
ਚੰਡੀਗੜ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ ਵਲੋਂ ਗੁਰੂ ਤੇਗ ਬਹਾਦਰ ਯਾਦਗਾਰੀ ਗਾਇਨ ਪ੍ਰੋਗਰਾਮ ਗੂਗਲ ਮੀਟ ਉਤੇ ਕਰਵਾਇਆ ਗਿਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਪ੍ਰੋਗਰਾਮ ਦੀ ਆਰੰਭਤਾ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਖਸੀਅਤ ਦੇ ਵਿਭਿੰਨ ਪੱਖਾਂ ਬਾਰੇ ਚਾਨਣਾ ਪਾਇਆ ਤੇ ਪ੍ਰੋਗਰਾਮ ਵਿਚ ਪੇਸ਼ ਹੋਏ ਗਾਇਕਾਂ ਨੂੰ ਜੀਓ ਆਇਆਂ ਆਖਿਆ। ਗਾਇਕ ਨੀਲੇ ਖਾਂ ਨੇ ਸ਼ਬਦ ਗਾਇਆ: ਬਲ ਛੁਟਕੇ ਬੰਦਨ ਪਰੈ ਅਤੇ ਉਨਾ ਸ਼ਾਇਰ ਦਿਆਲ ਚੰਦ ਮਿਗਲਾਨੀ ਦੀ ਰਚਨਾ: ਕੋਈ ਭੁਲਕੇ ਵੀ ਨਹੀ ਭੁਲ ਸਕਦਾ, ਨੌਵੇਂ ਗੁਰੂ ਦੇ ਪਰਉਪਕਾਰਾਂ ਨੂੰ ਦਾ ਵੀ ਗਾਇਨ ਕੀਤਾ। ਗਾਇਕ ਦੇਵ ਦਿਲਦਾਰ ਨੇ : ਆਹ ਗੀਤ ਮੇਰਾ, ਹਰ ਬੋਲ ਮੇਰਾ,ਬਲਿਹਾਰ ਤੇਰੀ ਕੁਰਬਾਨੀ ਤੋਂ, ਦਾ ਗਾਇਨ ਕਰਕੇ ਗੁਰੂ ਜੀ ਨੂੰ ਯਾਦ ਕੀਤਾ। ਅੰਤ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰਧਾਨਗੀ ਸ਼ਬਦ ਆਖਦਿਆਂ ਗਾਇਕਾਂ ਦੇ ਪ੍ਰਪੱਕ ਗਾਇਨ ਦੀ ਸ਼ੋਭਾ ਕੀਤੀ। ਡਾ ਪਾਤਰ ਨੇ ਪੰਜਾਬ ਕਲਾ ਪਰਿਸ਼ਦ ਵਿਚ ਨਿਕਟ ਭਵਿਖ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਡੀਆ ਕੋਆ: ਨਿੰਦਰ ਘੁਗਿਆਣਵੀ ਨੇ ਸਭਨਾ ਦਾ ਧੰਨਵਾਦ ਕੀਤਾ।