ਨਿੰਦਰ ਘੁਗਿਆਣਵੀ

ਸੰਨ 1962 ਵਿਚ ਗਿਆਨੀ ਜੈਲ ਸਿੰਘ ਵਿਧਾਇਕ ਦੀ ਚੋਣ ਜਿੱਤੇ। ਅਵਤਾਰ ਸਿੰਘ ਬਰਾੜ ਦਾ ਵਿਆਹ ਧਰਿਆ ਹੋਇਆ ਸੀ। ਦੂਜੇ ਦਿਨ ਉਹਨੇ ਮਾਈਏਂ ਬਹਿਣਾ ਸੀ ਤੇ ਇਹ ਫਰੀਦਕੋਟ “ਗਿਆਨੀ ਜੀ ਜਿੰਦਾਬਾਦ” ਦੇ ਨਾਅਰੇ ਲਗਾ ਰਿਹਾ ਢਿੱਲਵਾਂ ਵਾਲੇ ਤਾਇਆ ਜੀ ਨੇ ਵੇਖ ਲਿਆ ਤੇ ਬੋਲੇ, ” ਅਵਤਾਰ ਸਿੰਘ ਪੁੱਤਰਾ, ਕੱਲ ਮਾਈਆਂ ਬਹਿਣਾ ਐਂ ਤੂੰ,ਅੱਜ ਤਾਂ ਘਰੇ ਚਲਿਆ ਜਾਹ।” ਕਹਿੰਦਾ, “ਜਾਨੈ ਮੈਂ ਤਾਇਆ ਜੀ।”
ਏਨੀ ਸਮਰਪਿਤ ਭਾਵਨਾ ਸੀ ਗਿਆਨੀ ਜੀ ਪ੍ਰਤੀ ਉਨਾ ਦੀ।
ਜਦ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਤਾਂ ਉਨਾ ਐਲਾਨ ਕਰ ਦਿੱਤਾ ਕਿ ਕੋਈ ਵੀ ਅਧਿਆਪਕ ਆਪਣੇ ਘਰ ਤੋਂ ਪੰਜਾਹ ਕਿਲੋਮੀਟਰ ਤੋਂ ਘੱਟ ਸਕੂਲ ਨਹੀਂ ਜਾਏਗਾ ਤੇ ਇਕ ਇਕ ਤੋਲਾ ਸੋਨਾ ਖਜਾਨੇ ‘ਚ ਜਮਾਂ ਕਰਾਏਗਾ। ਬਰਾੜ ਸਾਹਬ ਅਧਿਆਪਕ ਆਗੂ ਸਨ ਤੇ ਹੜਤਾਲਾਂ ਹੋ ਗਈਆਂ। ਜੇਲ ਵੀ ਜਾਣਾ ਪਿਆ ਤੇ ਮੋਰਚਾ ਜਿੱਤ ਲਿਆ। ਇਹ ਗੱਲ ਸੰਨ 1969 ਦੇ ਲਾਗੇ ਚਾਗੇ ਦੀ ਹੋਵੇਗੀ।
ਮੈਂ ਬਰਾੜ ਸਾਹਬ ਬਾਰੇ ਲਿਖਦੇ ਲਿਖਦੇ ਕਾਂਗਰਸ ਦੇ ਸਿਆਸੀ ਮਾਹਰਾਂ ਤੋਂ ਇਹ ਜਾਨਣ ਦਾ ਯਤਨ ਕੀਤਾ ਕਿ ਸ੍ਰ ਹਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ ਖਾਰ ਕਿਉਂ ਖਾਂਦੇ ਸੀ? ਤਾਂ ਪਤਾ ਇਹ ਲੱਗਿਆ ਕਿ ਹਰਚਰਨ ਸਿੰਘ ਬਰਾੜ ਨਹੀਂ ਸੀ ਚਾਹੁੰਦੇ ਕਿ ਉਸ ਤੋਂ ਬਿਨਾ ਕਾਂਗਰਸ ਵਿਚ ਮਾਲਵੇ ਦਾ ਕੋਈ ਹੋਰ ਧੁਨੰਤਰ ਵੀ ਹੋਵੇ!
ਸੰਨ 1972 ਵਿਚ ਗਿਆਨੀ ਜੀ ਮੁੱਖ ਮੰਤਰੀ ਬਣੇ, ਤਾਂ ਹਰਚਰਨ ਸਿੰਘ ਬਰਾੜ ਦੀ ਪਤਨੀ ਬੀਬੀ ਗੁਰਵਿੰਦਰ ਕੌਰ ਬਰਾੜ ਮਲੋਟ ਤੋਂ ਵਿਧਾਇਕਾ ਸੀ। ਉਸਨੇ ਗਿਆਨੀ ਜੀ ਦੇ ਉਲਟ ਵਿਧਾਇਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ,ਤਾਂ ਗਿਆਨੀ ਜੀ ਨੇ ਸੋਚਿਆ ਕਿ ਇਨਾਂ ਨੂੰ ਇਨਾ ਦੇ ਪਿੰਡ ਸਰਾਏ ਨਾਗਾ ਵਿਚ ਹੀ ਉਲਝਾ ਲਿਆ ਜਾਵੇ। ਗਿਆਨੀ ਜੀ ਨੇ ਬਠਿੰਡਾ ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀਆਂ ਨੂੰ ਹੁਕਮ ਦਿੱਤੇ ਕਿ ਬੇਜਮੀਨੇ ਤੇ ਕਿਰਤੀ (ਲੇਬਰ) ਟਰੱਕਾਂ ਦੇ ਟਰੱਕ ਭਰ ਕੇ ਸਰਾਏ ਨਾਗਾ ਲੈ ਜਾਓ ਤੇ ਖੇਤਾਂ ਵਿਚ ਵਾੜ ਦਿਓ। ਤੰਬੂ ਗੱਡ ਦਿਓ। ਇਵੇ ਹੀ ਹੋਇਆ। ਭੀੜਾਂ ਖੇਤਾਂ ‘ਚੋ ਵੜਕੇ ਨਰਮਾ -ਕਪਾਹ ਚੁਗਣ ਲੱਗੀਆਂ। ਹਰਚਰਨ ਸਿੰਘ ਬਰਾੜ ਨੂੰ ਹੱਥਾਂ ਪੈਰਾਂ ਦੀ ਪੈ ਗਈ। ਗਿਆਨੀ ਜੀ ਨੇ ਡੀਸੀਆਂ ਤੇ ਮਾਲ ਅਫਸਰਾਂ ਨੂੰ ਕਿਹਾ ਕਿ ਮੁਜਾਰੇ ਬਣਾ ਕੇ ਗਰਦੌਰੀਆਂ ਚਾੜ ਦਿਓ ਤੇ ਜਮੀਨਾਂ ਇਨਾ ਦੇ ਨਾਂ ਕਰ ਦਿਓ। ਸੋ,ਇਉਂ ਗਿਆਨੀ ਜੀ ਦਾ ਚੇਲਾ ਅਵਤਾਰ ਸਿੰਘ ਬਰਾੜ, ਹਮੇਸ਼ਾ ਹਰਚਰਨ ਸਿੰਘ ਬਰਾੜ ਦੀ ਸਿਆਸੀ ਖਹਿਬਾਜੀ ਵਿਚ ਰਗੜਾਂ ਹੀ ਖਾਂਦਾ ਰਿਹਾ।
ਆਓ, ਹੁਣ ਪਿਛਾਂਹ ਪਰਤੀਏ।
ਗਿਆਨੀ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ।ਹਾਲੇ ਅਵਤਾਰ ਸਿੰਘ ਗਿਆਨੀ ਜੀ ਦਾ ਚੇਲਾ ਨਹੀਂ ਸੀ ਬਣਿਆ ਤੇ ਆਪਣੇ ਆਪ ਨੂੰ ‘ਕਾਮਰੇਡ’ ਕਹਾਉਂਦਾ, ਤੇ ਨਾਂ ਨਾਲ ਵੀ ‘ਕਾਮਰੇਡ ਅਵਤਾਰ ਸਿੰਘ’ ਲਿਖਦਾ। ਇਹਨਾਂ ਦਾ ਗਰੁੱਪ ਇਨਕਲਾਬ ਲਿਆਉਣਾ ਚਾਹੁੰਦਾ ਸੀ ਤੇ ਸੱਤਾ ਦੇ ਖਿਲਾਫ ਮੀਟਿੰਗਾਂ ਕਰਦੇ। ਗਿਆਨੀ ਜੀ ਦੀ ਚਾਹ ਰੱਖ ਲਈ ਘਣੀਏ ਵਾਲੇ ਅਵਤਾਰ ਸਿੰਘ ਦੇ ਪਿਤਾ ਨਰਿੰਜਣ ਸਿੰਘ ਨੇ। ਅਵਤਾਰ ਤੇ ਉਸਦੇ ਸਾਥੀ ਵਿਰੋਧ ਕਰਨ ਲੱਗੇ ਕਿ ਤੁਸੀਂ ਰਾਜਨੀਤਕ ਲੋਕ ਕਿਧਰ ਸਾਡੇ ਗਰੀਬ ਕਿਸਾਨਾਂ ਦੇ ਘਰਾਂ ਵਿਚ ਵੜੇ ਫਿਰਦੇ ਓਂ। ਖੈਰ, ਗੱਲ ਅਈ ਗਈ ਹੋ ਗਈ। ਗਿਆਨੀ ਜੀ ਨੇ ਭਾਂਪ ਲਿਆ ਕਿ ਨਿਰੰਜਣ ਸਿੰਘ ਦੇ ਮੁੰਡੇ ਵਿਚ ਸਿਆਸੀ ਕਰੰਟ ਹੈਗਾ।
ਮੁੱਖ ਮੰਤਰੀ ਬਣਨ ਬਾਅਦ ਗਿਆਨੀ ਜੀ ਕੋਟਕਪੂਰੇ ਲੋਕਾਂ ਦਾ ਧੰਨਵਾਦ ਕਰਨ ਆਏ। ਉਨਾ ਉਚੇਚਾ ਅਵਤਾਰ ਸਿੰਘ ਨੂੰ ਲੱਭਿਆ ਤੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿਚ ਤੂੰ ਬੋਲਣਾ ਐਂ, ਤੇਰਾ ਝਾਕਾ ਖੋਲਣਾ ਐਂ। ਗਿਆਨੀ ਜੀ ਕਹਿੰਦੇ ਕਿ ਅਵਤਾਰ, ਪਹਿਲੀ ਗੱਲ ਇਹ ਐ ਕਿ ਤੂੰ ਆਵਦੇ ਨਾਂ ਨਾਲ ‘ਬਰਾੜ’ ਲਿਖਿਆ ਕਰ। ਅਵਤਾਰ ਸਿੰਘ ਨੇ ਸਾਫ ਆਖਿਆ, “ਚਾਚਾ ਜੀ, ਅਸੀਂ ਕਾਮਰੇਡ ਆਂ, ਜਾਤਾਂ ਪਾਤਾਂ ‘ਚ ਨਹੀਂ ਪੈਣਾ ਅਸੀਂ।” ਗਿਆਨੀ ਜੀ ਸਮਝਾਉਣ ਲੱਗੇ, “ਕਮਲਿਆ, ਮੇਰੀ ਗੱਲ ਨੂੰ ਸਮਝ, ਮਾਲਵੇ ਖਿੱਤੇ ਦੇ ਸਭ ਵੱਡੇ ਪਰਿਵਾਰ ਖਾਸ ਕਰਕੇ ਫਰੀਦਕੋਟ ਰਾਜੇ ਦਾ ਬਰਾੜ ਤਬਕਾ ਮੇਰੇ ਉਲਟ ਐ, ਢਿਲੋਂ ਮੇਰੇ ਉਲਟ ਨੇ, ਬਾਦਲ ਤੇ ਹਰਚਰਨ ਬਰਾੜ ਕੇ ਮੇਰੇ ਉਲਟ ਐ, ਮੈਂ ਤੈਨੂੰ ਬਰਾੜ ਬਣਾਕੇ ਇਨਾਂ ਬਰਾੜਾਂ ਵਿਚ ਵਾੜਨਾ ਚਾਹੁੰਨੈ ਤਾਂ ਕਿ ਰਾਜਨੀਤਕ ਤੌਰ ਉਤੇ ਤੇਰੇ ਵੀ ਪੈਰ ਪੱਕੇ ਹੋਣ ਤੇ ਮੈਨੂੰ ਵੀ ਤੇਰੇ ਨਾਲ ਕੁਛ ਲਾਭ ਹੋਵੇ,ਸੋ ਤੂੰ ਬਰਾੜ ਲਿਖਿਆ ਕਰ।”
ਉਸ ਦਿਨ ਤੋਂ ‘ਕਾਮਰੇਡ’ ਤੋਂ ਉਹ ‘ਅਵਤਾਰ ਸਿੰਘ ਬਰਾੜ’ ਬਣ ਗਿਆ।
ਕੋਟ ਕਪੂਰੇ ਪ੍ਰੋਗਰਾਮ ਵਿਚ ਬਰਾੜ ਨੇ ਗਿਆਨੀ ਜੀ ਦੇ ਸਾਹਮਣੇ ਬੜੀ ਬੇਬਾਕ ਤਕਰੀਰ ਕੀਤੀ। ਇਥੇ ਵੀ ਕੁਰਸੀਆਂ ਉਤੇ ਉਹੋ ਸਰਦਾਰ ਅਮੀਰ ਲੋਕ ਆਏ ਬੈਠੇ ਸੀ, ਜੋ ਬਾਦਲ ਤੇ ਹਰਚਰਨ ਸਿੰਘ ਬਰਾੜ ਦੇ ਆਉਣ ਵੇਲੇ ਆਕੇ ਬਹਿੰਦੇ ਸੀ। ਅਵਤਾਰ ਸਿੰਘ ਬਰਾੜ ਨੇ ਆਖਿਆ, ” ਗਿਆਨੀ ਜੀ, ਮੇਰੀ ਗੱਲ ਨੂੰ ਧਿਆਨ ਨਾਲ ਸੁਣਲੋ, ਇਥੇ ਸਾਰੇ ਖਾਂਦੇ ਪੀਂਦੇ ਤੇ ਕਹਿੰਦੇ ਕੁਹਾਉਂਦੇ ਲੋਕ ਆਏ ਬੈਠੇ ਆ, ਮੈਨੂੰ ਇਹ ਦੱਸੋ ਕਿ ਜਿਹੜੇ ਗਰੀਬ ਲੋਕਾਂ ਨੇ ਆਪ ਨੂੰ ਦੋ ਦੋ ਰੁਪੱਈਏ ਕੱਠੇ ਕਰਕੇ ਦਿੱਤੇ ਐ, ਨਾਲ ਨਾਲ ਤੁਰੇ ਐ, ਡਾਗਾਂ ਖਾਧੀਆਂ ਨੇ , ਵੋਟਾਂ ਪਾਈਆਂ ਨੇ, ਓਹ ਗਰੀਬ ਤੇ ਨਿਮਾਣੇ ਨਿਤਾਣੇ ਲੋਕ ਕਿਥੇ ਐ ਅੱਜ? ਮੈਨੂੰ ਦਸੋ ਕਿ ਕਿਥੇ ਐ ਏਥੇ ‘ਕੱਠ ‘ਚ ਮੇਰੇ ਪਿਤਾ ਨਿਰੰਜਣ ਸਿੰਘ, ਕਿਥੇ ਐ ਏਥੇ ਸੰਧੂਰਾ ਸਿੰਘ ਮਾਨੀਵਾਲਾ, ਕਿਥੇ ਐ ਘੁਗਿਆਣੇ ਵਾਲਾ ਦੀਵਾਨ ਚੰਦ, ਜੇ ਆਏ ਵੀ ਹੋਏ ਏਥੇ, ‘ਕੱਠ ‘ਚ ਉਵੇਂ ਕਿਤੇ ਪਿਛਾਂਹ ਜਿਹੇ ਖੜੇ ਹੋਣਗੇ,ਜਿਵੇਂ ਬਾਦਲ ਜਾਂ ਹਰਚਰਨ ਸਿੰਘ ਬਰਾੜ ਦੇ ਆਉਣ ਵੇਲੇ ਖੜਦੇ ਸੀ।”
ਬਰਾੜ ਦੀ ਸਪੀਚ ਨੇ ਧੁੰਮ ਪਾ ਦਿੱਤੀ।
ਗਿਆਨੀ ਜੀ ਬੜੇ ਪ੍ਰਭਾਵਿਤ ਹੋਏ। ਗਿਆਨੀ ਜੀ ਨੇ ਡੀ ਐਸ ਪੀ ਤੇ ਐਸ ਡੀ ਐਮ ਨੂੰ ਹੁਕਮ ਦੇ ਦਿੱਤੇ ਕਿ ਅੱਗੇ ਤੋਂ ਮੇਰੇ ਕਿਸੇ ਵੀ ਪ੍ਰੋਗਰਾਮ ਵਿਚ ਅਮੀਰ ਸਰਦਾਰ ਨਾ ਸੱਦੇ ਜਾਣ। ( ਇਹ ਜਾਣਕਾਰੀ ਅਵਤਾਰ ਸਿੰਘ ਬਰਾੜ ਦੇ ਪੀਏ ਰਹੇ ਰੁਲਦੂ ਸਿੰਘ ਔਲਖ ਨੇ ਦਿੱਤੀ।)
ਗਿਆਨੀ ਜੀ ਮੁੱਖ ਮੰਤਰੀ ਸਨ, ਤਾਂ ਅਵਤਾਰ ਸਿੰਘ ਬਰਾੜ ਉਦੋਂ ਹਾਲੇ ਟੀਚਰ ਸੀ ਤੇ ਉਸਦੀ ਬਦਲੀ ਜਿਊਣ ਵਾਲੇ ਤੋਂ ਮਾਨਸੇ ਵੱਲ ਇਕ ਪਿੰਡ ਦੀ ਕਰ ਦਿੱਤੀ। ਔਖੇ ਰਾਹ। ਰੇਤਾ ਰੇਤਾ ਈ ਰੇਤਾ ਤੇ ਸਾਈਕਲ ਵੀ ਰੋਹੜਕੇ ਲਿਜਾਣਾ ਔਖਾ ਹੋ ਜਾਂਦਾ। ਤੰਗ ਆਏ ਅਵਤਾਰ ਸਿੰਘ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਸੀ ਗਿਆਨੀ ਜੀ ਨੂੰ ਕਹਿ ਕੇ ਬਦਲੀ ਕਿਤੇ ਹੋਰ ਕਰਵਾ ਦਿਓ ਮੇਰੀ। ਪਿਤਾ ਜੀ ਬੋਲੇ, “ਤੂੰ ਖੁਦ ਜਾਹ ਚੰਡੀਗੜ੍ਹ ਗਿਆਨੀ ਜੀ ਕੋਲ, ਉਹ ਕੇਹੜਾ ਤੈਨੂੰ ਜਾਣਦੇ ਨ੍ਹੀਂ।”
ਅਵਤਾਰ ਸਿੰਘ ਬਸ ਚੜ ਗਿਆ ਤੇ ਰਿਕਸ਼ੇ ਉਤੇ ਬਹਿਕੇ ਮੁੱਖ ਮੰਤਰੀ ਦੀ ਕੋਠੀ ਜਾ ਪੁੱਜਿਆ। ਆਪਣੇ ਨਾਂ ਦੀ ਪਰਚੀ ਭੇਜੀ ਤੇ ਆਉਣ ਦਾ ਕਾਰਨ ਵੀ ਦੱਸਿਆ। ਗਿਆਨੀ ਜੀ ਉਸਨੂੰ ਪੁਛਦੇ ਹਨ, “ਅਵਤਾਰ, ਸਭ ਠੀਕ ਐ ਘਰੇ, ਮੇਰੇ ਭਰਾ ਦਾ ਕੀ ਹਾਲ ਐ ਜਥੇਦਾਰ ਜੀ ਦਾ? ਤੇ ਅਜੇ ਵੀ ਮਾਸਟਰ ਲੱਗਿਆ ਹੋਇਆ ਐਂ?”
ਅਵਤਾਰ ਸਿੰਘ ਨੇ ਵਿਅੰਗ ਜਿਹੇ ਨਲ ਆਖਿਆ, “ਹਾਂਜੀ, ਚਾਚਾ ਜੀ, ਲੱਗਿਆ ਹੋਇਆ ਆਂ, ਦੋ ਸੌ ਰੁਪੱਈਆ ਤਨਖਾਹ ਮਿਲਦੀ ਐ ਤੇ ਥੋੜੀ ਬਹੁਤ ਪਿੰਡ ਜਮੀਨ ਐਂ, ਥੋਨੂੰ ਪਤਾ ਈ ਐ ਤੇ ਜੇ ਆਪ ਦੀ ਕਿਰਪਾ ਰਹੀ ਤਾ ਏਹੇ ਨੌਕਰੀ ਵੀ ਛੁਟਜੂ ।”
ਗਿਆਨੀ ਜੀ ਕਹਿੰਦੇ, “ਅੱਜ ਤੂੰ ਜਾਣਾ ਨਹੀਂ ਵਾਪਸ, ਐਥੇ ਈ ਰਹਿਣਾ ਐਂ ਮੇਰੇ ਕੋਲ।” ਉਹ ਸੀ ਐਮ ਹਾਊਸ ਰੁਕ ਗਿਆ। ਸਵੇਰੇ ਬਰੇਕ ਫਾਸਟ ਵਗੈਰਾ ਕੀਤਾ ਤੇ ਗਿਆਨੀ ਜੀ ਕਹਿੰਦੇ, “ਜਾਹ ਅਵਤਾਰ, ਤੂੰ ਫਰੀਦਕੋਟ ਜਾਹ, ਤੇ ਅਸਤੀਫਾ ਦੇ ਆ ਮਾਸਟਰੀ ਤੋਂ।” ਅਵਤਾਰ ਸਿੰਘ ਆਖਣ ਲੱਗਾ ਕਿ ਚਾਚਾ ਜੀ, ਬਾਪੂ ਜੀ ਨੂੰ ਤਾਂ ਪੁੱਛ ਲਵਾਂ? ਗਿਆਨੀ ਜੀ ਬੋਲੇ ਕਿ ਬਸ, ਤੈਨੂੰ ਕਹਿਤਾ।
ਇਕ ਵਾਰ ਤਾਂ ਉਸਦੇ ਦੇ ਖਾਨਿਓਂ ਗਈ ਕਿ ਸਾਡੇ ਘਰਦੀ ਰੋਟੀ ਕਿਵੇਂ ਚੱਲੂ, ਪਰ ਨਾਂਹ ਨਹੀਂ ਕੀਤੀ ਤੇ ਕਿਹਾ, “ਠੀਕ ਐ ਚਾਚਾ ਜੀ।” ਮੁੱਖ ਮੰਤਰੀ ਹਾਊਸ ਦੀ ਨਵੀਂ ਸਰਕਾਰੀ ਅੰਬੈਸਡਰ ਕਾਰ ਉਸਨੂੰ ਨੂੰ ਬਿਠਾ ਕੇ ਫਰੀਦਕੋਟ ਵੱਲ ਦੌੜ ਰਹੀ ਸੀ ਤੇ ਅਵਤਾਰ ਸਿੰਘ ਸੋਚਾਂ ਵਿੱਚ ਡੁੱਬਿਆ ਬੈਠਾ ਮਿਠੇ ਮਿਠੇ ਠੂਹਣੇਂ ਲੈ ਰਿਹਾ ਸੀ। ਜਦ ਸਕੂਲੇ ਆਏ ਤਾਂ ਹੈਡਮਾਸਟਰ ਖੁਸ਼ ਹੋ ਗਿਆ ਕਿ ਚੰਗਾ ਐ ਮਗਰੋਂ ਲੱਥਾ, ਰੋਜ ਜਿੰਦਾਬਾਦ ਮੁਰਦਾਬਾਦ ਕਰਦਾ ਸੀ ਸਾਡੀ। ਤੇ ਇਓ ਬਰਾੜ ਸਾਹਬ ਦਾ ਖਹਿੜਾ ਛੁਟ ਗਿਆ ਮਾਸਟਰੀ ਤੋਂ।
ਮੁੱਖ ਮੰਤਰੀ ਦਫਤਰ ਨੇ ਨਾਲ ਈ ਅਫਸਰਾਂ ਨੂੰ ਹੁਕਮ ਕਰ ਦਿੱਤੇ ਕਿ ਅੱਜ ਤੋਂ ਫਰੀਦਕੋਟ ਵਿਚ ਅਵਤਾਰ ਸਿੰਘ ਬਰਾੜ ਦੇ ਸਾਰੇ ਕੰਮ ਹੋਣਗੇ। ਅਫਸਰ ਘਣੀਏ ਵਾਲੇ ਬਰਾੜ ਸਾਹਬ ਨੂੰ ਲੱਭਦੇ ਫਿਰਨ, ਤੇ ਇਹ ਅਜੇ ਰਾਹਾਂ ਵਿਚ ਤੁਰੇ ਫਿਰਦੇ ਸੀ।
ਫਿਰ ਗਿਆਨੀ ਜੀ ਨੇ ਬਰਾੜ ਸਾਹਬ ਦੀ ਪਰਧਾਨਗੀ ਐਲਾਨੀ ਤੇ ਫਰੀਦਕੋਟ ਜਿਲਾ ਬਣਨ ਵੇਲੇ ਜਿਲਾ ਪਰਧਾਨਗੀ ਸੌਂਪਣ ਖੁਦ ਚੱਲਕੇ ਆਏ।
ਗਿਆਨੀ ਜੀ ਦੇ ਇਕ ਹੋਰ ਨੇੜੂ ਹੁੰਦੇ ਸੀ ਫਿਰੋਜ ਸ਼ਾਹ ਦੇ ਮਹਿੰਦਰ ਸਿੰਘ ਗਿੱਲ, ਜੋ ਬਾਅਦ ਵਿਚ ਖੇਤੀ ਬਾੜੀ ਮੰਤਰੀ ਰਿਹਾ ਤੇ ਗਿਆਨੀ ਜੀ ਉਸਨੂੰ ਰਾਜ ਸਭਾ ਮੈਂਬਰ ਬਣਾ ਕੇ ਭੇਜਦੇ ਰਹੇ। ਇਹੋ ਗਿੱਲ ਆਪੇ ਸਾਰੀ ਕਤਾਰ ਬੰਦੀ ਕਰਦਾ ਸੀ ਕਿਉਂਕਿ ‘ਖਾਸਮ ਖਾਸ’ ਸੀ ਇਹ ਗਿਆਨੀ ਜੀ ਦਾ। ਗਿਆਨੀ ਜੀ ਗਿੱਲ ਨੂੰ ਪੰਜਾਬ ਪਰਦੇਸ਼ ਕਾਂਗਰਸ ਦਾ ਪਰਧਾਨ ਬਣਾਉਣਾ ਚਾਹੁੰਦੇ ਸੀ। ਸੰਜੇ ਗਾਂਧੀ ਵੀ ਗਿੱਲ ਨੂੰ ਵਾਹਵਾ ਪੁਛਦਾ ਦਸਦਾ ਸੀ। ਗਿਆਨੀ ਜੀ ਪਾਕਿਸਤਾਨ ਦੇ ਦੌਰੇ ਉਤੇ ਚਲੇ ਗਏ। ਗਿਆਨੀ ਜੀ ਦੇ ਵਿਰੋਧੀਆਂ ਨੇ ਸੋਚਿਆ ਕਿ ਗਿਆਨੀ ਜੀ ਦੀ ਗੈਰ ਹਾਜਰੀ ਵਿਚ ਮਹਿੰਦਰ ਸਿੰਘ ਗਿੱਲ ਨੂੰ ਪੱਟ ਲਿਆ ਜਾਵੇ ਤੇ ਪੰਜਾਬ ਕਾਂਗਰਸ ਦਾ ਪਰਧਾਨ ਬਣਾ ਕੇ ਆਪਣੇ ਧੜੇ ਵਿਚ ਸ਼ਾਮਿਲ ਕਰ ਲਈਏ। ਸ੍ਰ ਸਵਰਨ ਸਿੰਘ ( ਜੋ ਬਦੇਸ਼ ਮੰਤਰੀ ਰਹੇ), ਉਹ ਇਸ ਕਾਰਜ ਵਿੱਚ ਮੂਹਰੇ ਮੂਹਰੇ ਸਨ। ਇਵੇ ਈ ਹੋਇਆ। ਗਿਆਨੀ ਜੀ ਦੇ ਆਉਣ ਤੋਂ ਪਹਿਲਾਂ ਹੀ ਗਿੱਲ ਪੰਜਾਬ ਕਾਂਗਰਸ ਦਾ ਪਰਧਾਨ ਬਣ ਗਿਆ ਤੇ ਉਲਟ ਧੜੇ ਨਾਲ ਰਲ ਗਿਆ। ਗਿਆਨੀ ਜੀ ਬੜੇ ਦੁਖੀ ਹੋਏ ਤੇ ਸਮੇਂ ਸਮੇਂ ਗਿੱਲ ਗਿਆਨੀ ਜੀ ਨਾਲ ਕਈ ਸਿਆਸੀ ਮੌਕਿਆਂ ਉਤੇ ਟਕਰਾਇਆ ਵੀ, ਕਿਉਂਕਿ ਉਸਨੂੰ ਸੰਜੇ ਗਾਂਧੀ ਦੀ ਸ਼ਹਿ ਪੂਰੀ ਸੀ। ਗਿਆਨੀ ਦੇ ਚੇਲੇ ਬਰਾੜ ਨੂੰ ਇਹ ਗੱਲ ਵੱਢ ਵੱਢ ਖਾਂਦੀ ਪਈ ਸੀ ਕਿ ਇਹ ਮੇਰੇ ਸਿਆਸੀ ਉਸਤਾਦ ਨੂੰ ਜਲੀਲ ਕਰ ਰਹੇ ਹਨ।
ਮੋਗੇ ਵਾਲਾ ਸ੍ਰ ਅਮਰ ਸਿੰਘ ਬੜਾ ਮੰਨਿਆ ਹੋਇਆ ਪੱਤਰਕਾਰ ਸੀ ਤੇ ਉਹ ਯੂ ਐਨ ਆਈ ਤੋਂ ਲੈਕੇ ਜਲੰਧਰ ਰੇਡੀਓ ਨੂੰ ਵੀ ਖਬਰਾਂ ਭੇਜਦਾ ਤੇ ਅੰਗਰੇਜੀ ਦੇ ਵੱਡੇ ਅਖਬਾਰਾਂ ਨੂੰ ਵੀ। (ਟੀ ਵੀ ਜਲੰਧਰ ਹਾਲੇ ਸ਼ੁਰੂ ਨਹੀ ਸੀ ਹੋਇਆ। ਬਾਅਦ ਵਿਚ ਅਮਰ ਸਿੰਘ ਟੀ ਵੀ ਜਲੰਧਰ ਦਾ ਪੱਤਰਕਾਰ ਵੀ ਰਿਹਾ)। ਅਵਤਾਰ ਸਿੰਘ ਬਰਾੜ ਨੇ ਅਮਰ ਸਿੰਘ ਨੂੰ ਕਹਿਕੇ ਸੰਜੇ ਗਾਂਧੀ ਦੇ ਖਿਲਾਫ ਬਿਆਨ ਜਾਰੀ ਕਰਵਾ ਦਿਤਾ ਤਾਂ ਰੌਲਾ ਪੈਣ ਲੱਗਿਆ ਕਿ ਇਕ ਕਾਂਗਰਸ ਪ੍ਰਧਾਨ ਹੀ ਸੰਜੇ ਗਾਂਧੀ ਦੇ ਉਲਟ ਬਿਆਨ ਦੇ ਰਿਹਾ ਹੈ। ਕਾਂਗਰਸ ਅੰਦਰੋਂ ਅੰਦਰ ਫਟ ਰਹੀ ਹੈ। ਇੰਦਰਾ ਗਾਂਧੀ ਵੀ ਔਖੀ ਹੋ ਗਈ। ਗਿਆਨੀ ਜੀ ਨੇ ਬਰਾੜ ਨੂੰ ਆਖਿਆ, “ਮੂਰਖਾ, ਤੂੰ ਇਹ ਕਿਓਂ ਕੀਤਾ?” ਬਰਾੜ ਨੇ ਕਿਹਾ, “ਆਪ ਮੇਰੇ ਸਿਆਸੀ ਗੁਰੂ ਓ, ਆਪ ਨੇ ਜੇਲਾਂ ਕੱਟੀਆਂ,ਫਰੀਡਮ ਫਾਈਟਰ ਰਹੇ, ਰਾਜਿਆਂ ਨਾਲ ਲੜੇ ਤੇ ਓਹ ਸੰਜੇ ਗਾਂਧੀ ਕੱਲ ਦਾ ਸ਼ੌਕਰਾ ਐ, ਤੇ ਏਧਰ ਗਿੱਲ ਨੂੰ ਆਪ ਦੇ ਬਰਾਬਰ ਸਿਰ ਉਤੇ ਬਹਾਵੇ ਸੰਜੇ ਗਾਂਧੀ? ਮੈਥੋਂ ਨੀ ਏਹ ਬਰਦਾਸ਼ਤ ਹੁੰਦਾ ਚਾਚਾ ਜੀ, ਮੈਂ ਨੀ ਰਹਿ ਸਕਿਆ ਏਸੇ ਕਰਕੇ।”
ਗਿਆਨੀ ਜੀ ਕਹਿੰਦੇ, “ਪੁੱਤ ਤਾਂ ਉਹ ਇੰਦਰਾ ਦਾ ਈ ਐ, ਓਹ ਤਾਂ ਪੁੱਤ ਮਗਰ ਈ ਜਾਊਗੀ, ਤੂੰ ਚੱਕ ਆਵਦੇ ਲੀੜੇ ਤੇ ਚੱਲ ਘਣੀਏ ਵਾਲੇ ਨੂੰ, ਤੇ ਮੈਂ ਆਵਦੇ ਲੀੜੇ ਚਕਕੇ ਚਲਦਾ ਆਂ ਸੰਧਵਾਂ ਨੂੰ, ਆਪਣਾ ਤਾਂ ਹੁਣ ਸਿਆਸੀ ਭੋਗ ਪੈ ਗਿਆ ਸਮਝ।”
ਗਿਆਨੀ ਜੀ ਨੂੰ ਪਤਾ ਸੀ ਕਿ ਅਵਤਾਰ ਨੇ ਮੇਰੇ ਪਿੱਛੇ ਜਜਬਾਤੀ ਹੋਕੇ ਬਿਆਨ ਦਿੱਤਾ ਐ ਪਰ ਦਿਲ ਦਾ ਨਹੀਂ ਏਹ ਮਾੜਾ। ਖੈਰ, ਕਰ ਕਰਾਕੇ ਗਿਆਨੀ ਜੀ ਨੇ ਮੌਕਾ ਸਾਂਭ ਲਿਆ ਸੀ।
(ਬਾਕੀ ਅਗਲੇ ਹਫਤੇ)