ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਸਿਟੀ ਵਿਚਲੇ ਮਿਊਜ਼ੀਅਮਾਂ (ਅਜਾਇਬ ਘਰ) ਦੇ ਦਰਸ਼ਕਾਂ ਅਤੇ ਸਟਾਫ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਜਰੂਰੀ ਹੋਵੇਗੀ। ਸ਼ਹਿਰ ਵਿੱਚ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਖਾਸ ਕਰਕੇ ਡੈਲਟਾ ਵੈਰੀਐਂਟ ਦੇ ਮੱਦੇਨਜ਼ਰ ਇਸ ਜਰੂਰਤ ਦਾ ਐਲਾਨ ਮੇਅਰ ਬਿਲ ਡੀ ਬਲੇਸੀਓ ਦੁਆਰਾ ਸੋਮਵਾਰ ਨੂੰ ਕੀਤਾ ਗਿਆ। ਮੇਅਰ ਅਨੁਸਾਰ ਇਹ ਜਰੂਰਤ “ਕੀ ਟੂ ਐਨ ਵਾਈ ਸੀ” ਯੋਜਨਾ ਦਾ ਇੱਕ ਹਿੱਸਾ ਹੈ। ਡੀ ਬਲੇਸੀਓ ਅਨੁਸਾਰ ਵਾਇਰਸ ਨੂੰ ਕਾਬੂ ਕਰਨ ਲਈ ਹੁਣ ਇਸਦੀ ਵੈਕਸੀਨ ਹੈ, ਜੋ ਲਗਵਾਉਣੀ ਬਹੁਤ ਜਰੂਰੀ ਹੈ। ਮੰਗਲਵਾਰ ਤੋਂ ਲਾਗੂ ਹੋ ਰਹੇ ਇਹ ਨਿਯਮ ਨਿਊਯਾਰਕ ਸਿਟੀ ਦੇ ਸਾਰੇ ਇਨਡੋਰ ਮਨੋਰੰਜਨ ਸਥਾਨਾਂ ਦੀ ਇਮਾਰਤ ਵਿੱਚ ਦਾਖਲ ਹੋਣ ਲਈ ਦਰਸ਼ਕਾਂ ਅਤੇ ਸਟਾਫ ਨੂੰ ਟੀਕਾ ਲਗਾਉਣ ਦੀ ਅਪੀਲ ਕਰਦੇ ਹਨ। ਇਹਨਾਂ ਨਿਯਮਾਂ ਤਹਿਤ ਨਿਊਯਾਰਕ ਦੇ ਸੋਲੋਮਨ ਆਰ. ਗੁਗੇਨਹੇਮ ਮਿਊਜ਼ੀਅਮ, ਦਿ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ, ਅਮੈਰੀਕਨ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ ਅਤੇ ਹੋਰ ਬਹੁਤ ਸਾਰਿਆਂ ਲਈ ਲੋਕਾਂ ਨੂੰ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਜਰੂਰਤ ਹੋਵੇਗੀ। ਡੀ ਬਲੇਸੀਓ ਦਾ ਇਹ ਆਦੇਸ਼ ਮਿਊਜ਼ੀਅਮਾਂ ਦੇ ਨਾਲ ਹੋਰ ਸਭਿਆਚਾਰਕ ਸੰਸਥਾਵਾਂ, ਜਿਵੇਂ ਗੈਲਰੀਆਂ, ਪ੍ਰਦਰਸ਼ਨ ਕਲਾ ਥੀਏਟਰਾਂ , ਮੂਵੀ ਥੀਏਟਰ, ਕੰਸਰਟ ਹਾਲ, ਪਾਰਟੀ ਸਥਾਨ, ਕੈਸੀਨੋ, ਰੈਸਟੋਰੈਂਟ, ਚਿੜੀਆਘਰ ਅਤੇ ਇਕਵੇਰੀਅਮ ਨੂੰ ਵੀ ਉਨ੍ਹਾਂ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਦਾਖਲ ਹੋਣ ਲਈ ਦਰਸ਼ਕਾਂ ਨੂੰ ਆਪਣੀ ਟੀਕਾਕਰਨ ਰਿਪੋਰਟ ਨੂੰ ਦਿਖਾਉਣ ਦੀ ਜਰੂਰਤ ਹੋਵੇਗੀ। ਮੇਅਰ ਦੁਆਰਾ ਕੀਤੇ ਇਸ ਐਲਾਨ ਨਾਲ ਨਿਊਯਾਰਕ ਸਿਟੀ ਦੀਆਂ ਕੋਰੋਨਾ ਟੀਕਾਕਰਨ ਦਰਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
