
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ 2021
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਥਾਣਾ ਗਿੱਦੜਬਾਹਾ ਪੁਲਿਸ ਨੇ ਇੱਕ ਗੁਪਤ ਸੂਚਨਾਂ ਦੇ ਅਧਾਰ ਤੇ ਜਲਦੀ ਅਮੀਰ ਬਨਣ ਅਤੇ ਐਸ਼ੋ ਇਸ਼ਰਤ ਖਾਤਰ ਚੋਰੀਆਂ ਕਰਨ ਵਾਲੇ ਮੁੰਡਿਆਂ ਦੇ ਗਿਰੋਹ ਨਾਲ ਸਬੰਧਤ 7 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਇੰਨ੍ਹਾਂ ਦੇ ਤਿੰਨ ਸਾਥੀ ਫਰਾਰ ਦੱਸੇ ਜਾ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਗ੍ਰਿਫਤਾਰ ਮੁਲਜਮਾਂ ਦੀ ਉਮਰ ਵੱਡੀ ਨਹੀਂ ਪਰ ਕਾਰਨਾਮੇ ਵੱਡੇ ਹਨ। ਪੁਲਿਸ ਨੇ ਇਸ ਚੋਰ ਗਿਰੋਹ ਕੋਲੋਂ ਚੋਰੀ ਦੇ 12 ਮੋਟਰਸਾਈਕਲ ਅਤੇ ਮਾਰੂਤੀ ਕਾਰ ਬਰਾਮਦ ਕੀਤੀ ਹੈ। ਇਹ ਗਿਰੋਹ ਚੋਰੀ ਕੀਤੇ ਮੋਟਰਸਾਈਕਲਾਂ ਆਦਿ ਨੂੰ ਫਰਜ਼ੀ ਕਾਗਜ਼ਾਂ ਦੇ ਅਧਾਰ ਤੇ ਅੱਗੇ ਵੇਚ ਦਿੰਦਾ ਸੀ। ਪੁਲਿਸ ਹੁਣ ਚੋਰ ਗਿਰੋਹ ਕੋਲੋਂ ਡੂੰਘਾਈ ਨਾਲ ਪੁੱਛ ਪੜਤਾਲ ’ਚ ਜੁਟ ਗਈ ਹੈ ਤਾਂ ਜੋ ਹੋਰ ਵੀ ਚੋਰੀਆਂ ਚਕਾਰੀਆਂ ਸਬੰਧੀ ਭੇਦ ਜਾਣਿਆ ਜਾ ਸਕੇ।
ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ ਵੀ ਕਰੇਗੀ ਕਿ ਪਹਿਲਾਂ ਇੰਨ੍ਹਾਂ ਨੇ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਇੰਨ੍ਹਾਂ ਨੂੰ ਕਿੰਨ੍ਹਾਂ ਕੋਲ ਅੱਗੇ ਵੇਚਿਆ ਗਿਆ ਹੈ।ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਥਾਣਾ ਗਿੱਦੜਬਾਹਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਕੁਲਵੰਤ ਸਿੰਘ ਨੇ ਪੁਲਿਸ ਪਾਰਟੀ ਨਾਲ ਗਿੱਦੜਬਾਹਾ ਦੇ ਲੰਬੀ ਫਾਟਕ ਕੋਲ ਨਾਕਾ ਲਾਇਆ ਹੋਇਆ ਸੀ। ਇਸ ਮੌਕੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਵਪ੍ਰੀਤ ਸਿੰਘ, ਗੁਰਮੀਤ ਸਿੰਘ, ਰਾਮ ਪਾਲ ਸਿੰਘ, ਮੰਗਾ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਗੁਰਚਰਨ ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ ਅਤੇ ਜੰਟਾ ਵੈਲੀ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਅਤੇ ਜਾਲੀ ਰਜਿਸ਼ਟਰੇਸ਼ਨਾਂ ਰਾਹੀਂ ਅੱਗ ਵੇਚ ਦਿੰਦੇ ਹਨ। ਸੂਚਨਾ ’ਚ ਦੱਸਿਆ ਸੀ ਕਿ ਇਸ ਵੇਲੇ ਉਹ ਬੈਂਟਾਬਾਦ ਮੁੱਹਲੇ ਦੇ ਆਸ ਪਾਸ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਕ ’ਚ ਹਨ।
ਸੂਚਨਾ ਅਨੁਸਾਰ ਥਾਣਾ ਗਿੱਦੜਬਾਹਾ ਪੁਲਿਸ ਨੇ ਇਸ ਸਬੰਧ ’ਚ ਧਾਰਾ 379,411, 467 ,468 ,471 ,472,473 ਦਰਜ ਕੀਤਾ ਸੀ। ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਭੋਲਾ ਸਿੰਘ , ਗੁਰਮੀਤ ਸਿੰਘ ਪੁੱਤਰ ਗੋਰਾ ਸਿੰਘ ,ਰਾਮ ਪਾਲ ਸਿੰਘ ਉਰਫ ਰਾਮੂ ਪੁੱਤਰ ਰਾਜਾ ਸਿੰਘ,ਮੰਗਾ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਥਰਾਜਵਾਲਾ ਤੋਂ ਇਲਾਵਾ ਸੰਦੀਪ ਸਿੰਘ ਗਿਆਨੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਨੂੰ ਅਤੇ ਜੰਟਾ ਵੈਲੀ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਅਬੁਲ ਖੁਰਾਨਾ ਨੂੰ ਗਿ੍ਰਫਤਾਰ ਕਰਕੇ ਇੰਨਾ ਦੀ ਨਿਸ਼ਾਨਦੇਹੀ ਤੇ ਮਲੋਟ, ਡੱਬਵਾਲੀ ਅਤੇ ਗਿੱਦੜਬਾਹਾ ਵਿੱਚੋਂ ਚੋਰੀ ਕੀਤੇ 12 ਮੋਟਰਸਾਈਕਲ ਅਤੇ ਮਾਰੂਤੀ ਕਾਰ ਬਰਾਮਦ ਕੀਤੇ ਹਨ। ਪਤਾ ਲੱਗਿਆ ਹੈ ਕਿ ਇਸ ਗਿਰੋਹ ਦਾ ਮਾਸਟਰਮਾਈਂਡ ਸੰਦੀਪ ਸਿੰਘ ਗਿਆਨੀ ਹੈ ਅਤੇ ਚੋਰੀਆਂ ਨੂੰ ਬਾਕੀ ਅਮਲੀ ਰੂਪ ਦਿੰਦੇ ਸਨ। ਪੁਲਿਸ ਅਨੁਸਾਰ 3 ਮੁਲਜਮਾਂ ਦੀ ਗਿ੍ਰਫਤਾਰੀ ਫਿਲਹਾਲ ਬਾਕੀ ਹੈ ਜਿੰਨ੍ਹਾਂ ਦੇ ਕਾਬੂ ਆਉਣ ’ਤੇ ਅਹਿਮ ਖੁਲਾਸੇ ਹੋ ਸਕਦੇ ਹਨ।