ਪਹਿਲੀ ਵਾਰ ਮਿਹਨਤ ਨਾਲ ਸਰੀਰ ਬਣਾ ਲਿਆ ਸੀ ਹਿੱਸਾ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਇਨਵਰਕਾਰਗਿਲ ਵਿਖੇ ਰਹਿੰਦੇ 26 ਸਾਲਾ ਪੰਜਾਬੀ ਨੌਜਵਾਨ ਅਤੁੱਲ ਸਹਿਗਲ ਨੇ ਬੀਤੇ ਦਿਨੀਂ ‘ਨਾਬਾ ਸਾਊਥਲੈਂਡ ਬੌਡੀ ਬਿਲਡਿੰਗ ਚੈਂਪੀਅਨਸ਼ਿਪ’ ਦੇ ਵਿਚ ਉਪ ਜੇਤੂ ਰਹਿ ਕੇ ਨਿਊਜ਼ੀਲੈਂਡ ਵਸਦੇ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਸ ਨੌਜਵਾਨ ਨੇ ਪਹਿਲੀ ਵਾਰ ਬੌਡੀ ਬਿਲਡਿੰਗ ਮੁਕਾਬਲਿਆਂ ਦੇ ਵਿਚ ‘ਮਿਸਟਰ ਬੌਡੀ ਬੋਰਡ ਸ਼ਾਰਟਸ’ ਸ਼੍ਰੇਣੀ (ਫਿੱਟਨੈਸ ਮਾਡਲ) ਵਿਚ ਭਾਗ ਲਿਆ ਸੀ। ਇਸ ਮੁਕਾਬਲੇ ਦੇ ਵਿਚ ਜੇਤੂ ਹੋਣ ਲਈ ਕਈ ਤਰ੍ਹਾਂ ਦੇ ਗਠੀਲੇ ਸਰੀਰਕ ਪ੍ਰਦਰਸ਼ਨ ਦੀਆਂ ਪ੍ਰੀਖਿਆਵਾਂ ਦੇ ਵਿਚੋਂ ਲੰਘਣਾ ਪੈਣਾ ਹੁੰਦਾ ਹੈ, ਜਿਵੇਂ ‘ਟੀ ਵਾਕ’, ‘ਜਰੂਰੀ ਸਰੀਰਕ ਪੋਜ਼’ ਜਿਸ ਦੇ ਵਿਚ ਬਾਹਾਂ ਅਤੇ ਲੱਤਾਂ ਦੇ ਪੱਠੇ ਵਿਖਾਏ ਜਾਂਦੇ ਹਨ ਆਦਿ। ਇਸ ਮੁਕਾਬਲੇ ਦੇ ਵਿਚ ਦੋ ਦਰਜਨ ਤੋਂ ਵੱਧ ਤਜ਼ਰਬੇਕਾਰ ਬੌਡੀਬਿਲਡਰ ਮੁਕਾਬਲਾ ਦੇ ਰਹੇ ਸਨ ਅਤੇ ਇਹ ਇਕੋ-ਇਕ ਪੰਜਾਬੀ ਜਾਂ ਕਹਿ ਲਈਏ ਭਾਰਤੀ ਨੌਜਵਾਨ ਸੀ, ਜੋ ਕਿ ਪਹਿਲੀ ਵਾਰ ਭਾਗ ਲੈ ਰਿਹਾ ਸੀ। ਕਰੜੇ ਮੁਕਾਬਲੇ ਬਾਅਦ ਇਸ ਨੂੰ ਉਪ ਜੇਤੂ ਐਲਾਨਿਆ ਗਿਆ ਅਤੇ ਇਕ ਸੁੰਦਰ ਟ੍ਰਾਫੀ ਦਿੱਤੀ ਗਈ। ਅਤੁੱਲ ਸਹਿਗਲ ਸ਼ਹਿਰ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ ਅਤੇ ਇਥੇ 2012 ’ਚ ਪੜ੍ਹਨ ਆਇਆ ਸੀ ਅਤੇ ਹੁਣ ਵਰਕ ਪਰਮਿਟ ਉਤੇ ਇਕ ਲੱਕੜ ਦੀ ਫੈਕਟਰੀ ਦੇ ਵਿਚ ਮਸ਼ੀਨਿਸਟ ਵਜੋਂ ਕੰਮ ਕਰ ਰਿਹਾ ਹੈ ਪਰ ਸਿਹਤ ਨੂੰ ਪਹਿਲ ਦੇਣੀ ਇਸਦੀ ਪ੍ਰਮੁੱਖ ਖਾਹਿਸ਼ ਲੰਮੇ ਸਮੇਂ ਤੋਂ ਬਣੀ ਹੋਈ ਹੈ। ਅਜਿਹੇ ਨੌਜਵਾਨ ਦੂਜੇ ਨੌਜਵਾਨਾਂ ਲਈ ਆਦਰਸ਼ਿਕ ਹੁੰਦੇ ਹਨ। ਸ਼ਾਲਾ! ਇਹ ਨੌਜਵਾਨ ਇਸੇ ਤਰ੍ਹਾਂ ਆਪਣੀ ਮਿਹਨਤ ਦੇ ਨਾਲ ਗਠੀਲੇ ਸਰੀਰ ਦਾ ਪ੍ਰਦਰਸ਼ਨ ਕਰਦਿਆਂ ਇਥੇ ਦੇ ਬੌਡੀ ਬਿਲਡਿੰਗ ਮੁਕਾਬਲਿਆਂ ਵਿਚ ਹੋਰ ਜਿੱਤਾਂ ਹਾਸਿਲ ਕਰਕੇ ਭਾਰਤੀ ਭਾਈਚਾਰੇ ਦਾ ਮਾਣ ਵਧਾਏ।
