ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)
ਅਮਰੀਕੀ ਅੰਦਰ ਸੇਵਾਵਾ ਨਿਭਾ ਰਹੇ ਸਮੁੱਚੇ ਪੰਜਾਬੀ ਪੱਤਰਕਾਰ ਭਾਈਚਾਰੇ ਨੇ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਡਿਊਟੀ ਜਾਂਦੇ ਸਮੇਂ ਚੰਡੀਗੜ੍ਹ ਪੁਲਿਸ ਵਲੋਂ ਕੀਤੀ ਬਦਸਲੂਕੀ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਪੁਲਿਸ ਅਫਸਰਾਂ ਵਿਰੁੱਧ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇੱਕ ਸਾਂਝੇ ਮਤੇ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਿੰਤਤ ਸਮੇਂ ਵਿੱਚ ਪੁਲਿਸ ਵਾਂਗ ਨਾ ਸਿਰਫ ਪੰਜਾਬ ਦਾ ਸਗੋਂ ਪੂਰੇ ਵਿਸ਼ਵ ਦਾ ਮੀਡੀਆ ਫਰੰਟ ਲਾਇਨ ਤੇ ਆ ਕੇ ਜੋਖਮ ਭਰੀ ਜਿੰਮੇਵਾਰੀ ਨਿਭਾ ਰਿਹਾ ਹੈ।ਚੰਡੀਗੜ੍ਹ ਪੁਲਿਸ ਦੇ ਇੱਕ ਸੀਨੀਅਰ ਤੇ ਜਿੰਮੇਵਾਰ ਪੱਤਰਕਾਰ ਨਾਲ ਅਜਿਹਾ ਵਤੀਰਾ ਬਰਦਾਸ਼ਤ ਕਰਨਯੋਗ ਨਹੀਂ ਹੈ। ਉੱਘੇ ਪੱਤਰਕਾਰ ਅਤੇ ਲੇਖਕ ਐਸ. ਅਸ਼ੋਕ ਭੌਰਾ, ਪੰਜਾਬੀ ਮੀਡੀਆਂ ਯੂ. ਐਸ਼. ਏ. ਦੇ ਜਗਦੇਵ ਸਿੰਘ ਭੰਡਾਲ, ਅਜੀਤ ਦੇ ਹਰਮਨਪ੍ਰੀਤ ਸਿੰਘ ਸਿਆਟਲ, ਪੰਜਾਬ ਮੇਲ ਦੇ ਗੁਰਜਤਿੰਦਰ ਸਿੰਘ ਰੰਧਾਵਾ, ਤਰਲੋਚਨ ਸਿੰਘ ਦੁਪਾਲਪੁਰ, ਧਾਲੀਆਂ ਮਾਛੀਕੇ ਗਰੁੱਪ ਤੋਂ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ, ਕੁਲਵੰਤ ਧਾਲੀਆਂ, ਪ੍ਰਦੇਸ ਟਾਇਮਜ ਦੇ ਬਲਵੀਰ ਸਿੰਘ ਐਮ. ਏ. ਜਗਤਾਰ ਗਿੱਲ ਆਦਿਕ ਨੇ ਪੱਤਰਕਾਰ ਦਵਿੰਦਰ ਪਾਲ ਨਾਲ ਹਮਦਰਦੀ ਜਾਹਿਰ ਕਰਦਿਆਂ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਪੱਤਰਕਾਰ ਭਾਈਚਾਰੇ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਅੱਜ ਇਸ ਕਰੋਨਾਵਾਇਰਸ ਦੀ ਮਹਾਮਾਰੀ ਦੇ ਦੌਰਾਨ ਜਿੱਥੇ ਹੋਰ ਬਹੁਤ ਸਾਰੀਆਂ ਸੰਸਥਾਵਾ ਸੇਵਾਵਾ ਨਿਭਾ ਰਹੀਆਂ ਹਨ, ਉੱਥੇ ਸਮੁੱਚਾ ਪੱਤਰਕਾਰ ਭਾਈਚਾਰਾ ਵੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਪਹਿਲੀ ਕਤਾਰ (ਫਰੰਟ ਲਾਈਨ) ਵਿੱਚ ਆਪਣੀਆ ਸੇਵਾਵਾ ਇਮਾਨਦਾਰੀ ਨਾਲ ਨਿਭਾ ਰਿਹਾ ਹੈ।