ਕਰਮ ਸੰਧੂ
ਬੀਤੇ ਸ਼ਨੀਵਾਰ ਪਾਰਟੀਲੈਂਡ ਮੈਰਿਜ਼ ਪੈਲੇਸ ਬਰਨਾਲਾ ਵਿਖੇ ਕੀਤੇ ਸਮਾਗਮ ‘ਮੋਹ ਦੀਆਂ ਤੰਦਾਂ’ ਤਹਿਤ ਮਿਆਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਜਨਾਬ ‘ਭਿੰਦਰ ਡੱਬਵਾਲੀ’ ਤੇ ਆਏ ਹੋਰ ਕਲਾਕਾਰਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਗਿਆ। ਆਏ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਪਿਆਰ ਸਤਿਕਾਰ ਤੇ ਅਦਬ ਦਿੱਤਾ ਗਿਆ। ਇਸ ਮੁਬਾਰਕ ਮੌਕੇ ਤੇ ਲੋਕ ਗਾਇਕ ‘ਗੁਰਦਾਸ ਸੰਧੂ’ ਨੇ ਆਪਣੇ ਲਿਖੇ ਗੀਤਾਂ ਨੂੰ ਗਾ ਕੇ ਖੂਬ ਮੇਲਾ ਲੁੱਟਿਆ। ਮਹਿਮਾਨ ਕਲਾਕਾਰ ਤੇ ਅਲਗੋਜ਼ੇ ਵਾਦਕ ਕਰਮਜੀਤ ਸਿੰਘ ਬੱਗਾ ਨੇ ਆਪਣੇ ਅੰਦਾਜ਼ ਨਾਲ ਰੌਣਕਾਂ ਲਾਈਆਂ। ਉਨ੍ਹਾਂ ਨਾਲ ਪਹੁੰਚੇ ਗਾਇਕ ‘ਦੀਪ ਜਡੋਰੀਆ’ ਨੇ ਵੀ ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲਾਈ। ਇਸੇ ਮੌਕੇ ਕਵਿੱਤਰੀ ‘ਮੋਨਿਕਾ ਰਾਣੀ’ ਨੇ ਇੱਕ ਕਵਿਤਾ ਜ਼ਰੀਏ ਸਰਦਾਰ ‘ਭਗਤ ਸਿੰਘ’ ਜੀ ਨੂੰ ਸਰਧਾਂਜਲੀ ਦੇ ਰੂਪ ਵਿਚ ਸਰਧਾ ਦੇ ਫੁੱਲ ਭੇਂਟ ਕੀਤੇ ਤਾਂ ਸਭ ਸੁਨਣ ਵਾਲਿਆਂ ਨੇ ਮਹਿਸੂਸ ਕੀਤਾ ਕਿ ਚੰਗਾ ਸਾਹਿਤ ਦਰਅਸਲ ਓਹ ਭਾਸ਼ਾ ਹੈ ਜਿਸ ਵਿਚ ਜੀਵਨ ਦੇ ਨਵੇਂ-ਨਵੇਰੇ ਜੁਆਨ ਤੇ ਚੜ੍ਹਦੀਕਲਾ ਵਾਲੇ ਅਰਥ ਭਰੇ ਹੋਏ ਹੁੰਦੇ ਹਨ। ਲਿਆਕਤ ਦਾ ਬੀਜ਼ ਐਨਾ ਸੌਖਾ ਨਾਸ਼ ਨਹੀਂ ਹੁੰਦਾ। ਇਸੇ ਮਰਤਬੇ ਤੇ ਚਲਦਿਆ ‘ਮੋਹ ਦੀਆਂ ਤੰਦਾਂ’ ਗਰੁੱਪ ਦੇ ਸਮੂਹ ਮੈਂਬਰ ਸਹਿਬਾਨਾਂ ਨੇ ਖੂਬਸੂਰਤ ਉਦਾਹਰਣ ਪੇਸ਼ ਕੀਤੀ ਅਤੇ ਭਵਿੱਖ ‘ਚ ਉਮੀਦ ਵੀ ਰੱਖੀ ਕਿ ਇਹ ਕਵਿਤਾ ਵਰਗੇ ਸੂਖਮ, ਕੋਮਲ ਤੇ ਪਿਆਰੇ ਚਿਹਰੇ, ਸੰਗੀਤਕ ਫੁੱਲਝੜੀਆਂ ਰਾਹੀਂ ਸਾਨੂੰ ਜੀਵਨ ਮਾਨਣ ਦੇ ਹੋਰ ਖੂਬਸੂਰਤ ਸੁਨੇਹੇ ਦੇਣਗੇ। ਇਹ ਸਾਰਾ ਖੂਬਸੂਰਤ ਉਪਰਾਲਾ ਹਰਫੂਲ ਭੁੱਲਰ ਮੰਡੀ ਕਲਾਂ ਅਤੇ ਦਵਿੰਦਰ ਬਰਨਾਲਾ ਜੀ ਵੱਲੋਂ ਸਾਰੇ ਗਰੁੱਪ ਦੇ ਸਹਿਯੋਗ ਨਾਲ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਭੰਗੜਾ ਕੋਚ ਹਰਜੀਤ ਸਿੰਘ ਦਰਦੀ, ਵਿਸ਼ਵ ਪ੍ਰਸਿੱਧ ਸਟੇਜ ਚਾਲਕ ਜਗਦੀਪ ਜੋਗਾ, ਵਿਸ਼ੇਸ਼ ਸਹਿਯੋਗ ਰਿਹਾ ਪੈਲਿਸ ਮਾਲਿਕ ਜਤਿੰਦਰ ਸਿੰਘ ਸ਼ੇਰਗਿੱਲ, ਰਮਨ ਢਿੱਲੋਂ ਪੱਤੀ ਸੇਖਵਾਂ, ਐਡਵੋਕੇਟ ਅਮਨ ਢਿੱਲੋਂ, ਸੁਰਜੀਤ ਭੁੱਲਰ ਹੁਰਾਂ ਦਾ, ਹੋਰ ਵੀ ਸਹਿਤਕ ਖੇਤਰ ਦੀਆਂ ਬਹੁਤ ਨਾਮਵਰ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਾਮਿਲ ਹੋਈਆਂ। ਸਾਰਿਆਂ ਦੇ ਸਹਿਯੋਗ ਨਾਲ ਸਭ ਨੇ ਰਲਮਿਲਕੇ ਸੰਗੀਤਕ ਮਹਿਫ਼ਲ ਦਾ ਖੂਬ ਆਨੰਦ ਮਾਣਿਆ। ਸਮਾਂ ਯਾਦਗਾਰੀ ਰਿਹਾ। ਅਗਲੇ ਸਮਾਗਮ ਦੀ ਰੂਪ ਰੇਖਾ ਜਲਦੀ ਬਣਾਉਣ ਦਾ ਅਹਿਦ ਲਿਆ ਗਿਆ।
