ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਪਾਬੰਦੀਆਂ ਹਟਣ ਤੋਂ ਬਾਅਦ ਸਕੂਲ ਵਿਅਕਤੀਗਤ ਕਲਾਸਾਂ ਦੇਣ ਲਈ ਖੋਲ੍ਹੇ ਗਏ ਹਨ। ਪਰ ਇਸ ਦੌਰਾਨ ਅਮਰੀਕਾ ਦੇ ਤਕਰੀਬਨ ਅੱਧੇ ਤੋਂ ਵੱਧ ਸਕੂਲ, ਸਕੂਲੀ ਬੱਸਾਂ ਦੇ ਡਰਾਈਵਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇੱਕ ਦੇਸ਼ ਵਿਆਪੀ ਸਰਵੇਖਣ ਦੇ ਅਨੁਸਾਰ, ਅਮਰੀਕਾ ਦੇ ਅੱਧੇ ਤੋਂ ਵੱਧ ਸਕੂਲ ਡਿਸਟ੍ਰਿਕਟਾਂ ਵੱਲੋਂ ਡਰਾਈਵਰਾਂ ਦੀ ਘਾਟ ਸਬੰਧੀ ਰਿਪੋਰਟ ਕੀਤੀ ਗਈ ਹੈ। ਸਕੂਲੀ ਵਿਭਾਗ ਅਨੁਸਾਰ ਬਹੁਤ ਸਾਰੇ ਡਰਾਈਵਰ ਮਹਾਂਮਾਰੀ ਦੇ ਦੌਰਾਨ ਸੇਵਾਮੁਕਤ ਹੋ ਗਏ ਅਤੇ ਹੁਣ ਕੁੱਝ ਸੰਭਾਵਤ ਤੌਰ ਤੇ ਸੰਕਰਮਿਤ ਬੱਚਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਤੋਂ ਡਰਦੇ ਹਨ। ਇਸ ਘਾਟ ਦੇ ਚਲਦਿਆਂ ਮੈਸੇਚਿਉਸੇਟਸ ਵਿੱਚ, ਨੈਸ਼ਨਲ ਗਾਰਡ ਮੈਂਬਰਾਂ ਨੂੰ ਸਕੂਲੀ ਬੱਸਾਂ ਚਲਾਉਣ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਹੁਣ ਪੈਨਸਿਲਵੇਨੀਆ ਵੀ ਅਜਿਹਾ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਸਦੇ ਇਲਾਵਾ ਬਾਲਟੀਮੋਰ ਸਿਟੀ ਪਬਲਿਕ ਸਕੂਲਾਂ ਦੀ ਮੁੱਖ ਕਾਰਜਕਾਰੀ ਅਧਿਕਾਰੀ ਲਿਨੇਟ ਵਾਸ਼ਿੰਗਟਨ ਅਨੁਸਾਰ ਉਸ ਨੂੰ ਹਰ ਮਿੰਟ ਵਿੱਚ ਡਰਾਈਵਰਾਂ ਦੀ ਘਾਟ ਬਾਰੇ ਫੋਨ ਆਉਂਦਾ ਹੈ। ਅਧਿਕਾਰੀਆਂ ਅਨੁਸਾਰ ਦੇਸ਼ ਵਿੱਚ ਪੈਦਾ ਹੋਈ ਸਕੂਲੀ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਫਿਲਹਾਲ ਕੁੱਝ ਵਕਤ ਲੱਗ ਸਕਦਾ ਹੈ।
