15 ਅਗਸਤ ਨੂੰ ਲਹਿਰਾਇਆ ਜਾਏਗਾ ਤਿਰੰਗਾ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਹੋਵੇਗਾ ਤਾਂ ਉਸ ਵੇਲੇ ਨਿਊਜ਼ੀਲੈਂਡ ਵਸਦੇ ਭਾਰਤੀ ਕਿੰਨੇ ਖੁਸ਼ ਹੋਏ ਹੋਣਗੇ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ 15 ਅਗਸਤ 1953 ਨੂੰ ਪੁੱਕੀਕੋਹੀ ਵਿਖੇ ਭਾਰਤੀਆਂ ਦੇ ਪਹਿਲਾ ਹਾਲ ‘ਨਹਿਰੂ ਹਾਲ’ ਦੀ ਸਥਾਪਨਾ ਕਰਕੇ ਉਸਦਾ ਉਦਘਾਟਨ ਕਰ ਦਿੱਤਾ ਸੀ। 1948 ਦੇ ਵਿਚ ਇਸ ਹਾਲ ਦੇ ਲਈ ਕਾਰਵਾਈ ਸ਼ੁਰੂ ਹੋ ਗਈ ਸੀ। ਇਕ ਦੋ ਵਾਰ ਉਥੋਂ ਲੰਘਿਆ ਤਾਂ ਨਹਿਰੂ ਹਾਲ ਉਤੇ ਨਿਗ੍ਹਾ ਪਈ। ਹੌਲੀ-ਹੌਲੀ ਕਰਕੇ ਕਿਸੀ ਤਰ੍ਹਾਂ ਰੱਖ-ਰਖਾਵ ਕਰਨ ਵਾਲੀ ‘ਪੁੱਕੀਕੋਹੀ ਇੰਡੀਅਨ ਐਸੋਸੀਏਸ਼ਨ’ ਦੇ ਸ੍ਰੀ ਈਸ਼ਵਰ ਰਾਮਭਾਈ ਨਾਲ ਰਾਬਤਾ ਕਰਕੇ ਜਾਣਕਾਰੀ ਇਕੱਠੀ ਕੀਤੀ ਹੈ। ਕੁਝ ਜਾਣਕਾਰੀ ਔਕਲੈਂਡ ਕੌਂਸਿਲ ਦੇ ਹੈਰੀਟੇਜ਼ (ਵਿਰਾਸਤੀ ਸਫੇ) ਉਤੇ ਵੀ ਹੁੰਦੀ ਹੈ। ਪਹਿਲਾਂ ਪਹਿਲ ਇਥੇ ਭਾਰਤੀਆਂ ਦੇ ਨਾਲ ਕਾਫੀ ਨਸਲੀ ਭੇਦਭਾਵ ਹੁੰਦਾ ਰਿਹਾ ਜੋ 1950 ਤੱਕ ਚੱਲਿਆ। ਪੁੱਕੀਕੋਹੀ ਰਹਿੰਦੇ ਭਾਰਤੀਆਂ ਅਤੇ ਪੰਜਾਬੀਆਂ ਨੇ 59 ਵਾਰਡ ਸਟ੍ਰੀਟ ਉਤੇ 1012 ਵਰਗ ਮੀਟਰ ਦੀ ਜਗ੍ਹਾ ਅਤੇ 120 ਵਰਗ ਮੀਟਰ ਹਾਲ ਹੈ। 15 ਅਗਸਤ ਨੂੰ ਇਸਦਾ ਉਦਘਾਟਨ ਉਸ ਵੇਲੇ ਇੰਡੀਅਨ ਹਾਈ ਕਮਿਸ਼ਨ ਦੇ ਪਹਿਲੇ ਸੈਕਰੇਟਰੀ ਸ੍ਰੀ ਬੀ. ਕੇ. ਸੰਨਿਆਲ ਨੇ ਕੀਤਾ ਸੀ। ਆਜਾਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ (14 ਨਵੰਬਰ 1889-27 ਮਈ 1964) ਦੇ ਨਾਂਅ ਉਤੇ ਇਸ ਦਾ ਨਾਂਅ ‘ਨਹਿਰੂ ਹਾਲ’ ਰੱਖਿਆ ਗਿਆ ਸੀ। ਪੂਰੇ ਦੇਸ਼ ਦੇ ਵਿਚੋਂ ਇਸ ਲਈ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ। ਲਾਲ ਅਤੇ ਕ੍ਰੀਮ ਰੰਗ ਦੀਆਂ ਇੱਟਾਂ ਦੀ ਵਰਤੋਂ ਕੀਤੀ ਗਈ। ਮੁੱਖ ਦੁਆਰ ਉਤੇ ਇਕ ਪਾਸੇ ਨਿਊਜ਼ੀਲੈਂਡ ਦਾ ਰਾਸ਼ਟਰੀ ਝੰਡਾ ਅਤੇ ਇਕ ਪਾਸੇ ਭਾਰਤ ਦਾ ਝੰਡਾ ਬਣਾਇਆ ਗਿਆ। ਇਸੀ ਤਰ੍ਹਾਂ ਦੋ ਹਾਥੀ ਵੀ ਬਣੇ ਹੋਏ ਹਨ ਕਿਉਂਕਿ ਹਿੰਦੂ ਧਰਮ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਹਾਥੀ ਬੌਧਿਕ ਤਾਕਤ ਅਤੇ ਮਜ਼ੂਬਤ ਮਾਨਸਿਕ ਸ਼ਕਤੀ ਦਾ ਪ੍ਰਤੀਕ ਹਨ। ਇਹ ਇੱਕ ਪਵਿੱਤਰ ਜਾਨਵਰ ਹੈ ਅਤੇ ਇਸਨੂੰ ਗਣੇਸ਼ ਦਾ ਪ੍ਰਤੀਨਿਧ ਜਾਂ ਅਵਤਾਰ ਮੰਨਿਆ ਜਾਂਦਾ ਹੈ। ਇਥੇ ਬਹੁਤ ਸਾਰੇ ਕਮਿਊਨਿਟੀ ਸਮਾਗਮ ਹੋਣੇ ਸ਼ੁਰੂ ਹੋਏ ਅਤੇ ਪਹਿਲਾ ਵਿਆਹ 1956 ਦੇ ਵਿਚ ਕੌਸ਼ਿਲ ਨਾਰਨ ਦਾ ਹੋਇਆ ਸੀ। 2003 ਦੇ ਵਿਚ ਇਹ ਹਾਲ ਆਪਣੀ ਗੋਲਡਨ ਜੁਬਲੀ ਮਨਾ ਚੁੱਕਾ ਹੈ। ਇਥੇ ਹੁਣ ਜਿਆਦਾ ਸਮਾਗਮ ਨਹੀਂ ਹੁੰਦੇ ਕਿਉਂਕਿ ਪੁੱਕੀਕੋਹੀ ਵਿਖੇ ਹੁਣ ਵੱਡਾ ਹਾਲ ਬਣ ਗਿਆ ਹੈ ਪਰ ਫਿਰ ਵੀ ਕੁਝ ਧਾਰਮਿਕ ਸਮਾਗਮ ਉਥੇ ਹੁੰਦੇ ਹਨ। ਆਉਣ ਵਾਲੀ 15 ਅਗਸਤ ਨੂੰ ਇਥੇ ਸਵੇਰੇ 9 ਵਜੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਣਾ ਹੈ। ਵਰਨਣਯੋਗ ਹੈ ਕਿ ਜਿਸ ਵੇਲੇ 1978 ਦੇ ਵਿਚ ਇਸਦੀ ਸਿਲਵਰ ਜੁਬਲੀ (25ਵੀਂ ਸਾਲਗਿਰਾ) ਮਨਾਈ ਗਈ ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਲਾਂਗੀ ਪਹੁੰਚੇ ਸਨ ਅਤੇ 2003 ਦੇ ਵਿਚ ਗੋਲਡਨ ਜੁਬਲੀ ਵੇਲੇ ਵੀ ਪਹੁੰਚੇ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵੀ ਇਸ ਸਮਾਗਮ ਦੇ ਵਿਚ ਪਹੁੰਚੇ ਸਨ।