ਗੀਤ ਸੰਗੀਤ ਚਰਚਾ / ਇਕਬਾਲ ਸਿੰਘ ਚਾਨਾ

ਅੱਜ ਤੋਂ 40ਕੁ ਵਰ੍ਹੇ ਪਹਿਲਾਂ ਆਈ ਫਿਲਮ ‘ਲੰਬੜਦਾਰਨੀ’ ਦੇ ਗੀਤ ‘ਨਿੱਤ ਬੰਬਿਓਂ ਪਠਾਨਕੋਟ ਜਾਵੇ ਯਾਰਾਂ ਦਾ ਟਰੱਕ ਬੱਲੀਏ, ਜੀ ਟੀ ਰੋਡ ਤੇ ਦੁਆਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ’ ਨੇ ਤਹਿਲਕਾ ਮਚਾ ਦਿੱਤਾ ਸੀ। ਕੁਲਦੀਪ ਮਾਣਕ ਦੇ ਗਾਏ ਤੇ ਦੇਵ ਥਰੀਕੇ ਵਾਲੇ (ਹਰਦੇਵ ਦਿਲਗੀਰ) ਦੇ ਲਿਖੇ ਇਸ ਗੀਤ ਦੀਆਂ ਦੁਹਾਈਆਂ ਉਰਫ ਧੁੰਮਾਂ ਕਈ ਦਹਾਕਿਆਂ ਤੱਕ ਪੈਦੀਆਂ ਰਹੀਆਂ ਸਨ।
ਤੇ ਹੁਣ 5 ਕੁ ਦਿਨ ਪਹਿਲਾ ਮਾਣਕ ਦੇ ਸਮੇਂ ਦੇ ਹੀ ਪ੍ਰਸਿੱਧ ਸਮਕਾਲੀ ਗਾਇਕ, ਸੰਗੀਤਕਾਰ ਤੇ ਉਸਤਾਦ ਸੁਰਿੰਦਰ ਸ਼ਿੰਦਾ ਆਪਣਾ ਨਵਾਂ ਟਰੈਕ “ਟਰੱਕ 2021” ਲੈ ਕੇ ਸੰਗੀਤ ਦੀ ਦੁਨੀਆ ਵਿਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਵੀ ‘ਯਾਰਾਂ ਦੇ ਟਰੱਕ’ ਵਾਲੇ ਦੇਵ ਥਰੀਕੇ ਵਾਲੇ ਤੇ ਉਸ ਦੇ ਅਜ਼ੀਜ਼ ਗੀਤਕਾਰ ਭੱਟੀ ਭੜੀਵਾਲੇ ਨੇ ਮਿਲ ਕੇ ਲਿਖਿਆ ਹੈ। ਗੀਤ ਦੇ ਬੋਲ ਹਨ – ‘ਬਾਰੀ ਖੋਲ੍ਹ ਕੇ ਵਾਹਿਗੁਰੂ ਬੋਲ ਕੇ ਨੀ ਸੀਟ ਉਤੇ ਬਹਿ ਜਾ ਬੱਲੀਏ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲ ਚੱਲੀਏ।‘ ਇਹ ਗੀਤ ਦੋਗਾਣਾ ਹੈ ਜਿਸ ਨੂੰ ਸੁਰਿੰਦਰ ਸ਼ਿੰਦੇ ਤੇ ਰਾਖੀ ਹੁੰਦਲ ਦੀ ਆਵਾਜ਼ ਵਿਚ ਰਿਕਾਰਡ ਕਰ ਕੇ ਦੋਹਾਂ ਉੱਪਰ ਹੀ ਫਿਲਮਾਇਆ ਗਿਆ ਹੈ। ਪੰਜ ਦਿਨਾਂ ਦੇ ਅੰਦਰ ਹੀ ਗੀਤ ਨੂੰ ਇਕ ਮਿਲੀਅਨ ਦੇ ਕਰੀਬ ਲੋਕਾਂ ਨੇ ਯੂ-ਟਿਊਬ ਤੇ ਦੇਖ ਤੇ ਸੁਣ ਲਿਆ ਹੈ। ਇਹ ਪੰਜਾਬੀ ਗੀਤ-ਸੰਗੀਤ ਦੇ ਚੰਗੇ ਭਵਿੱਖ ਲਈ ਸ਼ੁਭ ਸੰਕੇਤ ਹੈ।
ਪਿਛਲੇ ਪੰਦਰਾਂ ਸੋਲਾਂ ਸਾਲਾਂ ਤੋਂ ਪੰਜਾਬੀ ਗੀਤਕਾਰੀ ਤੇ ਸੰਗੀਤ ਨੂੰ ਪੌਪ ਤੇ ਰੈਪ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਸੀ, ਲਗਦਾ ਹੈ ਹੁਣ ਜਲਦ ਹੀ ਪੰਜਾਬੀ ਵਿਰਸੇ ਨੂੰ ‘ਠਾਹ ਠੂਹ’ ਤੇ ਲੁੱਚੀ ਲਫੰਗੀ ਤੁਕਬੰਦੀ ਤੋਂ ਨਿਜਾਤ ਮਿਲਣ ਵਾਲੀ ਹੈ। ਸ਼ਿੰਦੇ ਦਾ ਇਹ ਗੀਤ ਬਾਰਾਂ ਕੁ ਸਾਲ ਪਹਿਲਾਂ ਸੋਲੋ ਰਿਲੀਜ਼ ਹੋਇਆ ਸੀ ਪਰ ‘ਪੌਪ ਤੇ ਰੈਪ ਵਾਲੀ ਮਹਾਂਮਾਰੀ’ ਦੀ ਭੇਂਟ ਚੜ੍ਹ ਗਿਆ ਸੀ। ਖੈਰ, ਹੁਣ ਦੇਵ ਤੇ ਭੱਟੀ ਨੇ ਇਸ ਨੂੰ ਦੋਗਾਣੇ ਦਾ ਰੂਪ ਦੇ ਕੇ ਹੋਰ ਵੀ ਨਿਖਾਰ ਦਿੱਤਾ ਹੈ। ਗੀਤ ਦੇ ਇਕ ਇਕ ਬੋਲ ਚੋਂ ਪੰਜਾਬੀਅਤ ਦੀ ਖੁਸ਼ਬੂ ਡੁੱਲ੍ਹ ਡੁੱਲ੍ਹ ਪੈਂਦੀ ਹੈ।ਇਸ ਸ਼ਲਾਘਾਯੋਗ ਕਦਮ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। -ਇਕਬਾਲ ਸਿੰਘ ਚਾਨਾ