ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਐਡਿਨਬਰਾ ਵਿੱਚ ਇੱਕ ਵਿਸ਼ਾਲ ਕੋਰੋਨਾ ਵੈਕਸੀਨ ਕੇਂਦਰ ਨੂੰ 250,000 ਤੋਂ ਵੱਧ ਵੈਕਸੀਨ ਖੁਰਾਕਾਂ ਦੇਣ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐੱਨ ਐੱਚ ਐੱਸ ਲੋਥੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੇਅ ਮਾਰਕੀਟ ਦੇ ਨੇੜੇ ਐਡਿਨਬਰਾ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿੱਚ ਵੈਕਸੀਨ ਟੀਮਾਂ ਅੱਠ ਮਹੀਨਿਆਂ ਦੇ ਕੰਮ ਤੋਂ ਬਾਅਦ 19 ਸਤੰਬਰ ਨੂੰ ਆਪਣਾ ਅੰਤਮ ਟੀਕਾਕਰਨ ਕਰਨਗੀਆਂ। ਸਕਾਟਲੈਂਡ ਸਿਹਤ ਅਥਾਰਟੀ ਅਨੁਸਾਰ ਫਰਵਰੀ ਵਿੱਚ ਖੋਲ੍ਹੇ ਗਏ ਇਸ ਕੇਂਦਰ ਨੇ ਵੈਕਸੀਨ ਮੁਹਿੰਮ ਦੌਰਾਨ ਤਕਰੀਬਨ 131,897 ਪਹਿਲੀਆਂ ਅਤੇ 122,747 ਦੂਜੀਆਂ ਖੁਰਾਕਾਂ ਲਗਾਈਆਂ। ਇਸ ਸੈਂਟਰ ਦੇ ਬੰਦ ਹੋਣ ਤੋਂ ਬਾਅਦ ਹੁਣ ਇੰਗਲਿਸਟਨ ਵਿਚਲਾ ਲੋਲੈਂਡ ਹਾਲ ਹੁਣ ਇਸ ਸਿਹਤ ਬੋਰਡ ਦਾ ਸਭ ਤੋਂ ਵੱਡਾ ਟੀਕਾ ਕੇਂਦਰ ਬਣ ਜਾਵੇਗਾ। ਐੱਨ ਐੱਚ ਐੱਸ ਲੋਥੀਅਨ ਅਨੁਸਾਰ, ਲੋਥੀਅਨ ਵਿੱਚ 673,000 ਤੋਂ ਵੱਧ ਲੋਕਾਂ ਨੇ ਕੋਵਿਡ -19 ਟੀਕੇ ਦੀਆਂ 1.2 ਮਿਲੀਅਨ ਤੋਂ ਵੱਧ ਖੁਰਾਕਾਂ ਪ੍ਰਾਪਤ ਕੀਤੀਆਂ ਹਨ।
