ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਪੈਂਦੇ ਸ਼ਹਿਰ ਡੇਲ ਰਿਓ ਵਿੱਚ ਇੱਕ ਪੁਲ ਹੇਠਾਂ ਇਕੱਠੇ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੇ ਭਾਰੀ ਇਕੱਠ ਨੂੰ ਸੰਭਾਲਣ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ ਤਕਰੀਬਨ 400 ਬਾਰਡਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬੰਧੀ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ (ਡੀ ਐੱਚ ਐੱਸ) ਦੱਸਿਆ ਕਿ 400 ਬਾਰਡਰ ਪੈਟਰੋਲ ਏਜੰਟਾਂ ਨੂੰ ਇਕੱਠੀ ਹੋਈ ਭੀੜ ਨੂੰ ਸੰਭਾਲਣ ਅਤੇ ਸਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਵਿੱਚ ਟੈਕਸਸ ਦੇ ਡੇਲ ਰਿਓ ਭੇਜਿਆ ਜਾਵੇਗਾ। ਏਜੰਸੀ ਦੇ ਸ਼ਨੀਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਬਾਰਡਰ ਏਜੰਟਾਂ ਦੇ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਪਹੁੰਚਣ ਦੀ ਉਮੀਦ ਹੈ। ਡੀ ਐੱਚ ਐੱਸ ਅਨੁਸਾਰ ਸਥਿਤੀ ਨੂੰ ਸੰਭਾਲਣ ਲਈ ਜੇ ਹੋਰ ਵਾਧੂ ਸਟਾਫ ਦੀ ਜ਼ਰੂਰਤ ਹੋਵੇਗੀ ਤਾਂ ਹੋਰ ਬਾਰਡਰ ਏਜੰਟ ਵੀ ਭੇਜੇ ਜਾਣਗੇ। ਏਜੰਸੀ ਨੇ ਇਹ ਵੀ ਦੱਸਿਆ ਕਿ ਡਿਪੋਰਟ ਕਰਨ ਤੋਂ ਪਹਿਲਾਂ ਜਿਆਦਾਤਰ ਲੋਕਾਂ ਨੂੰ ਡੇਲ ਰਿਓ ਤੋਂ ਹੋਰ ਪ੍ਰੋਸੈਸਿੰਗ ਸਥਾਨਾਂ ਤੇ ਤਬਦੀਲ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਹੈਤੀ ਵਾਸੀਆਂ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾਉਣ ਦਾ ਵਾਅਦਾ ਕੀਤਾ ਹੈ , ਜਿਸ ਤਹਿਤ ਦਿਨ ਵਿੱਚ ਪੰਜ ਤੋਂ ਅੱਠ ਉਡਾਣਾਂ ਦੀ ਰਵਾਨਗੀ ਦੀ ਯੋਜਨਾ ਬਣਾਈ ਗਈ ਹੈ।