ ਦੀ ਲੜੀ ਨੂੰ ਦੇਖਦਿਆਂ ਸ਼ਹਿਰ ਵਾਸੀ ਵੀ ਆਖਣ ਲੱਗ ਪਏ ਸਨ ਕਿ ਰਾਜਿਆਂ ਮਹਾਰਾਜਿਆਂ ਦਾ ਸ਼ਾਹੀ ਸ਼ਹਿਰ ਹੁਣ ਧਰਨਿਆਂ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ ਹੈ। ਖਾਸ ਤੌਰ ਤੇ ਜਦੋਂ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਮਹੀਨਿਆਂ ਵੱਲ ਵਧਣੀ ਸ਼ੁਰੂ ਹੋ ਗਈ ਸੀ ਤਾਂ ਰੋਸ ਮੁਜਾਹਰਿਆਂ ਦਾ ਹੜ੍ਹ ਹੀ ਆ ਗਿਆ ਸੀ। ਪਹਿਲੀ ਮਾਰਚ 2021 ਤੋਂ ਲੈ ਕੇ 31 ਅਗਸਤ 2021 ਤੱਕ ਦੇ ਤੱਥ ਗਵਾਹ ਹਨ ਜਿਸ ਦੌਰਾਨ ਤਕਰੀਬਨ 12 ਸੌ ਧਰਨੇ ਮੁਜਾਹਰੇ ਹੋਏ ਜਿੰਨ੍ਹਾਂ ਦੀ ਔਸਤ ਰੋਜਾਨਾ ਕਰੀਬ ਸੱਤ ਬਣਦੀ ਹੈ। ਇਨ੍ਹਾਂ ਛੇ ਮਹੀਨਿਆਂ ’ਚ ਵੱਖ ਵੱਖ ਜਥੇਬੰਦੀਆਂ ਨੇ 57 ਸੂਬਾ ਪੱਧਰੀ ਧਰਨੇ ਲਾਏ ਸਨ ਜਦੋਂ ਕਿ ਧਰਨੇ, ਰੈਲੀਆਂ ਦੀ ਗਿਣਤੀ 1096 ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਵਾਈਪੀਐਸ ਚੌਂਕ ਤੱਕ 105 ਵਾਰ ਰੋਸ ਮੁਜਾਹਰਿਆਂ ਅਤੇ ਜਾਮ ਦਾ ਦੌਰ ਚਲਾਇਆ ਗਿਆ। ਮਹੱਤਵਪੂਰਨ ਤੱਥ ਹੈ ਕਿ ਕਈ ਸੰਘਰਸ਼ਾਂ ਦੌਰਾਨ ਹੋਏ ਇਕੱਠ ਦੇਖਕੇ ਲੋਕਾਂ ਨੂੰ ਇੱਕ ਨਿਵੇਕਲਾ ਅਤੇ ਹੈਰਾਨ ਕਰਨ ਵਾਲਾ ਤਜ਼ਰਾਬਾ ਹੋਇਆ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਤਾਂ ਇਨ੍ਹਾਂ ਧਰਨਿਆਂ ਕਾਰਨ ਹਰ ਵਕਤ ਪੱਬਾਂ ਭਾਰ ਰਹਿਣਾ ਹੀ ਪਿਆ ਬਲਕਿ ਆਮ ਲੋਕ ਵੀ ਧਰਨਿਆਂ ਨੇ ਸੂਲੀ ਤੇ ਟੰਗੇ ਹੋਏ ਸਨ। ਉਨ੍ਹਾਂ ਆਫ ਦੀ ਰਿਕਾਰਡ ਮੰਨਿਆ ਕਿ ਪਿਛਲੇ ਦੋ ਦਿਨਾਂ ਤੋਂ ਕੁੱਝ ਅਰਾਮ ਮਿਲਿਆ ਹੈ ਨਹੀਂ ਤਾਂ ਸੁੱਤਿਆਂ ਨੂੰ ਵੀ ਨਾਅਰੇ ਲੱਗਦੇ ਸੁਣਾਈ ਦਿੰਦੇ ਸਨ ਜਿੰਨ੍ਹਾਂ ਤੋਂ ਹੁਣ ਰਾਹਤ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਹਰ ਧਰਨਾ ਮੁਜਾਹਰਾ ਪੁਲਿਸ ਲਈ ਸਿਰਦਰਦੀ ਬਣਦਾ ਰਿਹਾ ਪਰ ਦੋ ਦਰਜਨ ਵਾਰ ਤਾਂ ਅਜਿਹੀ ਸਥਿਤੀ ਬਣੀ ਜਦੋਂ ਵੱਡੇ ਰੋਸ ਮਾਰਚਾਂ ਕਾਰਨ ਪੁਲਿਸ ਹੈਡਕੁਆਟਰ ਤੋਂ ਨਫਰੀ ਦੀ ਮੰਗ ਕਰਨੀ ਪਈ ਹੈ। ਦੱਸਣਯੋਗ ਹੈ ਜਦੋਂ ਤੋਂ ਪੰਜਾਬ ਦੀ ਸੱਤਾ ਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਸਨ ਤਾਂ ਉਦੋਂ ਤੋਂ ਹੀ ਕੈਪਟਨ ਦੀ ਸ਼ਾਹੀ ਸ਼ਹਿਰ ਪਟਿਆਲਾ ਵਿਚਲੀ ਰਿਹਾਇਸ਼ ਮੋਤੀ ਮਹਿਲ ਤੋਂ ਇਲਾਵਾ ਸ਼ਹਿਰ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਸੀ। ਆਪਣੇ ਰਾਜ ਭਾਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਮੋਤੀ ਮਹਿਲ ’ਚ ਮਸਾਂ 2-4 ਵਾਰ ਹੀ ਆਏ ਫਿਰ ਵੀ ਪੰਜਾਬ ਦੀ ਹਰ ਮੁਲਾਜ਼ਮ, ਮਜਦੂਰ, ਕਿਸਾਨ, ਠੇਕਾ ਪ੍ਰਣਾਲੀ ਤਹਿਤ ਕੰਮ ਕਰਦੇ ਮੁਲਾਜਮਾਂ ਅਤੇ ਬੇਰੁਜਗਾਰ ਅਧਿਆਪਕ ਜਥੇਬੰਦੀਆਂ ਨੇ ਹਰੇਕ ਦਿੱ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਚੋਣਾਂ ਨੇੜੇ ਆਉਣ ਕਾਰਨ ਸ਼ਹਿਰ ਦੇ ਫਿਕਰ ਵਧੇ ਹੋਏ ਸਨ ਜਿੰਨ੍ਹਾਂ ਤੋਂ ਹੁਣ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ।
ਸ਼ਹਿਰ ਨੇ ਤਾਂ ਧਰਨਿਆਂ ਦੀ ਸਜ਼ਾ ਭੁਗਤੀ
ਰੋਜ਼ਾਨਾ ਦੇ ਧਰਨਿਆਂ ਨੇ ਪਟਿਆਲਾ ਵਾਸੀਆਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਪੱਲੇ ਧਰਨੇ ਹੀ ਪਏ ਹਨ ਜਦੋਂਕਿ ਸ਼ਹਿਰ ਦੇ ਬੁਨਿਆਦੀ ਮਸਲਿਆਂ ਦੀ ਤਾਂਕਿਸੇ ਨੇ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਮੁਤਾਬਕ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਪ੍ਰਰਦਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਹੋਰਨਾਂ ਲਈ ਸਮੱਸਿਆ ਖੜ੍ਹੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਆਮ ਨਾਗਰਿਕਾਂ ਦੁਕਾਨਦਾਰਾਂ ਅਤੇ ਹੋਰਨਾਂ ਵਰਗਾਂ ਨੇ ਆਵਜਾਈ ਦੇ ਜਾਮ ਵਿੱਚ ਆਪਣਾ ਕੀਮਤੀ ਸਮਾਂ ਅਤੇ ਮਹਿੰਗਾ ਤੇਲ ਫੂਕਣ ਦੀ ਸਜ਼ਾ ਭੁਗਤੀ ਹੈ ਜਿਸ ਤੋਂ ਹੁਣ ਰਾਹਤ ਦੀ ਸੰਭਾਵਨਾ ਹੈ।
ਸਿਆਸੀ ਲੋਕ ਜਿੰਮੇਵਾਰ:ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਨ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਗੱਲ ਨਹੀਂ ਸੁਣਦੀਆਂ ਤਾਂ ਮਜਬੂਰੀ ਵੱਸ ਲੋਕਾਂ ਨੂੰ ਧਰਨਿਆਂ ਮੁਜਾਹਰਿਆਂ ਲਈ ਸੜਕਾਂ ਤੇ ਉੱਤਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਅਸਲ ’ਚ ਸਿਆਸੀ ਲੋਕ ਗੱਦੀ ਤੇ ਕਬਜਾ ਕਰਨ ਲਈ ਲੋਕਾਂ ਨਾਲ ਜੋ ਵਾਅਦੇ ਕਰਦੇ ਹਨ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਵੀ ਲੋਕ ਇਸ ਰਾਹ ਪੈਂਦੇ ਹਨ ਰੁਲਣ ਦਾ ਕਿਸੇ ਨੂੰ ਸ਼ੌਕ ਨਹੀਂ ਹੈ।