ਸੁਖਜੀਵਨ ਸਿੰਘ ਸਫ਼ਰੀ (ਦਸੂਹਾ)
ਸੰਸਾਰ ਭਰ ਅੰਦਰ ਕੋਰੋਨਾ ਵਾਇਰਸ ਦੇ ਕਰਕੇ ਮਹਾਮਾਰੀ ਫੈਲੀ ਹੋਈ ਹੈ।ਅੰਤਰ ਰਾਸ਼ਟਰੀ ਪੱਧਰ ਤੇ ਇਸ ਵਾਇਰਸ ਨਾਲ ਲੜਨ ਲਈ ਦਿਨ ਰਾਤ ਜੱਦੋਜਹਿਤ ਕੀਤੀ ਜਾ ਰਹੀ ਹੈ।ਲੌਕਡਾਊਨ ਮੌਤ ਨਾਲ ਐਸੀ ਲੜਾਈ ਹੈ ਜਿਸ ਨੂੰ ਘਰਾਂ ਅੰਦਰ ਰਹਿਕੇ ਹੀ ਜਿੱਤਿਆ ਜਾ ਸਕਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਕੋਈ ਵਿਆਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੈ,ਉਹ ਵਿਆਕਤੀ ਜਿਸ ਜਿਸ ਵਿਆਕਤੀ ਦੇ ਸੰਪਰਕ ਵਿੱਚ ਆਉਦਾ ਜਾਵੇਗਾ ਸਭ ਨੂੰ ਕੋਰੋਨਾ ਦਾ ਵਾਇਰਸ ਵੰਡਦਾ ਜਾਵੇਗਾ (ਜਿਸ ਦੀ ਤਾਜ਼ਾ ਉਦਾਹਰਣ ਦਿੱਲੀ ਵਿੱਚ ਸਾਹਮਣੇ ਆਈ ਹੈ ਇੱਕ ਪੀਜ਼ਾ ਵੰਡਣ ਵਾਲੇ ਲੜਕੇ ਕਰਕੇ ਲਗਭਗ ੭੫ ਪਰਿਵਾਰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਕਿਊਕਿ ਪੀਜ਼ਾ ਵੇਚਣ ਵਾਲਾ ਲੜਕਾ ਕੋਰੋਨਾ ਤੋਂ ਪੀੜਤ ਸੀ) ਜਿਸ ਕਰਕੇ ਸਰਕਾਰਾਂ ਵਲੋਂ ਜਨਤਾ ਉੱਤੇ ਕਾਬੂ ਪਾਉਣ ਲਈ ਲੌਕਡਾਉਨ ਦਾ ਸਹਾਰਾ ਲਿਆ ਜਾ ਰਿਹਾ ਹੈ।ਸਰਕਾਰਾਂ ਵਲੋਂ ਜਨਤਾ ਨੂੰ ਘਰਾਂ ਅੰਦਰ ਰਹਿਣ ਲਈ ਵਾਰ ਵਾਰ ਅਪੀਲ ਕਰਨੀ ਪੈ ਰਹੀ ਹੈ।ਜਨਤਾ ਦੀ ਸੁਵਿਧਾ ਲਈ ਰਾਸ਼ਨ ਅਤੇ ਹੋਰ ਜਰੂਰੀ ਵਸਤਾਂ ਘਰਾਂ ਅੰਦਰ ਹੀ ਪਹੁੰਚਾਈਆ ਜਾ ਰਹੀਆਂ ਹਨ।ਪ੍ਰਸ਼ਾਸ਼ਨ ਵਲੋਂ ਉਹ ਸਭ ਯਤਨ ਕੀਤੇ ਜਾ ਰਹੇ ਹਨ,ਜਿਹਨਾਂ ਕਰਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਸਰਕਾਰ ਵਲੋਂ ਜਨਤਾ ਦੀ ਭਲਾਈ ਲਈ ਬਹੁਤ ਕਾਰਜ ਕੀਤੇ ਜਾ ਰਹੇ ਹਨ ਪਰ ਜਨਤਾ ਆਪਣੀ ਭਲਾਈ ਲਈ ਵੀ ਸਰਕਾਰ ਦਾ ਸਹਿਯੋਗ ਕਰਦੀ ਨਜ਼ਰ ਨਹੀਂ ਆ ਰਹੀ।ਪੁਲਿਸ ਵਲੋਂ ਜਨਤਾ ਨੂੰ ਲਾਊਡ ਸਪੀਕਰਾਂ ਰਾਹੀ ਘਰਾਂ ਅੰਦਰ ਰਹਿਣ ਦੀ ਪੁਰਜੋਰ ਅਪੀਲ ਕੀਤੀ ਜਾ ਰਹੀ ਹੈ,ਇਸ ਦੇ ਬਾਵਜੂਦ ਲੋਕ ਅਨੁਸ਼ਾਸ਼ਨਮਈ ਨਹੀਂ ਹੁੰਦੇ ਨਜ਼ਰ ਆ ਰਹੇ।ਕਈ ਥਾਵਾਂ ਤੇ ਮਾਸਕ ਮੂੰਹ ਤੇ ਪਹਿਨਣਾ ਜਰੂਰੀ ਐਲਾਨਿਆ ਗਿਆ ਹੈ,ਨਾ ਪਹਿਨਣ ਦੀ ਸੂਰਤ ਵਿੱਚ ਹਥਕੜੀ ਵੀ ਲੱਗ ਸਕਦੀ ਦਾ ਐਲਾਨ ਕੀਤਾ ਜਾ ਚੁੱਕਾ ਹੈ,ਪਰ ਲੋਕ ਅਵੇਸਲੇ ਹਨ।ਦੇਖਣ ਵਿੱਚ ਇਹ ਵੀ ਆਇਆ ਹੈ ਕਿ ਲੌਕਡਾਊਨ ਹੋਣ ਦੇ ਬਾਵਜੂਦ ਲੋਕ ਸੜਕਾਂ ਤੇ ਘੁੰਮ ਰਹੇ ਲੋਕਾਂ ਨੂੰ ਪੁਲਿਸ ਵਲੋਂ ਡੰਡਾ ਪ੍ਰੇਡ ਵੀ ਕੀਤੀ ਗਈ,ਸਬਜ਼ੀ ਮੰਡੀਆਂ ਵਿੱਚ ਅੱਜ ਵੀ ਮੇਲਿਆਂ ਵਾਲਾ ਮਹੌਲ ਹੈ,ਕਈ ਲੋਕ ਤਾਂ ਇਸ ਕਰਕੇ ਬਾਹਰ ਆਉਦੇ ਹਨ ਕਿ ਇਹ ਦੇਖ ਸਕਣ ਕਿ ਬਾਹਰ ਕੀ ਹੋ ਰਿਹਾ ਹੈ।ਜਿਸ ਕਰਕੇ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।ਜੇਕਰ ਗਰੀਬ ਮਜਦੂਰਾਂ ਦੀ ਗੱਲ ਕਰੀਏ ਤਾਂ ਉਹਨਾਂ ਗਰੀਬਾਂ ਵਾਸਤੇ ਰਾਸ਼ਣ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਏਨਾ ਸਭ ਹੋਣ ਦੇ ਬਾਵਜੂਦ ਜਨਤਾ ਦੁਆਰਾ ਕੀਤੀਆ ਜਾ ਰਹੀਆਂ ਆਪਹੁਦਰੀਆਂ ਕੋਰੋਨਾ ਵਾਇਰਸ ਨੂੰ ਘਰ ਘਰ ਅੰਦਰ ਜਾਣ ਤੋਂ ਨਹੀਂ ਰੋਕ ਸਕਦੀਆ।ਇਸ ਨੂੰ ਦੇਸ਼ ਦੀ ਖੁਸ਼ਕਿਸਮਤੀ ਕਿਹਾ ਜਾ ਸਕਦਾ ਹੈ ਕਿ ਅਜੇ ਤੱਕ ਪ੍ਰਸ਼ਾਸ਼ਨ ਦੁਆਰਾ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਕਰਕੇ ਦੂਸਰੇ ਦੇਸ਼ਾ ਵਾਲੀ ਭਿਆਨਕ ਸਥਿਤੀ ਨਹੀਂ ਬਣੀ।ਪਰ ਇਹ ਗੱਲ ਜਰੂਰ ਸਾਵਧਾਨੀ ਮੰਗਦੀ ਹੈ ਕਿ ਆਮ ਜਨਤਾ ਆਪਣੇ ਫ਼ਰਜ਼ਾਂ ਤੋਂ ਪੂਰੀ ਤਰਾਂ ਅਵੇਸਲੀ ਨਜ਼ਰ ਆਉਦੀ ਹੈ।ਇਸ ਸਮੇਂ ਜੋ ਵੱਡੀ ਤਰਾਸਦੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਲੌਕਡਾਉਨ ਦੇ ਬਾਵਜੂਦ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਨਾਲ ਪੀੜਤ ਮਰੀਜ਼ਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ।ਜੇਕਰ ਲਾਉਕਡਾਉਨ ਵਿੱਚ ਢਿੱਲ ਮਿਲਦੀ ਹੈ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।ਸਭ ਤੋਂ ਵੱਡੀ ਗੱਲ ਸਮਾਜਿਕ ਦੂਰੀ ਬਣਾਈ ਰੱਖਣ ਲਈ ਜਨਤਾ ਤਿਆਰ ਨਜ਼ਰ ਨਹੀਂ ਆਉਦੀ।,ਲੋਕਾਂ ਦੁਆਰਾ ਵਰਤੇ ਗਏ ਮਾਸਕ ਸੜਕਾਂ ਤੇ ਖਿਲਰੇ ਪਏ ਹਨ।ਇਹ ਗੱਲ ਬਹੁਤ ਸੋਚ ਵਿਚਾਰਨ ਵਾਲੀ ਹੈ ਕਿ ਜੇਕਰ ਲੋਕਡਾਊਨ ਖੁੱਲਦਾ ਹੈ ਤਾਂ ਕਿ ਜਨਤਾ ਸਮਾਜਿਕ ਦੂਰੀ ਬਣਾ ਸਕਣਗੇ।ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਿਛਲੇ ਸਮੇਂ ਦੌਰਾਨ ਵਰਤਿਆ ਲੋਕਡਾਉਨ ਨਿਹਫਲ ਨਾ ਹੋ ਜਾਵੇ,ਜਿਨਾਂ ਸਮਾਂ ਸਥਿਤੀ ਕਾਬੂ ਵਿੱਚ ਨਹੀਂ ਆ ਜਾਂਦੀ।ਆਮ ਜਨਤਾ ਸਭ ਕੁਝ ਜਾਨਣ ਦੇ ਬਾਵਜੂਦ ਸਮਾਜਿਕ ਦੂਰੀ ਬਣਾਈ ਰੱਖਣ ਲਈ ਤਿਆਰ ਨਜ਼ਰ ਨਹੀਂ ਆ ਰਹੀ।ਜੇਕਰ ਇਸ ਸਮਾਜਿਕ ਦੂਰੀ ਵਾਲੀ ਗੱਲ ਜਨਤਾ ਨੇ ਨਾ ਸਮਝੀ ਤਾਂ ਇਸ ਦੇ ਭਿਆਨਕ ਨਤੀਜਿਆਂ ਨੂੰ ਭੁਗਤਣ ਲਈ ਤਿਆਰ ਹੋਣ ਨੂੰ ਸਮਾਂ ਵੀ ਨਹੀਂ ਮਿਲਣਾ।