ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਹਸਪਤਾਲਾਂ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਬਲਿਕ ਹੈਲਥ ਇੰਗਲੈਂਡ ਦੇ ਅੰਕੜਿਆਂ ਅਨੁਸਾਰ ਇਹਨਾਂ ਵਿੱਚ 50 ਸਾਲ ਤੋਂ ਘੱਟ ਉਮਰ ਦੇ ਕੋਵਿਡ ਮਰੀਜ਼ਾਂ ਦੀ ਲਗਭਗ ਤਿੰਨ-ਚੌਥਾਈ ਗਿਣਤੀ ਉਹਨਾਂ ਲੋਕਾਂ ਦੀ ਹੈ, ਜਿਹਨਾਂ ਦੇ ਕੋਰੋਨਾ ਵੈਕਸੀਨ ਨਹੀਂ ਲੱਗੀ ਹੈ। ਇਸਦੇ ਨਾਲ ਹੀ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਨੌਜਵਾਨਾਂ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਵੀ ਉਹਨਾਂ ਲੋਕਾਂ ਵਿਚਕਾਰ ਹੋਈਆਂ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਸੀ। ਜਿਕਰਯੋਗ ਹੈ ਕਿ 29 ਅਗਸਤ ਤੱਕ ਦੇ ਹਫਤੇ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਨਾਲ ਪੀੜਤ ਲਗਭਗ 9,472 ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਵਿੱਚੋਂ ਤਕਰੀਬਨ 5,098 ਲੋਕ, 50 ਤੋਂ ਘੱਟ ਉਮਰ ਦੇ ਸਨ। ਜਦਕਿ 50 ਸਾਲ ਤੋਂ ਘੱਟ ਉਮਰ ਦੇ 3,742 ਲੋਕ ਜਾਂ 73 ਪ੍ਰਤੀਸ਼ਤ ਬਿਨਾਂ ਕੋਰੋਨਾ ਟੀਕਾਕਰਨ ਦੇ ਸਨ।ਅੰਕੜਿਆਂ ਅਨੁਸਾਰ ਯੂਕੇ ਦੀ ਲਗਭਗ ਦੋ-ਤਿਹਾਈ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਪਰ ਇਹ ਜਿਆਦਾਤਰ ਬਜ਼ੁਰਗ ਉਮਰ ਸਮੂਹਾਂ ਵਿੱਚ ਵਧੇਰੇ ਹੈ। ਜਿਸਦੇ ਤਹਿਤ ਹਸਪਤਾਲ ਵਿੱਚ ਦਾਖਲ 4,374 ਲੋਕਾਂ ਵਿੱਚੋਂ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਸੀ, ਉਹਨਾਂ ਵਿੱਚੋਂ 1,322 ਜਾਂ 30 ਪ੍ਰਤੀਸ਼ਤ ਬਿਨਾਂ ਟੀਕਾਕਰਨ ਦੇ ਸਨ।
