ਨਿੰਦਰ ਘੁਗਿਆਣਵੀ

ਅੱਤਵਾਦ ਦੇ ਦਿਨ ਸਨ ਤੇ 1992 ਦੀਆਂ ਚੋਣਾਂ ਆ ਗਈਆਂ। ਬਰਾੜ ਸਾਹਬ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਸੀ ਤੇ ਗੁਰਜੰਟ ਸਿੰਘ ਚੰਨੀਆਂ ਬਹੁਜਨ ਸਮਾਜ ਪਾਰਟੀ ਵਲੋਂ ਬਰਾੜ ਸਾਹਬ ਦੇ ਮੁਕਾਬਲੇ ਸੱਜ ਧਜ ਨਾਲ ਖੜਾ ਸੀ ਕਿਉਂਕਿ ਉਦੋਂ ਅਕਾਲੀਆਂ ਨੇ ਬਾਈਕਾਟ ਕੀਤਾ ਹੋਇਆ ਸੀ। ਚੰਨੀਆ ਨੇ ਦੱਸਿਆ ਕਿ ਏ ਐਸ ਆਈ ਰਣਜੀਤ ਸਿੰਘ ਸੋਥਾ ਇੰਚਾਰਜ ਚੌਕੀ ਕਿਲੀ ਰਾਈਆਂ, ਪੋਲਿੰਗ ਵਾਲੇ ਦਿਨ ਉਹਦੇ ਪੋਲਿੰਗ ਏਜੰਟ ਇਸ ਕਰਕੇ ਚੁੱਕ ਲੈ ਗਿਆ ਕਿ ਇਹ ਨਸ਼ਾ ਵੇਚਦੇ ਹਨ। ਆਥਣੇ ਛੇ ਵਜੇ ਛੱਡੇ, ਵੋਟਾਂ ਪੈ ਗਈਆਂ। ਕਿਲੇ ਵਿਚ ਗਿਣੀਆਂ ਜਾ ਰਹੀਆਂ ਸਨ ਵੋਟਾਂ, ਤੇ ਤਿੰਨ ਰਾਊਂਡ ਸਨ। ਦੋ ਰਾਊਂਡਾ ਵਿਚ ਗੁਰਜੰਟ ਚੰਨੀਆਂ ਬਹੁਤ ਮੂਹਰੇ ਜਾ ਰਿਹਾ ਸੀ। ਬਰਾੜ ਸਾਹਬ ਤੇ ਬੀਬੀ ਵੀਨਾ ਸ਼ਰਮਾ ਰੋਂਦੇ ਹੋਏ ਕਿਲੇ ‘ਚੋਂ ਨਿਕਲੇ ਕਿ ਇਹ ਛੋਹਰ ਜਿਹਾ ਜਿੱਤ ਗਿਆ, ਬਸ ਮਾਰੇ ਗਏ ਆਪਾਂ ਤਾਂ। ਆਖਿਰ ਰਾਤੀ ਬਾਰਾਂ ਵਜੇ ਬਰਾੜ ਸਾਹਬ ਜੇਤੂ ਕਰਾਰ ਦੇ ਦਿੱਤੇ ਗਏ। ਹੁਣ ਚੰਨੀਆਂ ਕਿਲੇ ਚੋਂ ਰੋਂਦਾ ਬਾਹਰ ਆ ਰਿਹਾ ਸੀ ਕਿ ਮੇਰੀ ਕੀਤੀ ਕਤਾਈ ਖੂਹੇ ਪੈ ਗਈ।
( ਚੰਨੀਆਂ ਨੂੰ ਪੰਜਾਬ ਵਿਚ ਤੀਜੇ ਚੌਥੇ ਨੰਬਰ ਉਤੇ ਵੋਟਾਂ ਪਈਆਂ ਸਨ ਤੇ ਉਹ ਤੇਰਾਂ ਹਜਾਰ ਤੋਂ ਵੱਧ ਵੋਟਾਂ ਲੈ ਗਿਆ ਸੀ)। ਖੈਰ, ਫਿਰ ਸਿਆਸੀ ਕਸ਼ਮਕਸ਼ ਚਲਦੀ ਰਹੀ। ਚੰਨੀਆਂ ਵਿਚਾਰਾ ਕਰਮਾਂ ਮਾਰਾ, ਆਖਿਰ ਕਿੱਕੀ ਢਿਲੋਂ ਧੜੇ ਦਾ ਪੱਕਾ ਸਮਰਥਕ ਤੇ ਵਰਕਰ ਬਣ ਗਿਆ, ਚੰਨੀਆਂ “ਕਿੱਕੀ ਢਿਲੋਂ ਜਿੰਦਾਬਾਦ” ਦੇ ਨਾਅਰੇ ਲਾਉਂਦਾ ਨਾ ਥਕਦਾ। ਹਰ ਅਕਾਲੀ ਸੰਘਰਸ਼ ਵਿਚ ਉਹ ਕੁੱਦਦਾ । ਅਕਾਲੀਆਂ ਨਾਲ ਰਹਿਣ ਕਰਕੇ ਉਹਦੀ ਕਾਂਗਰਸੀਆਂ ਵਲੋਂ ਛਿੱਤਰ ਪਰੇਡ ਖਾਸਾ ਹੁੰਦੀ ਰਹੀ ਪਰ ਉਹ ਨਾ ਤਿੜਕਿਆ ਤੇ ਨਾ ਥਿੜਕਿਆ। ਸੁਖਬੀਰ ਬਾਦਲ ਉਸਨੂੰ ਦੂਰੋਂ ਪਛਾਣ ਕੇ ਤੇ ਉਹਦਾ ਨਾਂ ਲੈਕੇ ਬੁਲਾਉਣ ਲੱਗ ਪਿਆ ਤਾਂ ਲੋਕਲ ਜੱਟ ਨੇਤਾ ਪਿੱਟ ਉਠੇ ਕਿ ਸਾਡੇ ਸਿਰ ਉਤੇ ਬਿਠਾ ਦਿਤਾ ਬੌਰੀਆ ਸਿੱਖ। ਇਹ ਸੁਖਬੀਰ ਬਾਦਲ ਦੇ ਨੇੜੇ ਹੋਕੇ ਸਾਡੀਆਂ ਜੜਾਂ ਵੱਢੂਗਾ। ਸਮਾਂ ਆਇਆ ਕਿ ਮੇਰੇ ਪਿਆਰੇ ਮਿੱਤਰ ਸ਼੍ਰੀ ਕਿਰਪਾ ਸ਼ੰਕਰ ਸਰੋਜ ਆਈ ਏ ਐਸ,(ਜੋ ਕਿਸੇ ਵੇਲੇ ਫਰੀਦਕੋਟ ਦੇ ਏ ਡੀ ਸੀ ਰਹੇ ਸਨ ਤੇ ਸਾਖਰਤਾ ਲਹਿਰ, ਜੋ ਭਾਰਤ ਸਰਕਾਰ ਨੇ ਲੋਕਾਂ ਨੂੰ ਸਾਖਰ ਕਰਨ ਹਿਤ ਚਲਾਈ ਸੀ, ਉਸ ਵਿਚ ਅਸੀਂ ਕੱਠੇ ਸਾਂ ਤੇ ਮੈਂ ਸਰੋਜ ਸਾਹਬ ਨਾਲ ਉਨਾਂ ਦੀ ਲਾਲ ਬੱਤੀ ਵਾਲੀ ਅੰਬੈਸਡਰ ਕਾਰ ‘ਚ ਬਹਿਕੇ ਫਰੀਦਕੋਟ ਦੇ ਪਿੰਡੋ ਪਿੰਡ ਜਾਂਦਾ ਤੇ ਤੂੰਬੀ ਵਜਾ ਕੇ ਗਾਇਆ ਕਰਦਾ, ਅੱਜ ਵੀ ਇਕ ਗੀਤ ਦਾ ਅੰਤਰਾ ਚੇਤੇ ਹੈ:
ਤੱਤਾ ਲਾਖਿਆ, ਓ ਤੱਤਾ ਤੱਤਾ ਗੋਰਿਆ।
ਪਹਿਲਾਂ ਕੀਤੀ ਨੀ ਪੜਾਈ।
ਫਿਰ ਉਮਰ ਗਵਾਈ।
ਹੁਣ ਮਾਪਿਆਂ ਨੇ ਹਲਾਂ ਪਿਛੇ ਤੋਰਿਆ।
ਸਰੋਜ ਮੇਰੀ ਤੂੰਬੀ ਨੂੰ ਤੁਣਤੁਣੀ ਆਖਦੇ, ” ਅਰੇ ਆਪਕੀ ਤੁਣਤੁਣੀ ਕਹਾਂ ਹੈ, ਬਜਾਈਏ ਉਸਕੋ।” ਸਮੇਂ ਅੱਖ ਝਪਕਣ ਵਾਂਗਰ ਲੰਘਦੇ ਗਏ। ਜਦ ਕਿਰਪਾ ਸ਼ੰਕਰ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਬਣੇ ਤਾਂ ਉਸ ਸਮੇਂ ਦੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਉਨਾ ਕਿਹਾ ਕਿ ਚੰਨੀਆਂ ਨੂੰ ਕਿਤੇ ਫਿਟ ਕਰੋ, ਇਹ ਪਾਰਟੀ ਦੇ ਜੁਝਾਰੂ ਸਿਪਾਹੀ ਹੈ। ਤੇ ਉਦੋਂ ਹੀ ਉਸਨੂੰ ਅਕਾਲੀਆਂ ਨੇ ਪੰਜਾਬ ਵਿਮੁਕਤ ਜਾਤੀ ਦਾ ਉਪ ਚੇਅਰਮੈਨ ਲਾ ਦਿੱਤਾ। (ਉਹ ਅੱਜ ਵੀ ਖੇਤਾਂ ਵਿਚ ਕਿਰਤ ਕਰਦਾ ਹੈ ਤੇ ਗਰੀਬਾਂ ਦੀ ਭਲਾਈ ਵਾਸਤੇ ਕਾਰਜ ਵੀ।) ਜਦ ਚੰਨੀਆਂ ਦੇ ਆਰਡਰ ਹੋਣੇ ਸੀ ਉਹ ਸਾਦਿਕ ਮੇਰੇ ਮਿੱਤਰਾਂ ਦੇ ਅਰੋੜਾ ਮੈਡੀਕਲ ਉਤੇ ਮਿਲਣ ਆਇਆ ਤੇ ਕਹਿੰਦਾ ਕਿ ਸਰੋਜ ਜੀ ਆਪਦੇ ਪੁਰਾਣੇ ਮਿੱਤਰ ਹਨ। ਮੇਰੀ ਫਾਈਲ ਰੁਕੀ ਪਈ ਐ, ਕਹਿਕੇ ਕਢਵਾਓ। ਸਰਦੀਆਂ ਦੇ ਦਿਨ ਤੇ ਦੁਪਿਹਰ ਦਾ ਵੇਲਾ। ਮੈਂ ਸਰੋਜ ਜੀ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਕਿ ਚੰਨੀਆ ਜੀ ਨੂੰ ਮੇਰੇ ਕੋਲ ਭੇਜੋ, ਆਪਣੇ ਆਰਡਰ ਲੈ ਜਾਣ। ਸਵੇਰੇ ਹੀ ਚੰਨੀਆ ਸਾਦਿਕੋ ਰੋਡਵੇਜ ਦੀ ਬਸ ਚੜ ਗਿਆ ਤੇ ਆਥਣੇ ਆਪਣੇ ਆਰਡਰ ਲੈਕੇ ਮੁੜਿਆ। ਹੁਣ ਫੰਡਾ ਸੀ ਕਿ ਚੰਨੀਆਂ ਦੀ ਕਾਰ ਉਤੇ ਬੱਤੀ ਲੱਗਣ ਦਾ। ਇਹ ਵੀ ਸੁਣਲੋ:
ਚੰਨੀਆਂ ਦੀ ਪਤਨੀ ਬਲਾਕ ਸੰਮਤੀ ਦੀ ਚੇਅਰਪਰਸਨ ਸੀ ਤੇ ਇਨਾ ਕੋਲ ਕਾਰ ਇਕੋ ਹੀ ਸੀ ਉਹ ਵੀ ਆਪਣੀ ਨਿੱਜੀ। ਚੰਨੀਆਂ ਦੀ ਕਾਰ ਉਤੇ ਪੀਲੀ ਬੱਤੀ ਲਗਾਉਣ ਦੇ ਹੁਕਮ ਮੁਖ ਮੰਤਰੀ ਦਫਤਰ ਵਲੋਂ ਹੋ ਗਏ। ਚੰਨੀਆਂ ਦੀ ਜਦ ਘਰ ਵਾਲੀ ਨੇ ਕਾਰ ਵਿਚ ਬਹਿਣਾ ਹੁੰਦਾ ਤਾਂ ਬੱਤੀ ਨੀਲੀ ਲਗਾ ਲੈਂਦਾ, ਜੇ ਚੰਨੀਆਂ ਨੇ ਜਾਣਾ ਹੁੰਦਾ ਤਾਂ ਪੀਲੀ ਬੱਤੀ ਲੱਗ ਜਾਂਦੀ। ਇਉਂ ਬੱਤੀਆਂ ਬਦਲਦੀਆਂ ਰਹਿੰਦੀਆਂ। ਆਖਿਰ ਚੰਨੀਆਂ ਨੇ ਦੋ ਪੀਲੀਆਂ ਬੱਤੀਆਂ ਲੈ ਲਈਆਂ ਤੇ ਝੋਲੇ ਵਿਚ ਪਾ ਕੇ ਰੱਖਣ ਲੱਗ ਪਿਆ। ਜੇ ਕਿਸੇ ਨੇ ਆਖਣਾ ਚੰਨੀਆਂ ਜੀ ਚਲੋ ਸਾਡੇ ਨਾਲ ਕੰਮ ਐਂ। ਤਾਂ ਏਹਨੇ ਆਖਣਾ, ਕਰੋ ਸਟਾਰਟ ਆਪਣੀ ਕਾਰ, ਤੇ ਇਹਨੇ ਝੋਲੇ ਵਿਚੋਂ ਬੱਤੀ ਕੱਢ ਅਗਲੇ ਦੀ ਕਾਰ ਉਤੇ ਲਗਾ ਦੇਣੀ। ਇਕ ਬੱਤੀ ਸਾਦਿਕ ਰੱਖਤੀ ਤੇ ਇਕ ਡੋਡ ਰਖ ਲਈ। ਜਿਧਰੋਂ ਜਿਥੇ ਜਾਣ ਹੁੰਦਾ ਤਾਂ ਉਥੋਂ ਬੱਤੀ ਲਗਾ ਕੇ ਤੁਰ ਪੈਂਦੇ। ਖੈਰ। ਹੁਣ ਬੱਤੀ ਬੁਝਾਈਏ ਤੇ ਬਾਤ ਬਰਾੜ ਸਾਹਬ ਦੀ ਪਾਈਏ!
ਮੈਂ ਪਹਿਲਾਂ ਵੀ ਜਿਕਰ ਕਰਿਆ ਹੈ ਬਰਾੜ ਸਾਹਬ ਦੀ ਸਾਦਿਕ ਵਾਲੇ ਬਾਊਆਂ ਨਾਲ ਪੀਡੀ ਸਾਂਝ ਦਾ। ਬਾਊ ਬਲਦੇਵ ਰਾਜ ਦੇ ਛੋਟੇ ਮੁੰਡੇ ਸੰਜੀਵ (ਸੀਪੇ) ਦਾ ਰਾਤ ਦਾ ਵਿਆਹ ਸੀ। ਬਰਾੜ ਸਾਹਬ ਬੈਠੇ ਸਨ, ਕੋਲ ਜੋਰਾ ਸਿੰਘ ਮਾਨ ਐਮ ਪੀ , ਸੁਖਦਰਸਨ ਸਿੰਘ ਮਰਾੜ ਤੇ ਚੰਨੀਆਂ ਵੀ ਸਨ।ਪੈਗ ਸ਼ੈਗ ਚੱਲ ਰਹੇ। ਹਾਸਾ ਠੱਠਾ ਵੀ ਹੋ ਰਿਹਾ। ਚੰਨੀਆਂ ਬੋਲਿਆ, ” ਬਰਾੜ ਸਾਹਬ, ਤੁਸੀਂ ਮੇਰੇ ਮੁਕਾਬਲੇ ਚੋਣ ਲੜ ਕੇ ਹੀਰੋ ਬਣਗੇ, ਹੁਣ ਕਿੱਕੀ ਢਿਲੋਂ ਚੋਣ ਲੜੂ ਥੋਡੇ ਨਾਲ, ਏਹ ਦਸੋ ਕਿ ਉਹ ਹੀਰੋ ਬਣੂੰਗਾ ਜਾਂ ਤੁਸੀਂ ਹੀਰੋ ਬਣੋਗੇ?” ਬਰਾੜ ਸਾਹਬ ਇਹ ਸੁਣ ਵੱਟ ਖਾ ਗਏ ਤੇ ਬੋਲੇ ਏਥੇ ਵੀਹ ਕੁੱਤੇ ਭੌਂਕਦੇ ਫਿਰਦੇ ਐ ਤੇਰੇ ਵਰਗੇ।” ਲਾਲਾ ਲਾਲਾ ਹੋਗੀ। ਗਾਲੋ ਗਾਲੀ ਹੋ ਪਏ। ਅਸਲਾ ਤਾਣਿਆਂ ਗਿਆ। ਘਰੋਂ ਘਰੀਂ ਚਲੇ ਗਏ। ਇਲਾਕੇ ਵਿਚ ਇਸ ਘਟਨਾ ਦੀ ਚਰਚਾ ਬਹੁਤ ਹੋਈ। ਜਦ ਮੈਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਦਿਲ ਬੜਾ ਦੁਖਿਆ ਕਿ ਬਰਾੜ ਸਾਹਬ ਏਨੀ ਤੈਸ਼ ਵਿਚ ਆਉਣ ਵਾਲੇ ਨਹੀਂ ਹਨ, ਅਜਿਹਾ ਹੋਇਆ ਕਿਓਂ। ਇਹ ਗੱਲ 2001 ਦੀ ਹੈ।
ਮੈਂ ਪਹਿਲਾਂ ਵੀ ਲਿਖਿਆ ਹੈ ਕਿ ਸਿਆਸਤ ਵਿਚ ਕੋਈ ਕਿਸੇ ਦਾ ਨਾ ਪੱਕਾ ਦੁਸ਼ਮਣ ਹੈ ਤੇ ਨਾ ਮਿੱਤਰ। ਪਾਰਟੀ ਬਦਲਦੀ ਹੈ, ਪਹਿਰਾਵਾ ਬਦਲਦਾ ਹੈ,ਲੀਡਰ ਬਦਲਦਾ ਹੈ ਤੇ ਰਿਸ਼ਤੇ ਵੀ ਨਾਲ ਹੀ ਬਦਲ ਜਾਂਦੇ ਨੇ ਤੇ ਬੰਦਿਆਂ ਦੇ ਤੌਰ ਤਰੀਕੇ ਵੀ। ਬਰਾੜ ਸਾਹਬ ਅਕਾਲੀ ਦਲ ਵਿਚ ਰਲੇ ਤਾਂ ਚੰਡੀਗੜ ਰਲੇਵੇਂ ਦੀ ਰਸਮ ਸਮੇਂ ਚੰਨੀਆ ਵੀ ਬੈਠਾ ਸੀ। ਬਰਾੜ ਸਾਹਬ ਬਾਦਲਾਂ ਸਾਹਮਣੇ ਕਹਿੰਦੇ ਕਿ ਏਹ ਮੇਰਾ ਪੱਕਾ ਪੁੱਤ ਐ। ਏਹ ਉਦੋਂ (1992) ਜਿੱਤਿਆ ਈ ਮੰਨਦੈਂ ਮੈਂ ਤਾਂ। ਚੰਨੀਆਂ ਨੂੰ ਬਰਾੜ ਨੇ ਜੱਫੀ ਪਾ ਲਈ। ਫਰੀਦਕੋਟ ਆਪਣੇ ਘਰ ਵੀ ਲਿਆਏ ਤੇ ਚੰਨੀਆਂ ਦੇ ਕੱਟੜ ਵਿਰੋਧੀ ਤੇ ਬਰਾੜ ਸਾਹਬ ਪਿਛੇ ਜੁੱਤੀਓਂ ਜੁੱਤੀ ਹੁੰਦੇ ਰਹੇ ਚੰਨੀਆਂ ਵਾਲੇ ਕਾਲੇ ਸਰਪੰਚ ਨੂੰ ਬਰਾੜ ਸਾਹਬ ਨੇ ਘਰੋਂ ਬਾਹਰ ਜਾਣ ਲਈ ਆਖ ਦਿੱਤਾ। ਸੋ, ਦੋਸਤੋ ਇਹ ਤਾਂ ਹਾਲ ਜਿਲਾ ਪੱਧਰੀ ਸਿਆਸਤ ਦਾ ਹੈ, ਉਪਰਲੇ ਪੱਧਰੀ ਸਿਆਸਤ ਦੇ ਉਪਰਲੇ ਈ ਕੰਮ ਹੁੰਦੇ ਹਨ। ਪਰ ਚੰਨੀਆਂ ਅੱਜ ਵੀ ਅਕਾਲੀਆਂ ਨਾਲ ਹੈ ਤੇ ਕਾਲਾ ਚੰਨੀਆਂ ਵਾਲਾ ਵੀ ਅਜ ਤੀਕ ਕਾਂਗਰਸ ਨਾਲ ਹੀ ਹੈ, ਜੇ ਬਦਲੇ ਹਨ,ਤਾਂ ਇਨਾਂ ਦੋਵਾਂ ਦੇ ਵੱਡੇ ਲੀਡਰ ਹੀ ਬਦਲੇ ਹਨ।
ਸੰਗਰੂਰ ਦੇ ਭਵਾਨੀਗੜ੍ਹ ਤੋਂ ਇਕ ਮੁੰਡਾ ਆਪਣੇ ਮਰ ਗਏ ਨਾਇਬ ਤਹਿਸੀਲਦਾਰ ਪਿਤਾ ਦੀ ਥਾਂ ਤਰਸ ਦੇ ਅਧਾਰ ਉਤੇ ਕੰਨ ਗੋ ਫਰੀਦਕੋਟ ਆ ਲੱਗਿਆ। ਇਕ ਦਿਨ ਮੈਂ ਪਟਵਾਰ ਖਾਨੇ ਫਰਦ ਲੈਣ ਗਿਆ, ਤਾਂ ਉਹ ਮੁੰਡਾ ਕਹਿੰਦਾ, “ਪਟਵਾਰੀ ਤਾਂ ਹਾਲੇ ਆਇਆ ਨਹੀਂ, ਬਹਿਜੋ ਆਪ ਜੀ, ਕਿਸ ਨਾਂ ਦੀ ਫਰਦ ਲੈਣੀ ਐ ਆਪ ਨੇ?
ਮੈਂ ਆਪਣਾ ਨਾਂ ਦੱਸਿਆ ਤਾਂ, ਕੁਰਸੀ ਉਤੋਂ ਉਠਦਾ ਕਹਿੰਦਾ, ” ਮੈਨੂੰ ਜੱਫੀ ਪਾਕੇ ਮਿਲੋ, ਮੈਂ ਭਵਾਨੀਗੜ੍ਹ ਵਾਲਾ ਹਰਮਨਜੀਤ ਚਹਿਲ ਆਂ, ਆਪ ਨੂੰ ਪੋਸਟ ਕਾਰਡ ਲਿਖਦਾ ਹੁੰਨਾ ਆਂ ਤੇ ਆਪ ਮੇਰੇ ਹਰ ਖਤ ਦਾ ਜੁਆਬ ਦਿੰਦੇ ਓ।” ਹਰਮਨ ਨੂੰ ਉਥੇ ਅਚਾਨਕ ਇਉਂ ਮਿਲਿਆ ਦੇਖ ਮੈਂ ਬੜਾ ਖੁਸ਼ ਹੋਇਆ ਤੇ ਉਹਨੇ ਚਾਹ ਮੰਗਵਾ ਲਈ। ਉਸ ਦਿਨ ਤੋਂ ਹਰਮਨ ਮੇਰੇ ਬਹੁਤ ਨੇੜੇ ਹੋ ਗਿਆ। ਉਸਦੇ ਸਮੇਂ ਸਮੇਂ ਉਤੇ ਪੰਜਾਬੀ ਟ੍ਰਿਬਿਊਨ ਵਿਚ ਛਪੇ ਲੇਖ ਮੈਂ ਪੜਦਾ ਹੁੰਦਾ ਸੀ ਤੇ ਇਕ ਦਿਨ ਸਾਦਿਕ ਅਰੋੜਾ ਸਾਹਬ ਕੋਲ ਆਕੇ ਉਹਨੇ ਉਹਨਾ ਦੀ ਭਰੀ ਫਾਈਲ ਮੈਨੂੰ ਦੇ ਦਿੱਤੀ ਕਿਤਾਬ ਛਪਵਾਉਣ ਨੂੰ। ਚੇਤਨਾ ਪਰਕਾਸ਼ਨ ਲੁਧਿਆਣਿਓ ਕਿਤਾਬ ਛਪੀ, ਨਾਂ ਰੱਖਿਆ ‘ਜਿੰਦਗੀ ਨੂੰ ਪੜਦੇ ਪੜਦੇ’ । ਫਰੀਦਕੋਟ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਆਈ ਏ ਐਸ ਲੱਗੇ ਹੋਏ ਸਨ। ਉਨਾ ਨਾਲ ਹਰਮਨ ਨੂੰ ਮਿਲਵਾਇਆ ਤੇ ਉਚੇਚਾ ਕਹਿਕੇ ਹਰਮਨ ਦੀ ਕਿਤਾਬ ਉਨਾ ਕੋਲੋਂ ਰਿਲੀਜ ਕਰਵਾਈ। ਰਵੀ ਭਗਤ ਨੇ ਹਰਮਨ ਦੀ ਖੂਬ ਹੌਸਲਾ ਅਫਜਾਈ ਕੀਤੀ। ਇਕ ਦਿਨ ਰਵੀ ਭਗਤ ਦਾ ਫੋਨ ਆਇਆ ਕਿ ਮੈਂ ਹਰਮਨ ਦੀ ਬਦਲੀ ਸੇਫ ਜਗਾ ਕਰਨ ਲਗਿਆ ਹਾਂ, ਇਸਨੂੰ ਫਰੀਦਕੋਟ ਦੇ ਕੁਛ ਲੋਕ ਸਿਆਸੀ ਰੰਜ ਕਾਰਨ ਵਿਜੀਲੈਂਸ ਨੂੰ ਫੜਵਾਉਣਾ ਚਾਹੁੰਦੇ ਨੇ, ਤੂੰ ਇਹਨੂੰ ਕਹਿ ਕਿ ਇਹ ਬਚ ਕੇ ਰਹੇ। ਮੈਂ ਉਦਾਸ ਹੋਇਆ ਤੇ ਹਰਮਨ ਕੋਲ ਜਾਕੇ ਸਾਰੀ ਗੱਲ ਦੱਸੀ। ਉਹ ਜਜਬਾਤੀ ਜਿਹਾ ਮੁੰਡਾ ਸੀ। ਰੋਣ ਲੱਗ ਪਿਆ। ਕਹਿੰਦਾ, ” ਵੀਰੇ, ਤੂੰ ਕਨੇਡਾ ਚਲਾ ਗਿਆ ਤੇ ਤੇਰੇ ਮੈਨੂੰ ਮਗਰੋਂ ਬਹੁਤ ਤੰਗ ਕੀਤਾ ਗਿਆ, ਹੁਣ ਵੀ ਮੈਂ ਔਖਾ ਆਂ, ਵੀਰੇ ਮੈਂ ਮਰਜੂੰਗਾ ਬਸ, ਮੇਰੇ ਦੋ ਨਿਆਣੇ ਨਿੱਕੇ ਨਿੱਕੇ ਫੁੱਲਾਂ ਵਰਗੇ ਰੁਲ ਜਾਣਗੇ। ਮੈਂ ਉਹਨੂੰ ਪਿਆਰ ਨਾਲ ਝਿੜਕਿਆ ਤੇ ਹੌਸਲਾ ਜਿਤਾ। ਇਧਰੋਂ ਉਧਰੋਂ ਸਾਂਝੇ ਦੋਸਤਾਂ ਤੋਂ ਕਹਾਣੀ ਪਤਾ ਕੀਤੀ। ਦੱਸਿਆ ਗਿਆ ਕਿ ਬਰਾੜ ਸਾਹਬ ਦੇ ਇਕ ਸਰਪੰਚ ਉਤੇ ਪਿੰਡ ਦੀ ਉਲਟ ਧਿਰ ਨੇ ਸਰਕਾਰੀ ਕਿੱਕਰ ਵੱਢਣ ਦਾ ਕੇਸ ਕੋਰਟ ਵਿਚ ਕਰ ਦਿੱਤਾ ਸੀ, ਪਤਾ ਨਹੀਂ ਕਿ ਕਿੱਕਰ ਉਸਨੇ ਵੱਢੀ ਸੀ ਜਾਂ ਕਿਸੇ ਹੋਰ ਨੇ। ਹਰਮਨ ਦੀ ਕੋਰਟ ਵਿਚ ਗਵਾਹੀ ਸੀ ਤੇ ਇਸੇ ਦੀ ਰਿਪੋਰਟ ਉਤੇ ਹੀ ਕੇਸ ਹੋਇਆ ਸੀ ਤੇ ਹੁਣ ਹਰਮਨ ਨੂੰ ਕਿਹਾ ਜਾ ਰਿਹਾ ਕਿ ਉਹ ਗਵਾਹੀ ਮੁੱਕਰ ਜਾਵੇ। ਹਰਮਨ ਦਬਾਓ ਕਾਰਨ ਪ੍ਰੇਸ਼ਾਨ ਹੈ ਤੇ ਬੇਹਿਸਾਬੀ ਦਾਰੂ ਪੀਂਦਾ ਹੈ। ਇਕ ਦਿਨ ਉਹ ਸਾਦਿਕ ਅਰੋੜਾ ਮੈਡੀਕਲ ਉਤੇ ਆਕੇ ਅਰੋੜਾ ਸਾਹਬ ਕੋਲ ਬੈਠਾ ਰੋ ਰਿਹਾ ਸੀ ਤੇ ਮੈਂ ਹਾਲੇ ਪਿੰਡੋ ਆਇਆ ਹੀ ਸੀ। ਸਾਰੀ ਗੱਲ ਸੁਣ ਕੇ ਮੈਨੂੰ ਤਾਅ ਚੜ ਗਿਆ। ਮੈਂ ਗੁੱਸੇ ‘ਚ ਆਕੇ ਬੱਬੂ ਬਰਾੜ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਹਰਮਨ ਨੂੰ ਲੈਕੇ ਤੇਰੇ ਕੋਲ ਆਏ ਕਿ ਆਏ। ਤੂੰ ਉਸ ਸਰਪੰਚ ਨੂੰ ਬੁਲਾ ਹੁਣੇ ਕੋਠੀ। ਸਾਡੇ ਜਾਂਦਿਆਂ ਨੂੰ ਸਰਪੰਚ ਆਇਆ ਬੈਠਾ ਸੀ। ਹਰਮਨ ਕੋਠੀ ਅੰਦਰ ਨਾ ਜਾਵੇ ਡਰਦਾ। ਖੈਰ, ਅਸੀਂ ਲੈਗੇ। ਗੱਲ ਇਹ ਮੁੱਕੀ ਕਿ ਹਰਮਨ ਕੋਰਟ ਵਿਚੋਂ ਗਵਾਹੀ ਮੁਕਰੇਗਾ। ਬਰਾੜ ਸਾਹਬ ਖੁਸ਼ ਹੋਗੇ ਤੇ ਹਰਮਨ ਨੇ ਪੈਰੀਂ ਹੱਥ ਲਾ ਦਿੱਤੇ। ਸਰਪੰਚ ਨੇ ਉਸਨੂੰ ਜੱਫੀ ਵਿਚ ਲੈ ਲਿਆ। ਸਾਰੇ ਖੁਸ਼ ਹੋ ਗੇ, ਮੇਰਾ ਗੁੱਸਾ ਵੀ ਉਡ ਗਿਆ। ਯਾਦ ਨਹੀਂ ਹੈ ਹੁਣ ਕਿ ਹਰਮਨ ਗਵਾਹੀ ਮੁੱਕਰਿਆ ਜਾਂ ਨਹੀਂ ਪਰ ਹਰਮਨ ਫਰੀਦਕੋਟ ਞਾਲੀ ਨਹਿਰ ਵਿਚ ਛਾਲ ਮਾਰਕੇ ਆਪ ਜਰੂਰ ਮੁੱਕ ਗਿਆ। ਹਫਤਾ ਉਹਦੀ ਲਾਸ਼ ਲੱਭਣ ਉਤੇ ਖਪ ਗਿਆ। ਮੈਂ ਉਹਦੇ ਪਿੰਡ ਭੋਗ ਉਤੇ ਉਹਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੜਾ ਰੋਇਆ, ਜਦ ਉਸਦੀ ਪਤਨੀ ਨੇ ਧਾਹ ਮਾਰਕੇ ਆਖਿਆ,”ਹਾਏ ਬਾਈ ਜੀ ਆਪਣੇ ਵੀਰ ਨੂੰ ਕਿਥੇ ਛੱਡ ਆਏ ਓਂ?”
(ਬਾਕੀ ਅਗਲੇ ਹਫ਼ਤੇ)