12.8 C
United Kingdom
Thursday, May 1, 2025

More

    ਗੈਂਗਸਟਰਾਂ ਨੂੰ ਸਰਕਾਰ ਦੇ ਥਾਪੜੇ ਕਾਰਨ ਨੌਜਵਾਨਾਂ ਦੇ ਕਤਲ : ਸੁਖਬੀਰ ਬਾਦਲ

    ਮਲੋਟ (ਅਸ਼ੋਕ ਵਰਮਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਤਾਕਤਵਰ ਬਨਾਉਣ ਕਾਰਨ ਵਿੱਕੀ ਮਿੱਡੂਖੇੜਾ ਵਰਗੇ ਅਗਾਂਹਵਧੂ ਸੋਚ ਦੇ ਮਾਲਕ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਅੱਜ ਪਿੰਡ ਮਿੱਡੂਖੇੜਾ ’ਚ ਵਿੱਕੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਸਾਂਝਾ ਕਰਨ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਚਹੇਤੇ ਹਨ ਜਿਹਨਾਂ ਨੂੰ ਸਰਕਾਰ ਨੇ ਤਾਕਤ ਅਤੇ ਸਹੂਲਤਾਂ ਦਿੱਤੀਆਂ ਹਨ ।  ਉਹਨਾਂ ਕਿਹਾ ਕਿ ਸਰਕਾਰ ਦੀ ਸ਼ਹਿ ‘ ਤੇ ਗੈਂਗਸਟਰ  ਖੁੱਲ੍ਹੇਆਮ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਨੂੰ ਇੰਨੀ ਤਾਕਤ ਮਿਲ ਗਈ ਹੈ ਕਿ  ਜਿਸ ਨੂੰ ਜੀਅ ਕਰਦਾ ਹੈ ਕਤਲ ਕਰ ਦਿੰਦੇ ਹਨ ਤੇ ਜਿਸ ਤੋਂ ਜੀਅ ਕਰਦਾ ਹੈ, ਉਸ ਤੋਂ ਪੈਸੇ ਉਗਰਾਹ ਲੈਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਕਾਰਨ ਹੀ ਵਿੱਕੀ ਮਿੱਡੂਖੇੜਾ ਵਰਗੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਵਿੱਕੀ ਬਹੁਤ ਨਿੱਘੇ ਸੁਭਾਅ ਦਾ ਪਿਆਰ ਵਾਲਾ ਹਿੰਮਤੀ ਨੌਜਵਾਨ ਸੀ ਜਿਸ ਦੇ ਪਰਿਵਾਰ ਨਾਲ ਉਹਨਾਂ ਦੇ ਨਿੱਜੀ ਸੰਬੰਧ ਹਨ। ਉਹਨਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਨੂੰ ਪੰਜਾਬ ਯੂਨੀਵਰਸਿਟੀ ਤੇ ਸਮੁੱਚੇ ਪੰਜਾਬ ਵਿਚ ਮਜ਼ਬੂਤ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਸਦੇ ਲਾਮਿਸਾਲ ਨਤੀਜੇ ਆਏ।

    ਉਹਨਾਂ ਕਿਹਾ ਕਿ ਵਿੱਕੀ ਲਈ ਅਕਾਲੀ ਦਲ ਹਮੇਸ਼ਾ ਜਿੰਦ ਜਾਨ ਸੀ ਤੇ ਉਹ ਹਰ ਪਲ ਪਾਰਟੀ ਲਈ ਕੰਮ ਕਰਨ ਵਾਸਤੇ ਪੱਬਾਂ ਭਾਰ ਰਹਿੰਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਲਈ ਵਿੱਕੀ ਦੇ ਯੋਗਦਾਨ ਨੁੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੱਸਿਆ ਕਿ ਵਿੱਕੀ ਦੇ ਪਿਤਾ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸਾਰਾ ਜੀਵਨ ਨਿਭੇ ਹਨ ਅਤੇ 20 ਸਾਲ ਤੱਕ ਪਿੰਡ ਦੇ ਸਰਪੰਚ ਰਹਿਣ ਦੌਰਾਨ ਅਕਾਲੀ ਦਲ ਦੇ ਮੋਰਚਿਆਂ ਦੌਰਾਨਮਿਲ ਕੇ ਜੇਲ੍ਹਾਂ ਕੱਟੀਆਂ। ਉਹਨਾਂ ਕਿਹਾ ਕਿ ਵਿੱਕੀ ਦੇ ਪਰਿਵਾਰ ਦਾ ਸਿਰਫ ਆਪਣੇ ਪਿੰਡ ਜਾਂ ਇਲਾਕੇ ਵਿਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿਚ ਵੱਡਾ ਰਸੂਖ ਹੈ ਤੇ ਇਸਦਾ ਇਕੋ ਇਕ ਕਾਰਨ ਇਸ ਪਰਿਵਾਰ ਦਾ ਮਿਲਾਪੜਾ ਤੇ ਅਪਣਤ ਵਾਲਾ ਸੁਭਾਅ ਤੇ ਹਮੇਸ਼ਾ ਲੋਕਾਂ ਲਈ ਕੰਮ ਆਉਣ ਦੀ ਭਾਵਨਾ ਹੈ। ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਵਿੱਕੀ ਮਿੱਡੂਖੇੜਾ ਦਾ ਇਨਸਾਫ ਯਕੀਨੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਉਹ ਐਸ ਐਸ ਪੀ ਨਾਲ ਰੋਜਾਨਾਂ ਹੀ ਗੱਲ ਕਰ ਰਹੇ ਹਨ ਤੇ ਲੋੜ ਅਨੁਸਾਰ ਡੀ ਆਈ ਜੀ ਤੇ ਡੀ ਜੀ ਪੀ ਨਾਲ ਵੀ ਗੱਲਬਾਤ ਕਰਨਗੇ । ਉਹਨਾਂ ਕਿਹਾ ਕਿ ਜਿਹਨਾਂ ਨੇ ਵਿੱਕੀ ਦਾ ਕਤਲ ਕੀਤਾ ਹੈ, ਉਹਨਾਂ ਨੂੰ ਬੱਚ ਕੇ ਜਾਣ ਨਹੀਂ ਦਿਆਂਗੇ।ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕਾਨੂੰਨ ਵਿਵਸਥਾ ਮਾੜੀ ਹੋਣ ਦੇ ਦਿੱਤੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਰੰਧਾਵਾ ਆਪ ਜੇਲ੍ਹ ਮੰਤਰੀ ਹਨ ਤੇ ਸਰਕਾਰ ਉਹਨਾਂ ਦੀ ਆਪਣੀ ਹੈ ਤੇ ਜੇਕਰ ਅਜਿਹੇ ਵਿਚ ਕਾਨੂੰਨ ਵਿਵਸਥਾ ਮਾੜੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਕੌਣ ਹੈ ?

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!