6.7 C
United Kingdom
Saturday, April 19, 2025

More

    ਸੁਖਬੀਰ ਬਾਦਲ ਆਪਣੀ ਜ਼ੁਬਾਨ ਤੇ ਭਾਸ਼ਾ ਉੱਤੇ ਲਗਾਮ ਲਾਵੇ: ਕਿਸਾਨ ਜਥੇਬੰਦੀਆਂ

    ਕਿਸਾਨ ਕਿਸੇ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ: ਸੰਯੁਕਤ ਕਿਸਾਨ ਮੋਰਚਾ 

    ਮੋਗੇ ਵਿੱਚ ਕਿਸਾਨਾਂ ਉਤੇ ਕੀਤੇ ਭਾਰੀ ਲਾਠੀਚਾਰਜ ਦੀ 32 ਕਿਸਾਨ ਜੱਥੇਬੰਦੀਆਂ ਵੱਲੋਂ ਨਿਖੇਧੀ

    ਸਿੰਘੂ ਬਾਰਡਰ, ਦਿੱਲੀ (ਦਲਜੀਤ ਕੌਰ ਭਵਾਨੀਗੜ੍ਹ) ਅੱਜ 32 ਕਿਸਾਨ ਜੱਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕਜਾਰੀਆ ਦਫ਼ਤਰ ਸਿੰਘੂ ਬਾਰਡਰ ਦਿੱਲੀ ਵਿੱਖੇ ਜੰਗਬੀਰ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਸਾਰੇ ਆਗੂ ਸਾਹਿਬਾਨ ਹਾਜ਼ਰ ਹੋਏ ਤੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਅੱਜ ਦੇ ਹਾਊਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਗਿਆ ਜਿਸ ਵਿੱਚ ਉਹਨਾਂ ਸੰਯੁਕਤ ਕਿਸਾਨ ਮੋਰਚੇ ਨੂੰ ਧਮਕੀ ਦਿੱਤੀ ਹੈ ਕਿ ਜੇ ਮੈਂ ਇੱਕ ਇਸ਼ਾਰਾ ਕਰ ਦਿੱਤਾ ਤਾਂ ਸਵਾਲ ਕਰਨ ਵਾਲੇ ਲੱਭਣਗੇ ਨਹੀਂ। 32 ਕਿਸਾਨ ਜੱਥੇਬੰਦੀਆਂ ਨੇ ਸ. ਬਾਦਲ ਦੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦਾ ਸਗੋਂ ਸਾਨੂੰ ਪੰਜਾਬ ਦੇ ਮਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਚਿੰਤਾ ਹੈ। ਸ. ਬਾਦਲ ਆਪਣੀ ਜੁਬਾਨ ਤੇ ਭਾਸ਼ਾ ਉੱਤੇ ਲਗਾਮ ਲਾਉਣ, ਮੋਗੇ ਵਿੱਚ ਕਿਸਾਨਾਂ ਉਤੇ ਕੀਤੇ ਭਾਰੀ ਲਾਠੀਚਾਰਜ ਦੀ 32 ਕਿਸਾਨ ਜੱਥੇਬੰਦੀਆਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ।

    ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੋਗਾ, ਮਾਛੀਵਾੜਾ ਤੇ ਹੋਰ ਥਾਵਾਂ ’ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਤੁਰੰਤ ਵਾਪਸ ਲਏ ਜਾਣ ਨਹੀਂ ਤਾਂ 5 ਸਤੰਬਰ ਦੀ ਮੁਜੱਫਰਨਗਰ ਦੀ ਮਹਾਂਰੈਲੀ ਤੋਂ ਬਾਅਦ 8 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਮੋਰਚੇ ਵੱਲੋਂ ਸਖਤ ਕਦਮ ਚੁੱਕਣ ਲਈ ਅਗਲੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 28 ਅਗਸਤ ਨੂੰ ਹਰਿਆਣੇ ਦੇ ਕਰਨਾਲ ਵਿੱਚ ਹਰਿਆਣਾ ਪੁਲੀਸ ਵੱਲੋਂ ਸ਼ਾਂਤਮਈ ਕਿਸਾਨਾਂ ਉੱਤੇ ਬੇਵਜਾ ਕੀਤੇ ਗਏ ਸਖਤ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ ਗਈ। ਇਹ ਵੀ ਫੈਸਲਾ ਕੀਤਾ ਕਿ ਹਰਿਆਣੇ ਦੇ ਕਿਸਾਨਾਂ ਨਾਲ ਹਰ ਪੱਧਰ ’ਤੇ ਸਾਥ ਦੇਵਾਂਗੇ। ਮੀਟਿੰਗ ਵਿੱਚ ਕਰਨਾਲ ਦੇ ਐੱਸ.ਡੀ.ਐੱਮ. ਵੱਲੋਂ ਜਨਰਲ ਡਾਇਰ ਵਾਂਗ ਕਿਸਾਨਾਂ ਦੇ ਸਿਰ ਪਾੜਨ ਤੇ ਹੱਡੀਆਂ ਪਸਲੀਆਂ ਤੋੜਨ ਦੀ ਪੁਲੀਸ ਨੂੰ ਦਿੱਤੀ ਹਦਾਇਤ ਦੀ ਘੋਰ ਨਿੰਦਿਆ ਕੀਤੀ ਗਈ। ਚੇਤਾਵਨੀ ਦਿੱਤੀ ਗਈ ਕਿ ਹਰਿਆਣਾ ਸਰਕਾਰ ਇਸ ਤਰਾਂ ਦੇ ਜਾਬਰ ਅਫ਼ਸਰ ਤੇ ਪੁਲੀਸ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਧਾਰਾ 302 ਅਧੀਨ ਕਤਲ ਦਾ ਮੁਕੱਦਮਾ ਦਰਜ ਕਰੇ। ਹਰਿਆਣੇ ਦੀਆਂ ਜੱਥੇਬੰਦੀਆਂ ਜੋ ਵੀ ਫੈਸਲਾ ਕਰਨਗੀਆਂ, ਕਿਸਾਨ ਮੋਰਚਾ ਉਹਨਾਂ ਦੀ ਪਿੱਠ ਪਿੱਛੇ ਪੂਰੀ ਤਾਕਤ ਨਾਲ ਖੜੇਗਾ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਵਿੱਚ ਸਰਕਾਰ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ/ਜਮਾਂਬੰਦੀਆਂ ਪੋਰਟਲ ਉਤੇ ਚੜਾਉਣਾ ਚਾਹੁੰਦੀ ਹੈ ਤੇ ਮੰਗ ਕਰ ਰਹੀ ਹੈ। ਇਹ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਇਸ ਨਾਲ ਕਿਸਾਨਾਂ ਨੂੰ ਅਮਲੀ ਰੂਪ ਵਿੱਚ ਬਹੁਤ ਮੁਸੀਬਤਾਂ ਆਉਣਗੀਆਂ, ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਵੀ ਆਪਣੀਆਂ ਜਮਾਂਬੰਦੀਆਂ/ਫਰਦਾਂ ਨਾ ਦਿੱਤੀਆਂ ਜਾਣ। ਜੇਕਰ ਸਰਕਾਰ ਨੇ ਇਸ ਵਜ੍ਹਾ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਕਿਸਾਨ ਮੋਰਚਾ ਇਸਦਾ ਸਖਤੀ ਨਾਲ ਵਿਰੋਧ ਕਰੇਗਾ। ਸ਼੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਦੇ ਬੇਟੇ ਗੁਰਮੁਖ ਸਿੰਘ ਬਰਾੜ ਜੋ ਕਿ ਅੱਜ ਦੀ ਆਵਾਜ਼ ਦੇ ਅਖ਼ਬਾਰ ਦਾ ਸੰਪਾਦਕ ਹੈ, ਨੂੰ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ’ਤੇ ਪ੍ਰੈਸ ਨੂੰ ਦਬਾਉਣ ਦੇ ਇਰਾਦੇ ਨਾਲ ਅੰਦੋਲਨਕਾਰੀਆਂ ਦੀ ਮੱਦਦ ਕਰ ਰਹੀ ਪ੍ਰੈਸ ਨੂੰ ਪ੍ਰੇਸ਼ਾਨ ਕਰਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਨਿੰਦਿਆ ਕਰਦੇ ਹਾਂ ਤੇ ਪੁਰਜੋਰ ਸ਼ਬਦਾਂ ’ਚ ਮੰਗ ਕਰਦੇ ਹਾਂ ਕਿ ਜੁਡੀਸ਼ੀਅਲ ਜਾਂਚ ਕੀਤੀ ਜਾਵੇ।

    ਇਸ ਮੌਕੇ ਮੀਟਿੰਗ ਵਿੱਚ ਸ. ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਕੁਲਵੰਤ ਸਿੰਘ ਸੰਧੂ, ਮੁਕੇਸ਼ ਚੰਦਰ, ਕੁਲਦੀਪ ਸਿੰਘ ਦਿਆਲਾਂ, ਮਨਜੀਤ ਸਿੰਘ ਧਨੇਰ, ਕਿਰਪਾ ਸਿੰਘ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਸਿਰਸਾ, ਹਰਜਿੰਦਰ ਸਿੰਘ ਟਾਂਡਾ, ਕਾਕਾ ਸਿੰਘ ਕੋਟੜਾ, ਹਰਪਾਲ ਸਿੰਘ ਸੰਘਾ, ਰੁਲਦੂ ਸਿੰਘ ਮਾਨਸਾ, ਅਵਤਾਰ ਸਿੰਘ ਮੇਹਲੋਂ ਅਤੇ ਬਲਕਰਨ ਸਿੰਘ ਬਰਾੜ ਹਾਜ਼ਰ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!