ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਮਹਿਲਾ ਨੈਸ਼ਨਲ ਫੁੱਟਬਾਲ ਟੀਮ ਦੀ ਸਟਾਰ ਖਿਡਾਰੀ ਕਾਰਲੀ ਲੋਇਡ ਨੇ ਸੋਮਵਾਰ ਨੂੰ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। 39 ਸਾਲਾਂ ਲੋਇਡ ਨੇ ਆਪਣੇ ਖੇਡ ਕਰੀਅਰ ਦੌਰਾਨ ਦੋ ਵਿਸ਼ਵ ਕੱਪ ਜਿੱਤੇ ਹਨ। ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰਦਿਆਂ ਲੋਇਡ ਨੇ ਅਮਰੀਕੀ ਫੁੱਟਬਾਲ ਟੀਮ ਦਾ ਧੰਨਵਾਦ ਕੀਤਾ ਹੈ ,ਜਿਸਨੇ ਉਸਨੂੰ ਉਮਰ ਭਰ ਯਾਦ ਰਹਿਣ ਵਾਲੇ ਮੌਕੇ ਅਤੇ ਉਪਲੱਬਧੀਆਂ ਦਿੱਤੀਆਂ। ਇਸਦੇ ਨਾਲ ਹੀ ਲੋਇਡ ਨੇ ਕਿਹਾ ਕਿ ਉਹ ਫੁੱਟਬਾਲ ਟੀਮ ਦਾ ਸਮਰਥਨ ਜਾਰੀ ਰੱਖਣ ਦੇ ਨਾਲ ਇਸ ਖੇਡ ਨੂੰ ਅੱਗੇ ਵਧਾਉਣ ਅਤੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਲੱਭਣਾ ਜਾਰੀ ਰੱਖਾਂਗੀ। ਲੋਇਡ ਆਪਣੀ ਰਾਸ਼ਟਰੀ ਮਹਿਲਾ ਫੁੱਟਬਾਲ ਲੀਗ ਟੀਮ, ਗੋਥਮ ਐਫ ਸੀ ਦੇ ਨਾਲ ਆਪਣਾ ਸੀਜ਼ਨ ਪੂਰਾ ਕਰੇਗੀ ਅਤੇ ਇਸ ਸਾਲ ਦੇ ਅਖੀਰ ਵਿੱਚ ਚਾਰ ਵਾਧੂ ਮੈਚਾਂ ਵਿੱਚ ਖੇਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਮੁਕਾਬਲਾ ਕਰੇਗੀ। ਲੋਇਡ ਦਾ ਜਨਮ 1982 ਵਿੱਚ ਡੇਲਰਨ, ਨਿਊ ਜਰਸੀ ਵਿੱਚ ਹੋਇਆ ਸੀ। ਕਾਲਜ ਵਿੱਚ, ਉਹ ਰੁਟਗਰਜ਼ ਯੂਨੀਵਰਸਿਟੀ ਲਈ ਖੇਡੀ ਜਿੱਥੇ ਉਸਨੇ ਚਾਰ ਸਾਲਾਂ ਵਿੱਚ ਆਲ-ਬਿਗ ਈਸਟ ਸਨਮਾਨ ਪ੍ਰਾਪਤ ਕੀਤੇ । 2002 ਵਿੱਚ, ਉਸਨੇ ਯੂ ਐਸ ਮਹਿਲਾ ਨੈਸ਼ਨਲ ਟੀਮ ਦੇ ਨਾਲ ਆਪਣੀ ਸ਼ੁਰੂਆਤ ਕੀਤੀ। ਲੋਇਡ ਨੇ ਆਪਣੇ ਫੁੱਟਬਾਲ ਦੇ ਕਰੀਅਰ ਦੌਰਾਨ 128 ਗੋਲ ਕੀਤੇ ਹਨ, ਜਿਸ ਨਾਲ ਉਹ ਅਮਰੀਕੀ ਇਤਿਹਾਸ ਵਿੱਚ ਚੌਥੀ ਸਭ ਤੋਂ ਵੱਧ ਸਕੋਰਰ ਬਣੀ।।ਲੋਇਡ ਨੇ 2015 ਅਤੇ 2016 ਵਿੱਚ ਫੀਫਾ ਵੁਮੈਨ ਪਲੇਅਰ ਆਫ਼ ਦਿ ਈਅਰ ਦਾ ਪੁਰਸਕਾਰ ਜਿੱਤਿਆ। ਉਹ ਆਪਣੇ ਦੇਸ਼ ਲਈ 300 ਤੋਂ ਵੱਧ ਵਾਰ ਖੇਡਣ ਵਾਲੀ ਚਾਰ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਹੈ। ਉਸਨੇ 2008, 2012 ਅਤੇ 2021 ਵਿੱਚ ਓਲੰਪਿਕ ਖੇਡਾਂ ਵਿੱਚ ਗੇਮ ਜਿੱਤਣ ਵਾਲੇ ਗੋਲ ਵੀ ਕੀਤੇ, ਲੋਇਡ ਨੇ 2021 ਵਿੱਚ ਅਮਰੀਕਾ ਲਈ ਕਾਂਸੀ ਦਾ ਤਮਗਾ ਵੀ ਜਿੱਤਿਆ। ਲੋਇਡ ਨੂੰ 2015 ਵਿੱਚ ਗੋਲਡਨ ਬਾਲ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਕਿ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਦਰਸਾਉਂਦੀ ਹੈ।
