ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਅਮਰੀਕੀ ਸੈਨਿਕਾਂ ਦੁਆਰਾ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ ਸੈਂਕੜੇ ਅਮਰੀਕੀ ਸੈਨਿਕ ਕਾਬੁਲ ਦੇ ਏਅਰਪੋਰਟ ਵਿੱਚ ਤਾਇਨਾਤ ਕੀਤੇ ਗਏ ਹਨ। ਇਹ ਸੈਨਿਕ ਅਫਗਾਨਿਸਤਾਨ ਵਿੱਚੋਂ ਅਮਰੀਕੀ ਅਤੇ ਅਫਗਾਨੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕਰ ਰਹੇ ਹਨ। ਇਹਨਾਂ ਹੀ ਯਤਨਾਂ ਦੇ ਚਲਦਿਆਂ ਦੋ ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਕਾਬੁਲ ਦੇ ਹਵਾਈ ਅੱਡੇ ‘ਤੇ ਆ ਰਹੇ ਅਫਗਾਨਾਂ ਦੀ ਭੀੜ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਵਾਈ ਅੱਡੇ ‘ਤੇ ਤਾਇਨਾਤ ਅਮਰੀਕੀ ਸੈਨਿਕਾਂ ਵਿੱਚੋਂ ਘੱਟੋ ਘੱਟ 13 ਸੈਨਿਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਸੈਨਿਕਾਂ ਦੇ ਇਲਾਵਾ ਘੱਟੋ ਘੱਟ 80 ਦੇ ਕਰੀਬ ਅਫਗਾਨੀ ਲੋਕਾਂ ਦੀ ਮੌਤ ਹੋਣ ਦੇ ਨਾਲ ਦਰਜਨਾਂ ਜਖਮੀ ਵੀ ਹੋਏ ਹਨ। ਪ੍ਰਸ਼ਾਸਨ ਅਨੁਸਾਰ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਹਮਲੇ ਸਬੰਧੀ ਰਿਪੋਰਟਾਂ ਦੇ ਅਨੁਸਾਰ ਇਸਲਾਮਿਕ ਸਟੇਟ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਅਮਰੀਕੀ ਸਰਵਿਸ ਮੈਂਬਰਾਂ ਵਿੱਚ 11 ਮਰੀਨ ਅਤੇ ਇੱਕ ਜਲ ਸੈਨਾ ਦਾ ਡਾਕਟਰ ਵੀ ਸ਼ਾਮਲ ਹੈ। ਇਸਦੇ ਇਲਾਵਾ ਲਗਭਗ 18 ਹੋਰ ਸੈਨਿਕ ਜ਼ਖਮੀ ਵੀ ਹੋਏ ਹਨ। ਇਸ ਹਮਲੇ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇੱਕ ਵੱਡੇ ਹਮਲੇ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਸੀ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਜਾਣਕਾਰੀ ਦਿੱਤੀ ਕਿ ਇੱਕ ਧਮਾਕਾ ਏਅਰਪੋਰਟ ਦੇ ਪ੍ਰਵੇਸ਼ ਦੁਆਰ ਦੇ ਨੇੜੇ ਅਤੇ ਦੂਜਾ ਧਮਾਕਾ ਥੋੜ੍ਹੀ ਦੂਰ ਇੱਕ ਹੋਟਲ ਨੇੜੇ ਹੋਇਆ । ਅਮਰੀਕੀ ਫੌਜਾਂ ਰਾਸ਼ਟਰਪਤੀ ਜੋ ਬਾਈਡੇਨ ਦੁਆਰਾ ਨਿਰਧਾਰਤ 31 ਅਗਸਤ ਦੀ ਸਮਾਂ ਸੀਮਾ ਤੱਕ ਅਫਗਾਨਿਸਤਾਨ ਤੋਂ ਆਪਣੀ ਵਾਪਸੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਸਦੇ ਇਲਾਵਾ ਬਾਈਡੇਨ ਨੇ ਇਸ ਹਮਲੇ ਨੂੰ ਨਾ ਭੁੱਲਣਯੋਗ ਦੱਸਿਆ ਹੈ। ਇਸ ਹਮਲੇ ਦੇ ਬਾਅਦ ਅਮਰੀਕਾ ਵੱਲੋਂ ਇਸਲਾਮਿਕ ਸਟੇਟ ਵੱਲੋਂ ਕੀਤੇ ਜਾਂਦੇ ਹਮਲਿਆਂ ਨਾਲ ਨਜਿੱਠਣ ਦੀ ਤਿਆਰੀ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।
