
ਨਿੰਦਰ ਘੁਗਿਆਣਵੀ
ਉਦੋਂ ਵੇਲੇ ਬੜੇ ਸਾਦੇ ਸਨ,ਸਹਿਜ ਤੇ ਸਰਲ ਸਨ। ਅੱਜ ਵਾਂਗ ਅਫੜਾ ਤਫੜੀ ਨਹੀਂ ਸੀ ਹਾਲੇ ਪਈ ਤੇ ਲੀਡਰਾਂ ਦੇ ਨੇੜੇ ਤੇੜੇ ਵੀ ਢੁੱਕੀ ਨਹੀਂ ਸੀ ਫੁਕਰਾਪੰਥੀ ਤੇ ਫੋਕੀ ਸ਼ਾਨੋ ਸ਼ੌਕਤ।
ਕਾਂਗਰਸ ਜਿਲਾ ਪਰਧਾਨ ਅਵਤਾਰ ਸਿੰਘ ਬਰਾੜ ਬਣਾ ਦਿੱਤੇ ਗਿਆਨੀ ਜੀ ਨੇ, ਜਦ ਉਹ ਮੁੱਖ ਮੰਤਰੀ ਸਨ। ਪ੍ਰਧਾਨ ਬਣਾਉਣ ਗਿਆਨੀ ਜੀ ਖੁਦ ਚੱਲਕੇ ਆਏ ਸਨ ਫਰੀਦਕੋਟ। (1992 ਤੀਕ ਬਰਾੜ ਸਾਹਬ ਪਰਧਾਨ ਰਹੇ ਜਦ ਤੀਕ 16 ਪੰਜਾਬ ਦੇ ਜਿਲਾ ਪ੍ਰਧਾਨ ਬਦਲੇ ਗਏ ਪਰ ਇਹ ਨਹੀਂ ਬਦਲੇ)। ਪਹਿਲਾ ਪੀ ਸੀ ਐਸ ਅਫਸਰ ਗੁਰਨਾਮ ਸਿੰਘ ਉਦੋਂ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ, ਇਹ ਪਹਿਲੀ ਵਾਰੀ ਹੋਇਆ ਸੀ। ਜਿਲਾ ਪਰਧਾਨ ਦੀ ਤਾਕਤ ਇਕ ਐਮ ਐਲ ਏ ਦੀ ਤਾਕਤ ਜਿੰਨੀ ਹੁੰਦੀ ਸੀ। ਦਫਤਰ ਵੀ ਬਣ ਗਿਆ ਤੇ ਪੂਰੀ ਬੱਲੇ ਬੱਲੇ ਹੋ ਗਈ। ਸਾਰੇ ਅਫਸਰ ਆਖੇ ਲਗਦੇ ਸਨ ਤੇ ਫਟਾਟਫ ਸਾਰੇ ਕੰਮ ਹੋਈ ਜਾਂਦੇ ਸਨ।
ਸੰਨ 1972-73 ਵਿਚ ਮਾਲਵੇ ਦੇ ਹਿਠਾੜ ਇਲਾਕੇ ਸਾਦਿਕ ਵਿਚ ਬਿਜਲੀ ਗਰਿੱਡ ਲੁਵਾਇਆ ਬਰਾੜ ਸਾਹਬ ਨੇ, ਤੇ ਉਦੋਂ ਬਿਜਲੀ ਬੋਰਡ ਦੇ ਚੇਅਰਮੈਨ ਜੋਰਾ ਸਿੰਘ ਬਰਾੜ ਬਣੇ ਸੀ, ਉਹ ਉਦਾਘਟਨ ਕਰਨ ਆਏ। ਗੋਲੇ ਵਾਲੇ ਤੇ ਡੱਲੇਵਾਲੇ ਤੱਕ ਸਾਦਿਕੋਂ ਲਾਇਨਾਂ ਪਈਆਂ। ਗਰਮੀ ਬਹੁਤ। ਖੰਭੇ ਚੱਕੀ ਜਾਣ ਤਾਂ ਕਿਸੇ ਨੇ ਪੁੱਛਿਆ ਕਿ ਕਿੱਧਰ ਕੱਢਣੀ ਐਂ ਲਾਈਨ? ਅੱਗੋਂ ਆਵਾਜ ਆਈ ਕਿ ਇਕ ਬਰਾੜ ਬਰਾੜ ਐ ਕੋਈ ਪਰਧਾਨ ਪਰਧੂਨ ਕਾਂਗਰਸ ਦਾ, ਜਿੱਧਰ ਨੂੰ ਕਹੀ ਜਾਂਦੈ, ਓਧਰ ਨੂੰ ਲਾਈਨ ਨਿਕਲੀ ਜਾਂਦੀ ਐ। ਦਸਦੇ ਨੇ ਕਿ ਏਨੀ ਟੌਹਰ ਤੇ ਪਾਵਰ ਮੰਨੀ ਜਾਂਦੀ ਸੀ ਜਿਲਾ ਪ੍ਰਧਾਨ ਦੀ। ਉਦਘਾਟਨ ਕਰ ਕੇ ਜੋਰਾ ਸਿੰਘ ਜੀ ਬਰਾੜ ਸਾਹਬ ਦੇ ਸਹੁਰੇ ਢਿਲਵੀਂ ਸ੍ਰ ਜਗਨੰਦਨ ਸਿੰਘ ਕੇ ਘਰੇ ਆ ਬੈਠੇ। ਮਗਰ ਮਗਰ ਭੀੜ ਸੀ ਛੋਟੇ ਮੋਟੇ ਅਫਸਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ। ਜੋਰਾ ਸਿੰਘ ਬਰਾੜ ਕਹਿੰਦੇ, “ਬੂਹਾ ਬੰਦ ਕਰਲੋ, ਸਬਾਤ ‘ਚ ਬਹਿਕੇ ਇਨਜੁਆਏ ਕਰਦੇ ਐਂ”।
ਇਹ ਉਥੇ ਬਹਿਣ ਤੇ ਖਾਣ ਪੀਣ ਮਗਰੋਂ ਨੇੜੇ ਪਿੰਡ ਕਿਲੀ ਰਾਈਆਂ ਚਲੇ ਗਏ। ਮਗਰ ਅੰਬੈਸਡਰ ਕਾਰ ਉਤੇ ਗੁਰਦੇਵ ਸਿੰਘ ਬਿਰਲਾ ਬਾਬਾਂ ਵਾਲਾ ਆ ਗਿਆ। ਨਿੱਕੇ ਨਿੱਕੇ ਸੰਤੋਖ ਹੁਰੀਂ ਖੇਡ ਰਹੇ,ਤੇ ਉਹ ਪੁਛਦਾ ਹੈ ਕਿ ਬਰਾੜ ਸਾਹਬ ਕਿੱਥੇ ਐ? ਸੰਤੋਖ ਹੁਰੀਂ ਕਹਿੰਦੇ ਕਿ ਫੁੱਫੜ ਜੀ ਤਾਂ ਹੈਧਰ ਨੂੰ ਗਏ ਆ। ਉਹਨੇ ਅੰਬੈਸਡਰ ਉਧਰ ਨੂੰ ਭਜਾ ਲਈ। ਨਾ ਘਰ ਵਾਲੇ ਫੋਨ ਸਨ ਉਦੋਂ ਤੇ ਮੋਬਾਈਲ ਫੋਨ ਦਾ ਤਾਂ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ। ਬਸ, ਪੁੱਛ ਪੁਛਾ ਕੇ ਇਕ ਦੂਜੇ ਦੇ ਮਗਰ ਮਗਰ ਜੀਪਾਂ ਕਾਰਾਂ ਭਜਾਈ ਫਿਰਦੇ ਰਹਿੰਦੇ ਲੋਕ। ਗੁਰਦੇਵ ਸਿੰਓ ਹਾਲੇ ਗਿਆ ਈ ਸੀ ਕਿ ਬਾਵਾ ਗਿੱਕ ਆ ਗਿਆ ਮੁਕੰਦੇ ਵਾਲੇ ਦਾ, “ਅਖੇ ਬਰਾੜ ਸਾਹਬ ਕਿਥੇ ਐ ਕਾਕਿਓ?” ਸੰਤੋਖ ਹੁਰੀਂ ਬੋਲੇ ਕਿ ਫੁੱਫੜ ਜੀ ਕਿਲੀ ਨੂੰ ਗਏ ਐ ਰੁੱਘੇ ਕੋਲੇ।” ਉਹਨੇ ਵੀ ਕਿਲੀ ਨੂੰ ਕਾਰ ਭਜਾ ਲਈ।
(ਸੰਨ 1973-74 ਵਿਚ ਬਰਾੜ ਸਾਹਬ ਨੂੰ ਕੋਟਕਪੂਰਾ ਮਾਰਕਿਟ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ।)
ਇਕ ਵਾਰੀ ਬਰਾੜ ਸਾਹਬ ਆਖਣ ਲੱਗੇ, “ਅੱਜਕਲ੍ਹ ਦੇ ਨਵੇਂ ਨਵੇਂ ਉਠੇ ਲੀਡਰ ਮੁੰਡਿਆਂ ‘ਚ ਸਬਰ ਹੈਨੀ ਤੇ ਮਾੜੀ ਜਿਹੀ ਗੱਲ ਉਤੇ ਮੂੰਹ ਵਿੰਗਾ ਕਰ ਲੈਂਦੇ ਐ, ਏਹ ਰਾਜਨੀਤੀ ਬੜੀ ਟੇਢੀ ਖੀਰ ਐ ਤੇ ਹਿੱਕ ਉਤੇ ਮੂੰਗੀ ਦਲਾਉਣੀ ਪੈੰਦੀ ਐ ਵੱਡੇ ਲੀਡਰਾਂ ਤੋਂ।” ਉਹ ਅੱਗੇ ਆਖਣ ਲੱਗੇ, “ਇਹ ਗੱਲ 1977 ਦੀ ਐ ਜਦ ਮੈਨੂੰ ਵੱਡੇ ਬਾਦਲ ਦੇ ਮੁਕਾਬਲੇ ਫਰੀਦਕੋਟ ਤੋਂ ਕਾਂਗਰਸ ਨੇ ਟਿਕਟ ਦਿੱਤੀ ਲੋਕ ਸਭਾ ਦੀ, ਗਿਆਨੀ ਜੀ ਮੁੱਖ ਮੰਤਰੀ ਸਨ ਤੇ ਜਦ ਮੈਂ ਸੀ ਐਮ ਹਾਊਸ ਤੋਂ ਆਉਣ ਲੱਗਿਆ ਤਾਂ ਗਿਆਨੀ ਜੀ ਕਹਿੰਦੇ ਕਿ ਅਵਤਾਰ ਗੱਲ ਸੁਣ ਕੇ ਜਾਵੀਂ ਮੇਰੀ। ਮੈਂ ਕਿਹਾ ਕਿ ਦੱਸੋ ਚਾਚਾ ਜੀ। ਉਨਾ ਨੇ ਆਪਣੇ ਦੋ ਓ ਐਸ ਡੀ ਸੱਦ ਲਏ। ਆਖਣ ਲੱਗੇ ਕਿ ਆਹ ਦੋ ਜਣੇ ਐਂ ਓ ਐਸ ਡੀ, ਤੇ ਇਨਾ ‘ਚੋਂ ਆਹ ਇਕ ਬੀਰ ਸਾਹਬ ਐ, ਤੇ ਇਨਾਂ ਨੂੰ ਤੂੰ ਫੋਨ ਕਰਨਾ ਐ, ਤੇ ਮੈਂ ਪੁੱਛਿਆ ਤੇ ਦੂਜੇ ਨੂੰ ਚਾਚਾ ਜੀ ਕਿਹਨੇ ਫੋਨ ਕਰਨੈਂ? ਗਿਆਨੀ ਜੀ ਕਹਿੰਦੇ ਕਿ ਦੂਜੇ ਨੂੰ ਪਰਕਾਸ਼ ਸਿੰਘ ਬਾਦਲ ਫੋਨ ਕਰੂਗਾ ਬੇਟਾ।”
ਬਰਾੜ ਸਾਹਬ ਹੈਰਾਨ ਹੋਕੇ ਆ ਗਏ। ਰਾਹ ਵਿਚ ਆਉਂਦੇ ਹੋਏ ਸੋਚਣ ਕਿ ਇਹ ਕੈਸੀ ਰਾਜਨੀਤੀ ਐ ਗਿਆਨੀ ਜੀ ਦੀ, ਦੋਵੇ ਚੋਣਾਂ ਈ ਆਪੇ ਲੜੀ ਜਾਂਦੇ ਐ ਗਿਆਨੀ ਜੀ। ਖੈਰ। ਵੋਟਾਂ ਪਈਆਂ ਤਾਂ ਬਾਦਲ ਜੀ ਤੋਂ ਬਰਾੜ ਸਾਹਬ ਇਕ ਲੱਖ ਵੋਟਾਂ ਦੇ ਫਰਕ ਨਾਲ ਹਾਰ ਗਏ। ਦਰਬਾਰਾ ਸਿੰਘ ਉਦੋਂ ਡੇਢ ਲੱਖ ਵੋਟਾਂ ਦੇ ਫਰਕ ਨਾਲ ਹਾਰੇ ਸੀ ਤੇ ਸਭ ਤੋਂ ਘੱਟ ਵੋਟਾਂ ਨਾਲ ਪੰਜਾਬ ਵਿਚ ਅਵਤਾਰ ਸਿੰਘ ਬਰਾੜ ਹਾਰਿਆ ਸੀ। ਜਦ ਹਾਰਨ ਬਾਅਦ ਗਿਆਨੀ ਜੀ ਨੂੰ ਮਿਲਣ ਗਿਆ ਤਾਂ ਹੈਰਾਨ ਹੋਕੇ ਗਿਆਨੀ ਜੀ ਆਖਣ ਲੱਗੇ, “ਓ ਅਵਤਾਰ, ਮੈਂ ਤਾਂ ਤੈਨੂੰ ਛੋਹਰ ਜਿਆ ਈ ਸਮਝਦਾ ਸੀ, ਮੈਨੂੰ ਕੀ ਪਤਾ ਸੀ ਕਿ ਤੂੰ ਐਨੀਆਂ ਵੋਟਾਂ ਲੈਜੇਂਗਾ, ਜੇ ਇਹੋ ਪਤਾ ਹੁੰਦਾ ਤਾਂ ਮੈਂ ਦੋ ਦਿਨ ਲਾਕੇ ਤੈਨੂੰ ਜਿਤਾ ਈ ਲੈਂਦਾ ਯਾਰ, ਮੈਂ ਤਾਂ ਤੇਰੀ ਜਮਾਨਤ ਜਬਤ ਹੋਣ ਬਾਰੇ ਸੋਚ ਰੱਖਿਆ ਸੀ ਬੇਟਾ।”
(ਸੋ, ਇਹੋ ਜਿਹੀਆਂ ਉਦਾਹਰਣਾਂ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਬਰਾੜ ਸਾਹਬ ਨੇ ਰਾਜਨੀਤੀ ਵਿਚ ਬੜੇ ਔਖੇ ਔਖੇ ਪੈਂਡੇ ਗਾਹੇ ਤੇ ਚੰਗੇ ਦਿਨ ਬਹੁਤ ਘੱਟ ਵੇਖੇ, ਤੇ ਉਨਾ ਮੰਦੇ ਦਿਨ ਬਹੁਤੇ ਮਾਣੇ। ਇੱਜਤ ਮਾਣ ਤਾਂ ਉਹ ਖੱਟ ਗਏ ਪਰ ਜਿੰਨਾ ਢੁਕਵਾਂ ਸਥਾਨ, ਉਨਾ ਦੇ ਕੀਤੇ ਸੰਘਰਸ਼ ਮੁਤਾਬਕ ਮਿਲਣਾ ਚਾਹੀਦਾ ਸੀ, ਉਹ ਸਥਾਨ ਨਹੀਂ ਉਨਾ ਨੂੰ ਮਿਲ ਸਕਿਆ।)
ਕੁਛ ਗੱਲਾਂ ਹੋਰ ਵੀ ਪੇਸ਼ ਨੇ। ਸੰਨ1992 ਵਿਚ ਹੀ ਜਦ ਉਹ ਚੋਣ ਜਿੱਤੇ ਤਾਂ ਉਦੋਂ ਹਾਲੇ ਸ੍ਰ ਬੇਅੰਤ ਸਿੰਘ ਅਵਤਾਰ ਸਿੰਘ ਬਰਾੜ ਉਤੇ ਓਨਾ ਵਿਸ਼ਵਾਸ਼ ਨਹੀਂ ਸੀ ਕਰਦਾ। ਇਨਾਂ ਨੂੰ ਮਹਿਕਮਾ ਦਿੱਤਾ ਖੇਡਾਂ ਤੇ ਯੁਵਕ ਸੇਵਾਵਾਂ। ਗਿੱਦੜਬਾਹੇ ਦੀ ਜਿਮਨੀ ਚੋਣ ਆ ਗਈ ਤੇ ਬਰਾੜ ਸਾਹਬ ਦੀ ਡਿਊਟੀ ਲੱਗੀ। ਰਘਬੀਰ ਸਿੰਘ ਕਾਂਗਰਸੀ ਹਰ ਗਿਆ ਤੇ ਮਨਪ੍ਰੀਤ ਬਾਦਲ ਜਿੱਤ ਗਿਆ। ਬੇਅੰਤ ਸਿੰਘ ਨੂੰ ਸ੍ਰ ਹਰਚਰਨ ਸਿੰਘ ਬਰਾੜ ਵੀ ਚੋਭਾਂ ਚੋਭ ਰਿਹਾ ਸੀ। ਬੇਅੰਤ ਸਿੰਘ ਅਵਤਾਰ ਬਰਾੜ ਨੂੰ ਢਾਲ ਬਣਾਉਂਦਾ ਰਿਹਾ ਹਰਚਰਨ ਬਰਾੜ ਦੇ ਮੁਕਾਬਲੇ ਵਾਸਤੇ। ਗਿੱਦੜਬਾਹੇ ਦੀ ਚੋਣ ਹੋ ਹਟੀ ਤੇ ਬਰਾੜ ਵਲੋਂ ਲਾਏ ਜੋਰ ਤੋਂ ਬੇਅੰਤ ਸਿੰਘ ਖੁਸ਼ ਸੀ ਤੇ ਹਰਚਰਨ ਸਿੰਘ ਬਰਾੜ ਤੋਂ ਨਾਖੁਸ਼ ਸੀ। ਉਹ ਆਖਣ ਲੱਗੇ ਕਿ ਅਵਤਾਰ ਸਿੰਘ, ਤੈਨੂੰ ਮੈਂ ਹੁਣ ਹਰਚਰਨ ਬਰਾੜ ਤੋਂ ਮਹਿਕਮੇ ਖੋਹ ਕੇ ਦੇ ਦੇਣੇ ਆਂ। ਜਦ ਨੂੰ ਬੇਅੰਤ ਸਿੰਘ ਮਾਰੇ ਗਏ। ਹੁਣ ਹਰਚਰਨ ਸਿੰਘ ਬਰਾੜ ਨੂੰ ਅਵਤਾਰ ਬਰਾੜ ਤੋਂ ਇਹ ਡਰ ਸੀ ਕਿ ਇਹ ਪੁਰਾਣਾ ਲੜਾਕੂ ਹੈ ਤੇ ਯੂਨੀਅਨਾਂ ਵਿਚ ਕੰਮ ਕਰਦਾ ਰਿਹਾ ਐ,ਇਹਦੀ ਲੋੜ ਹੈ। ਇਹ ਐਮ ਐਲ ਏ ਵੀ ਮੇਰੇ ਖਿਲਾਫ ਕੱਠੇ ਕਰ ਸਕਦਾ ਹੈ।
ਹਰਚਰਨ ਸਿੰਘ ਬਰਾੜ ਇਹਨੂੰ ਆਪਣੇ ਨਾਲ ਜੋੜਨ ਲੱਗਿਆ ਪਰ ਉਸਦਾ ਸਾਰਾ ਪਰਿਵਾਰ ਅਵਤਾਰ ਸਿੰਘ ਨੂੰ ਜੋੜਨ ਤੋਂ ਉਲਟ ਸੀ ਤੇ ਉਨਾ ਦੇ ਘਰੇ ਲੜਾਈ ਖਾਸੀ ਪਈ ਘਰ ਦੇ ਆਖਣ ਕਿ ਇਹਨੂੰ ਬੇਵਿਸ਼ਵਾਸ਼ੇ ਬੰਦੇ ਨੂੰ ਬਹੁਤਾ ਉਤਾਂਹ ਨਾ ਉਭਾਰੋ। ਖੈਰ, ਹਰਚਰਨ ਬਰਾੜ ਨੇ ਆਪਣੇ ਮਨ ਦੀ ਕੀਤੀ ਤੇ ਅਵਤਾਰ ਸਿੰਘ ਬਰਾੜ ਨੂੰ ਆਪਣੇ ਨੇੜੇ ਲਾ ਲਿਆ। (ਕੁਛ ਦੋਸਤ ਇਹ ਵੀ ਦਸਦੇ ਨੇ ਕਿ ਜਦ ਸ੍ਰ ਹਰਚਰਨ ਸਿੰਘ ਬਰਾੜ ਬੇਅੰਤ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਸਿਹਤ ਮੰਤਰੀ ਸੀ ਤੇ ਇਕ ਮੀਟਿੰਗ ਵਿਚ ਅਵਤਾਰ ਸਿੰਘ ਬਰਾੜ ਨੇ ਬੇਅੰਤ ਸਿੰਘ ਦੇ ਸਾਹਮਣੇ ਹਰਚਰਨ ਸਿੰਘ ਬਰਾੜ ਦੀ ਬਹੁਤ ਬੇਇੱਜ਼ਤੀ ਕੀਤੀ ਸੀ ਤੇ ਉਹ ਇਸ ਗੱਲ ਦੀ ਵੀ ਖੁੰਦਕ ਰੱਖਦਾ ਸੀ)। ਖੈਰ!
ਲੋਕ ਸਭਾ ਦੀ ਚੋਣ ਆ ਗਈ। ਹਰਚਰਨ ਸਿੰਘ ਬਰਾੜ ਦਾ ਦਿੱਲੀਓ ਫੋਨ ਆਇਆ ਕਿ ਅਵਤਾਰ, ਮੇਰੀ ਬੇਟੀ ਬਬਲੀ ਬਰਾੜ ਨੂੰ ਸੁਖਬੀਰ ਬਾਦਲ ਦੇ ਮੁਕਾਬਲੇ ਟਿਕਟ ਦੇਤੀ ਐ ਕਾਂਗਰਸ ਨੇ, ਹੁਣ ਤਿਆਰੀ ਵੱਟੋ। ਇਹ ਕਹਿੰਦੇ, “ਚਾਚਾ ਜੀ, ਆਪ ਜੀ ਆਜੋ,ਸਭ ਤਿਆਰ ਐ, ਚਿੰਤਾ ਨਾ ਕਰੋ।” ਕਾਗਜ ਭਰਵਾਏ ਬਬਲੀ ਦੇ। ਦੰਗਲ ਭਖਿਆ। ਗੱਜ ਵੱਜ ਕੇ ਚੋਣ ਲੜੀ ਗਈ। ਮਿਹਨਤ ਬੜੀ ਕੀਤੀ। ਪਰ ਸੁਖਬੀਰ ਜਿੱਤ ਗਿਆ। ਇਸਦੇ ਬਾਵਜੂਦ ਵੀ ਹਰਚਰਨ ਸਿੰਘ ਬਰਾੜ ਅਵਤਾਰ ਸਿੰਘ ਬਰਾੜ ਨੂੰ ਚਾਹੁੰਣ ਲੱਗਿਆ।
ਇਕ ਦਿਨ। ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨਾਲ ਅਵਤਾਰ ਬਰਾੜ ਨੂੰ ਸਰਹਿੰਦ ਤੋਂ ਚੰਡੀਗੜ੍ਹ ਤੀਕ ਕਾਰ ਵਿਚ ਨਾਲ ਬਹਿਣ ਦਾ ਮੌਕਾ ਮਿਲ ਗਿਆ ਤੇ ਏਨੇ ਰਾਹ ਵਿਚ ਹੀ ਇਹਨੇ ਗੋਂਦ ਗੁੰਦ ਲਈ। ਹਰਚਰਨ ਸਿੰਘ ਬਰਾੜ ਨੇ ਚੰਡੀਗੜ੍ਹ ਪੁਜਦੇ ਸਾਰ ਹੀ ਬੀਰਦਵਿੰਦਰ ਸਿੰਘ ਨੂੰ ਕਾਂਗਰਸ ਦੇ ਬੁਲਾਰੇ ਤੋਂ ਹਟਾ ਕੇ ਅਵਤਾਰ ਬਰਾੜ ਨੂੰ ਪੰਜਾਬ ਕਾਂਗਰਸ ਦਾ ਮੁੱਖ ਬੁਲਾਰਾ ਲਗਾ ਦਿੱਤਾ। ਥੋੜੇ ਦਿਨਾਂ ਬਾਅਦ ਮੰਤਰੀ ਮੰਡਲ ਵਿਚ ਫੇਰ ਬਦਲ ਕੀਤੀ ਹਰਚਰਨ ਸਿੰਘ ਬਰਾੜ ਨੇ, ਤਾਂ ਇੰਨਾ ਨੂੰ ਖੇਡਾਂ ਤੋਂ ਬਦਲਕੇ ਸਿੱਖਿਆ ਵਿਭਾਗ ਦੇ ਦਿੱਤਾ। ਇਹ ਔਖੇ ਭਾਰੇ ਹੋਏ ਚੰਡੀਗੜ ਜਾ ਪੁੱਜੇ ਮੁੱਖ ਮੰਤਰੀ ਬਰਾੜ ਕੋਲ ਕਿ ਚਾਚਾ ਜੀ, ਆਹ ਕੀ ਕੀਤਾ? ਭੂਤਾਂ ਮੇਰੇ ਮਗਰ ਪਾਤੀਆਂ। ਮੈਂ ਅਗਾਂਹ ਚੋਣ ਕਿਵੇਂ ਲੜੂੰ? (ਜੋ ਸਿੱਖਿਆ ਮੰਤਰੀ ਇਕ ਵਾਰ ਬਣ ਗਿਆ, ਮੁੜ ਓਹ ਚੋਣ ਨੀ ਜਿਤਦਾ।)
ਮੁੱਖ ਮੰਤਰੀ ਬਰਾੜ ਜੀ ਕਹਿੰਦੇ, ” ਅਵਤਾਰ, ਜਾਹ ਤੂੰ ਜਾਕੇ ਕੰਮ ਸੰਭਾਲ,ਜਦ ਕੋਈ ਔਕੜ ਆਊ,ਮੈਨੂੰ ਦੱਸੀਂ।” ਫਿਰ ਇਨਾਂ ਸਿਖਿਆ ਮੰਤਰੀ ਬਣ ਕੇ ਲੋਕਾਂ ਦੇ ਮਨ ਜਿੱਤੇ ਤੇ ਮੁਖ ਮੰਤਰੀ ਦਾ ਪਰਿਵਾਰ ਇਨਾ ਦੇ ਮਹਿਕਮੇ ਵਿੱਚ ਦਖਲ ਅੰਦਾਜੀ ਹੱਦੋਂ ਵਧ ਕਰਨ ਲੱਗ ਪਿਆ। ਇਹ ਅਸਤੀਫਾ ਲਿਖਕੇ ਜਾ ਪੁੱਜੇ ਤੇ ਕਿਹਾ,” ਚਾਚਾ ਜੀ, ਮੈਂ ਕੰਮ ਨਹੀਂ ਕਰਨਾ।” ਮੁਖ ਮੰਤਰੀ ਬਰਾੜ ਨੇ ਪੁੱਛਿਆ ਤਾਂ ਇਨਾ ਕਾਰਨ ਦੱਸ ਦਿੱਤਾ। ਮੁੱਖ ਮੰਤਰੀ ਜੀ ਕਹਿੰਦੇ ਕਿ ਅਜ ਤੋਂ ਮਗਰੋਂ ਮੇਰਾ ਪਰਿਵਾਰ ਤੇਰੇ ਮਹਿਕਮੇ ਵਿਚ ਦਖਲ ਨਹੀ ਦੇਊਗਾ।
ਫਿਰ ਬਰਾੜ ਸਹਬ ਨੇ ਕੰਮ ਕੀਤੇ ਤੇ ਇਹ ਧੋਣਾ ਧੋਇਆ ਕਿ ਮੈਂ ਸਿੱਖਿਆ ਮੰਤਰੀ ਬਣਕੇ ਫਿਰ ਆ ਜਿੱਤਿਆ ਹਾਂ।
ਪੁਰਾਣੇ ਸਿਆਸੀ ਮਾਹਰਾਂ ਨੂੰ ਪਤਾ ਹੈ ਕਿ ਸ੍ਰ ਦਰਬਾਰਾ ਸਿੰਘ ਤੇ ਗਿਆਨੀ ਜੀ ਦੀ ਬਣਦੀ ਬਿਲਕੁਲ ਨਹੀ ਸੀ। ਗਿਆਨੀ ਜੀ ਆਖਣ ਲੱਗੇ,”ਅਵਤਾਰ ਬੇਟਾ, ਰਾਜਨੀਤੀ ਵਿਚ ਜੇ ਵਿਰੋਧੀ ਨੂੰ ਜਹਿਰ ਵੀ ਦੇਣਾ ਐਂ ਤਾਂ ਗੁੜ ‘ਚ ਲਪੇਟਕੇ ਦੇਣਾ ਪੈਂਦਾ ਐ,ਮਿੱਠਤ ਤੇ ਸਮਝ ਰੱਖਣੀ ਪੈਂਦੀ ਐ, ਮੇਰਾ ਕੋਈ ਬੰਦਾ ਜਦ ਦਰਬਾਰਾ ਸਿੰਘ ਨੂੰ ਮਿਲਦਾ ਐ ਤਾਂ ਉਹ ਜਾਤ ਦੀ ਟਕੋਰ ਕਰਦਿਆਂ ਪੁਛਦਾ ਐ ਕਿ ਓਹ ਤੇਰੇ ਗੁੱਲੀ ਘੜ ਦਾ ਕੀ ਹਾਲ ਐ? ਗੱਲ ਆਪਣੇ ਤੀਕ ਵੀ ਅੱਪੜ ਜਾਂਦੀ ਐ ਤੇ ਜਦ ਦਰਬਾਰਾ ਸਿੰਘ ਦਾ ਕੋਈ ਨੇੜੂ ਮੈਨੂੰ ਮਿਲਦਾ ਐ ਤੇ ਮੈਂ ਦੋਵੇ ਹੱਥ ਜੋੜਕੇ ਪੁੱਛਦਾਂ ਕਿ ਭਾਈ ਤੇਰੇ ਸਰਦਾਰ ਸਹਬ ਦਾ ਕੀ ਹਾਲ ਐ, ਸਿਹਤ ਤੇ ਪਰਿਵਾਰ ਸਭ ਠੀਕ ਠਾਕ ਐ, ਮੇਰੀ ਫਤਹਿ ਬੁਲਾਉਣੀ ਸਰਦਾਰ ਸਾਹਬ ਨੂੰ ਤੇ ਕਹਿਣਾ ਕਿ ਗਿਆਨੀ ਜੀ ਚੇਤੇ ਕਰਦੇ ਸੀ, ਸੋ ਗੱਲ ਉਹਦੇ ਤੀਕ ਵੀ ਅਪੜਦੀ ਐ,ਬਸ ਆਪਣੀ ਕਹਿਣੀ ਤੇ ਉਹਦੀ ਕਹਿਣੀ ਵਿਚ ਇਹੋ ਫਰਕ ਐ ਬੇਟਾ,ਜੋ ਬੜਾ ਜਰੂਰੀ ਐ।”
ਕਿਸੇ ਨੇੜਲੇ ਬੰਦੇ ਨੇ ਆਕੇ ਬਰਾੜ ਸਾਹਬ ਨੂਂ ਆਖਿਆ ਕਿ ਤੇਰੇ ਸਾਲੇ ਦੇ ਮੁੰਡੇ ਸੰਤੋਖ ਢਿਲੋ ਨੇ ਮੇਰੇ ਨਾਲ ਭੈੜਾ ਵਿਵਹਾਰ ਕੀਤਾ ਐ,ਮੈਂ ਬੜਾ ਦੁਖੀ ਆਂ। ਦੂਜੇ ਦਿਨ ਬਰਾੜ ਸਾਹਬ ਨੇ ਸੰਤੋਖ ਨੂੰ ਸੱਦ ਲਿਆ ਕਿ ਪਾਗਲਾ ਏਹ ਬੰਦਾ ਬਿਲਕੁਲ ਕਲੀਨ ਆਂ, ਏਨੇ ਸਾਲੇ ਤੋਂ ਆਪਣੇ ਨਾਲ ਆ, ਤੂੰ ਕਿਓਂ ਕਿਹਾ ਪੁੱਠਾ ਸਿਧਾ। ਹੁਣ ਸੁਣ ਬੇਟਾ, ਮੈਂ ਉਹਦੇ ਸਾਹਮਣੇ ਤੈਨੂੰ ਝਾੜੂੰਗਾ ਤੇ ਉਹਦੀ ਤਸੱਲੀ ਹੋਜੂ, ਆਪਣੇ ਨਾਲ ਜੁੜਿਆ ਰਹੂ ਪਰ ਤੂੰ ਚੁਪ ਚਾਪ ਉਹਦੇ ਗੋਡੀਂ ਹੱਥ ਲਾਕੇ ਮਾਫੀ ਮੰਗ ਲਵੀਂ ਪਤੰਦਰਾ, ਆਪਣੀ ਬਣੀ ਰਹਿਜੂ। ਸੋ ਇਵੇ ਹੀ ਹੋਇਆ ਤੇ ਉਹ ਬੰਦਾ ਅੱਜ ਵੀ ਬਰਾੜ ਸਾਹਬ ਦੇ ਪਰਿਵਾਰ ਦੇ ਨਾਲ ਖਲੋਤਾ ਹੈ।
(ਬਾਕੀ ਅਗਲੇ ਹਫਤੇ)
