ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਸਰਕਾਰ ਦੁਆਰਾ ਯਾਤਰਾ ਸਬੰਧੀ ਆਪਣੀ ਟ੍ਰੈਫਿਕ ਲਾਈਟ ਸਿਸਟਮ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਹੈ। ਜਿਸ ਵਿੱਚ ਸੱਤ ਨਵੇਂ ਦੇਸ਼ ਹਰੀ ਸੂਚੀ ‘ਚ ਸ਼ਾਮਲ ਕੀਤੇ ਗਏ ਹਨ। ਯੂਕੇ ਦੇ ਟਰਾਂਸਪੋਰਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਕੈਨੇਡਾ, ਡੈਨਮਾਰਕ ਅਤੇ ਫਿਨਲੈਂਡ ਉਨ੍ਹਾਂ ਸੱਤ ਨਵੇਂ ਦੇਸ਼ਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਯੂਕੇ ਦੀ ਹਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੇਸ਼ਾਂ ਦੇ ਇਲਾਵਾ ਲਿਥੁਆਨੀਆ, ਸਵਿਟਜ਼ਰਲੈਂਡ, ਲਿਕਟੇਨਸਟਾਈਨ ਅਤੇ ਅਜ਼ੋਰਸ ਨੂੰ ਵੀ ਹਰੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਨਿਯਮਾਂ ਅਨੁਸਾਰ ਇਹਨਾਂ ਹਰੀ ਸੂਚੀ ਵਾਲੇ ਦੇਸ਼ਾਂ ਵਿੱਚੋਂ ਯੂਕੇ ਵਾਪਸ ਪਰਤਣ ਵਾਲੇ ਯਾਤਰੀਆਂ ਨੂੰ ਕੋਰੋਨਾ ਟੀਕਾਕਰਨ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਇਕਾਂਤਵਾਸ ਨਹੀਂ ਹੋਣਾ ਪਵੇਗਾ। ਇਸਦੇ ਇਲਾਵਾ ਮੌਂਟੇਨੇਗਰੋ ਅਤੇ ਥਾਈਲੈਂਡ ਨੂੰ ਲਾਲ ਸੂਚੀ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ ਤਹਿਤ ਇੱਥੋਂ ਆਉਣ ਵਾਲੇ ਯਾਤਰੀਆਂ ਨੂੰ 11 ਦਿਨਾਂ ਲਈ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹੋਟਲ ਵਿੱਚ ਇਕਾਂਤਵਾਸ ਹੋਣਾ ਪਵੇਗਾ। ਇਹ ਨਵੇਂ ਨਿਯਮ ਸੋਮਵਾਰ 30 ਅਗਸਤ ਨੂੰ ਸਵੇਰੇ 4 ਵਜੇ ਲਾਗੂ ਹੋਣਗੇ। ਤੁਰਕੀ ਅਤੇ ਪਾਕਿਸਤਾਨ ਵੀ ਲਾਲ-ਸੂਚੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਐਂਬਰ ਸੂਚੀ ਵਿੱਚ ਤਬਦੀਲ ਕਰਨ ਦੀ ਉਮੀਦ ਸੀ। ਹਾਲਾਂਕਿ ਐਂਬਰ ਸੂਚੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜੋ ਕਿ ਯਾਤਰੀਆਂ ਨੂੰ ਕੁਆਰੰਟੀਨ ਤੋਂ ਬਚਣ ਦੀ ਆਗਿਆ ਦਿੰਦੀ ਹੈ ਜੇਕਰ ਉਹਨਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ। ਯੂਕੇ ਦੁਆਰਾ ਆਪਣੀ ਯਾਤਰਾ ਸਬੰਧੀ ਸੂਚੀ ਨੂੰ ਦੇਸ਼ਾਂ ਦੇ ਕੋਵਿਡ ਕੇਸਾਂ, ਟੀਕਾਕਰਨ ਅਤੇ ਵਾਇਰਸ ਦੇ ਰੂਪਾਂ ਦੀਆਂ ਦਰਾਂ ਦੇ ਅਧਾਰ ‘ਤੇ ਅਪਡੇਟ ਕੀਤਾ ਜਾਂਦਾ ਹੈ। ਇਸ ਵੇਲੇ ਯੂਕੇ ਦੀ ਗ੍ਰੀਨ ਲਿਸਟ ਵਿੱਚ 36 ਦੇਸ਼ ਹਨ, ਅਤੇ ਇਨ੍ਹਾਂ ਵਿੱਚੋਂ 16 ‘ਵਾਚਲਿਸਟ’ ਵਿੱਚ ਹਨ ਭਾਵ ਉਹ ਥੋੜੇ ਸਮੇਂ ਦੇ ਨੋਟਿਸ ‘ਤੇ ਐਂਬਰ ‘ਚ ਜਾ ਸਕਦੇ ਹਨ।
