ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ। ਜਿੱਥੇ ਹਜ਼ਾਰਾਂ ਲੋਕ ਕੋਰੋਨਾ ਨੂੰ ਹਰਾਉਣ ਲਈ ਕੋਰੋਨਾ ਟੀਕਾ ਲਗਵਾ ਰਹੇ ਹਨ, ਉੱਥੇ ਹੀ ਸੈਂਕੜੇ ਲੋਕ ਕੋਰੋਨਾ ਵੈਕਸੀਨ ਦਾ ਵਿਰੋਧ ਵੀ ਕਰ ਰਹੇ ਹਨ। ਪਿਛਲੇ ਕੁੱਝ ਵਕਫੇ ਦੌਰਾਨ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਫਿਰ ਤੋਂ ਵਾਧਾ ਹੋਣ ਕਰਕੇ, ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸੂਬਾ ਪ੍ਰਸ਼ਾਸਨਾਂ ਵੱਲੋਂ ਵੈਕਸੀਨ ਦੀ ਜਰੂਰਤ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਲਈ ਵੈਕਸੀਨ ਵਿਰੋਧੀ ਲੋਕਾਂ ਵੱਲੋਂ ਇਸਦੀ ਜਰੂਰਤ ਦਾ ਪ੍ਰਦਰਸ਼ਨਾਂ ਰਾਹੀਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਵਿਰੋਧ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ਵਿੱਚ ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਦੁਆਰਾ ਸੜਕਾਂ ‘ਤੇ ਉੱਤਰ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਝੰਡੇ, ਬੈਨਰ ਅਤੇ ਹੋਰ ਚਿੰਨ੍ਹ ਲਹਿਰਾਉਂਦੇ ਵੱਖ ਵੱਖ ਖੇਤਰਾਂ, ਕਾਰੋਬਾਰਾਂ ਵਿੱਚ ਟੀਕਿਆਂ ਦੀ ਜਰੂਰਤ ਦਾ ਵਿਰੋਧ ਕਰਦਿਆਂ ਨਾਹਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ “ਆਜ਼ਾਦੀ” ਅਤੇ “ਮੇਰਾ ਸਰੀਰ ਮੇਰੀ ਪਸੰਦ” ਦੇ ਨਾਹਰੇ ਲਗਾਉਂਦਿਆਂ ਬਾਈਡੇਨ ਪ੍ਰਸ਼ਾਸਨ ਲਈ ਆਪਣਾ ਗੁੱਸਾ ਪ੍ਰਗਟ ਕੀਤਾ। ਇਹ ਵਿਰੋਧ ਪ੍ਰਦਰਸ਼ਨ “ਵਰਲਡ ਵਾਈਡ ਰੈਲੀ ਫਾਰ ਫਰੀਡਮ” ਦਾ ਹਿੱਸਾ ਸੀ, ਜੋ ਕਿ ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਹੋਈ।