ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਇਸ ਸਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਸੰਮੇਲਨ ਦੇ ਮੱਦੇਨਜ਼ਰ ਹਜ਼ਾਰਾਂ ਪੁਲਿਸ ਅਧਿਕਾਰੀਆਂ ਨੂੰ ਦੰਗਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਵਿਸ਼ਵ ਪੱਧਰੀ ਸਮਾਗਮ ਵਿੱਚ ਵਿਸ਼ਵ ਦੇ ਲੀਡਰ ਨਵੰਬਰ ਮਹੀਨੇ ਵਿੱਚ ਗਲਾਸਗੋ ਸ਼ਹਿਰ ਪਹੁੰਚਣਗੇ ਅਤੇ ਇਸ ਦੌਰਾਨ ਪ੍ਰਤੀ ਦਿਨ ਤਕਰੀਬਨ 10,000 ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਸਰਕਾਰ ਅਨੁਸਾਰ ਇਹ ਯੂਕੇ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਡੀ ਪੁਲਿਸ ਕਾਰਵਾਈਆਂ ਵਿੱਚੋਂ ਇੱਕ ਹੋਵੇਗੀ। ਇਸ ਲਈ ਹਜ਼ਾਰਾਂ ਪੁਲਿਸ ਅਫਸਰਾਂ ਨੂੰ ਸਪੈਸ਼ਲਿਸਟ ਪਬਲਿਕ ਆਰਡਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਕਾਟਲੈਂਡ ਪੁਲਿਸ ਵਿਭਾਗ ਦੇ ਅਨੁਸਾਰ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਯੂਕੇ ਭਰ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਪ੍ਰਦਰਸ਼ਨ ਕਰਨ ਦੀ ਵੀ ਉਮੀਦ ਹੈ। ਇਸ ਲਈ ਸਤੰਬਰ ਮਹੀਨੇ ਦੌਰਾਨ ਸਕਾਟਲੈਂਡ ਪੁਲਿਸ ਵਿੱਚ ਲਗਭਗ 2,500 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਣੀ ਹੈ। ਇਸ ਯੋਜਨਾ ਦੇ ਤਹਿਤਸੋਮਵਾਰ ਨੂੰ ਐਡਿਨਬਰਾ ਦੇ ਨੇੜੇ ਕ੍ਰੈਗਹਿਲ ਬੈਰਕਾਂ ਵਿੱਚ ਸੈਂਕੜੇ ਅਧਿਕਾਰੀਆਂ ਦੀ ਇੱਕ ਅਭਿਆਸ ਪ੍ਰਕਿਰਿਆ ਵੀ ਆਯੋਜਿਤ ਕੀਤੀ ਗਈ। ਇਸ ਅਭਿਆਸ ਦੌਰਾਨ ਨਕਲੀ ਪ੍ਰਦਰਸ਼ਨ ਦਾ ਮਾਹੌਲ ਤਿਆਰ ਕੀਤਾ ਗਿਆ ਅਤੇ ਕੁੱਝ ਸਿਆਸਤਦਾਨਾਂ ਅਤੇ ਪ੍ਰਚਾਰਕਾਂ ਦੇ ਸਮੂਹ ਨੂੰ ਸਿਖਲਾਈ ਅਭਿਆਸ ਲਈ ਸੱਦਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਕੁੱਝ ਨੇ ਪੁਲਿਸ ਜਾਂ ਪ੍ਰਦਰਸ਼ਨਕਾਰੀਆਂ ਦੀ ਭੂਮਿਕਾ ਵਿੱਚ ਹਿੱਸਾ ਲਿਆ। ਇਸਦੇ ਇਲਾਵਾ ਸਕਾਟਿਸ਼ ਲੇਬਰ ਐਮ ਐਸ ਪੀ ਮੋਨਿਕਾ ਲੈਨਨ ਨੇ ਪੁਲਿਸ ਲਾਈਨ ਵਿੱਚ ਸ਼ਾਮਲ ਹੁੰਦਿਆਂ ਇੱਕ ਪਬਲਿਕ ਆਰਡਰ ਅਫਸਰ ਦਾ ਬਾਇਲਰ ਸੂਟ, ਹੈਲਮੇਟ ਅਤੇ ਬਾਡੀ ਆਰਮਰ ਦਾਨ ਕੀਤਾ। ਸਕਾਟਲੈਂਡ ਪੁਲਿਸ ਅਨੁਸਾਰ ਸੰਮੇਲਨ ਦੌਰਾਨ ਮਨੁੱਖੀ ਅਧਿਕਾਰਾਂ ‘ਤੇ ਅਧਾਰਤ ਪਹੁੰਚ ਅਪਣਾਈ ਜਾਵੇਗੀ ਅਤੇ ਲੋਕਾਂ ਨੂੰ ਸ਼ਾਂਤਮਈ ਵਿਰੋਧ ਦੇ ਅਧਿਕਾਰ ਦਿੱਤੇ ਜਾਣਗੇ। ਜਦਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੰਭੀਰ ਸਥਿਤੀ ‘ਤੇ ਕਾਬੂ ਪਾਇਆ ਜਾਵੇਗਾ।
