ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਨਾਲ ਬ੍ਰੈਕਸਿਟ ਸਮਝੌਤੇ ਦੇ ਬਾਅਦ ਵਪਾਰ, ਕਾਰੋਬਾਰਾਂ ਆਦਿ ਦੇ ਨਾਲ ਹਜ਼ਾਰਾਂ ਯੂਰਪੀਅਨ ਯੂਨੀਅਨ ਦੇ ਕਰਮਚਾਰੀ ਵੀ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਜਾਰੀ ਇੱਕ ਰਿਪੋਰਟ ਅਨੁਸਾਰ 90,000 ਤੋਂ ਵੱਧ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਨੇ ਪਿਛਲੇ ਸਾਲ ਯੂਕੇ ਦੇ ਪ੍ਰਾਹੁਣਚਾਰੀ ਖੇਤਰ ਵਿਚਲੀਆਂ ਨੌਕਰੀਆਂ ਨੂੰ ਛੱਡ ਦਿੱਤਾ ਹੈ। ਰਿਪੋਰਟ ਅਨੁਸਾਰ ਬ੍ਰੈਕਸਿਟ ਅਤੇ ਕੋਰੋਨਾ ਮਹਾਂਮਾਰੀ ਦੇ ਕਾਰਨ, ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਪ੍ਰਾਹੁਣਚਾਰੀ (ਹਾਸਪਿਟਾਲਿਟੀ) ਖੇਤਰ ਨਾਲ ਸਬੰਧਿਤ ਕਰਮਚਾਰੀਆਂ ਨੇ ਜਾਂ ਤਾਂ ਦੇਸ਼ ਛੱਡਣ ਦੀ ਚੋਣ ਕੀਤੀ ਹੈ ਜਾਂ ਉਹ ਨਵੀਂਆਂ ਵੀਜ਼ਾ ਸ਼ਰਤਾਂ ਕਾਰਨ ਯੂਕੇ ਤੋਂ ਜਾਣ ਲਈ ਮਜਬੂਰ ਹੋਏ ਹਨ। ਕਈ ਹੋਰਾਂ ਨੇ ਕੋਰੋਨਾ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਕਰਕੇ ਰੈਸਟੋਰੈਂਟ, ਬਾਰਾਂ ਅਤੇ ਹੋਰ ਪ੍ਰਾਹੁਣਚਾਰੀ ਸਥਾਨ ਬੰਦ ਰਹਿਣ ਕਰਕੇ, ਕੋਈ ਹੋਰ ਨੌਕਰੀ ਲੱਭ ਲਈ ਸੀ। ਕੇਟਰਰ ਡਾਟ ਕਾਮ ਦੀ ਰਿਪੋਰਟ ਅਨੁਸਾਰ ਹੁਣ ਵਧੇਰੇ ਬ੍ਰਿਟੇਨ ਨਿਵਾਸੀ ਪ੍ਰਾਹੁਣਚਾਰੀ ਦੇ ਖੇਤਰ ਵਿੱਚ ਦਾਖਲ ਹੋ ਰਹੇ ਹਨ। ਇਸ ਖੇਤਰ ਦੇ ਪੰਜ ਵਿੱਚੋਂ ਤਿੰਨ ਮਾਲਕ ਯੂਕੇ ਦੇ ਕਰਮਚਾਰੀਆਂ ਤੋਂ ਪਹਿਲਾਂ ਨਾਲੋਂ ਵਧੇਰੇ ਅਰਜ਼ੀਆਂ ਪ੍ਰਾਪਤ ਕਰ ਰਹੇ ਹਨ। ਕੋਵਿਡ ਪਾਬੰਦੀਆਂ ਹਟਾਏ ਜਾਣ ਦੇ ਬਾਅਦ ਪਰਾਹੁਣਚਾਰੀ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਮਿਲਣ ਤੋਂ ਬਾਅਦ ਖਾਲੀ ਅਸਾਮੀਆਂ ਵਿੱਚ 342 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਰ ਯੂਰਪੀਅਨ ਯੂਨੀਅਨ ਦੇ ਕਰਮਚਾਰੀਆਂ ਕਰਕੇ ਇਹ ਖੇਤਰ ਪ੍ਰਭਾਵਿਤ ਹੋਵੇਗਾ। ਰਿਪੋਰਟ ਦੇ ਅਨੁਸਾਰ ਮਹਾਂਮਾਰੀ ਤੋਂ ਪਹਿਲਾਂ ਲੰਡਨ ਦੇ 75 ਪ੍ਰਤੀਸ਼ਤ ਪ੍ਰਾਹੁਣਚਾਰੀ ਕਰਮਚਾਰੀ ਈ ਯੂ ਤੋਂ ਸਨ।
