ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕਈ ਸੂਬਿਆਂ ਵਿੱਚ ਵਾਇਰਸ ਦੀ ਲਾਗ ‘ਚ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਇਹਨਾਂ ਸੂਬਿਆਂ ਵਿੱਚ ਅਲਾਸਕਾ ਵੀ ਸ਼ਾਮਲ ਹੈ। ਅਲਾਸਕਾ ਸਟੇਟ ਦੇ ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਲਾਸਕਾ, ਇਸ ਵੇਲੇ ਅਮਰੀਕਾ ਵਿੱਚ ਕੋਵਿਡ -19 ਦੇ ਮਾਮਲਿਆਂ ਸਬੰਧੀ ਸਭ ਤੋਂ ਤੇਜ਼ ਵਾਧੇ ਦਾ ਅਨੁਭਵ ਕਰ ਰਿਹਾ ਹੈ। ਇਸ ਸਬੰਧੀ ਅਲਾਸਕਾ ਦੇ ਡਾਕਟਰ ਜੋਅ ਮੈਕਲਾਫਲਿਨ ਨੇ ਦੱਸਿਆ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਵਾਇਰਸ ਦੀ ਲਾਗ ਦੇ ਵਾਧੇ ਦੀ ਸਥਿਤੀ ਕਦੋਂ ਸਥਿਰ ਹੋ ਸਕਦੀ ਹੈ। ਜੋਅ ਅਨੁਸਾਰ ਲਾਗ ਦਾ ਰੁਕਣਾ ਕੋਰੋਨਾ ਟੀਕਾਕਰਨ ਦੀਆਂ ਦਰਾਂ ਅਤੇ ਸਾਵਧਾਨੀਆਂ ਜਿਵੇਂ ਕਿ ਮਾਸਕਿੰਗ ਅਤੇ ਸਮਾਜਿਕ ਦੂਰੀਆਂ ‘ਤੇ ਬਹੁਤ ਨਿਰਭਰ ਕਰੇਗਾ। ਸੂਬੇ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲਾਂ ਵਿੱਚ ਸਟਾਫ
ਦੀ ਘਾਟ ਅਤੇ ਸਮਰੱਥਾ ਦੀ ਸਮੱਸਿਆ ਵੀ ਆ ਰਹੀ ਹੈ। ਇਸਦੇ ਇਲਾਵਾ ਰਾਜ ਦੇ ਸਿਹਤ ਵਿਭਾਗ ਨੇ ਅਲਾਸਕਾ ਦੇ ਹਸਪਤਾਲ ਵਿੱਚ ਦਾਖਲ 20% ਮਰੀਜ਼ਾਂ ਵਿੱਚ ਕੋਵਿਡ -19 ਹੋਣ ਦੀ ਰਿਪੋਰਟ ਵੀ ਦਿੱਤੀ ਹੈ। ਇਸੇ ਦੌਰਾਨ ਸਟੇਟ ਦੇ ਕਈ ਹਸਪਤਾਲਾਂ ਵਿੱਚ ਸਟਾਫ ਵਾਸਤੇ ਕੋਰੋਨਾ ਵੈਕਸੀਨ ਨੂੰ ਜਰੂਰੀ ਕੀਤਾ ਜਾ ਰਿਹਾ ਹੈ।
