
ਅਸ਼ੋਕ ਵਰਮਾ
ਬਠਿੰਡਾ,16ਜੂਨ 2021:ਪੰਜਾਬ ਕਾਂਗਰਸ ’ਚ ਪਏ ਕਲੇਸ਼ ਤੋਂ ਬਾਅਦ ਹੂਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ’ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਲੱਗੇ ਫਲੈਕਸ ਪਾੜਨ ਕਾਰਨ ਨਵੇਂ ਸਿਆਸੀ ਘਮਸਾਨ ਦਾ ਮੁੱਢ ਬੱਝਦਾ ਦਿਖਾਈ ਦੇਣ ਲੱਗਿਆ ਹੈ। ਇਹ ਬੋਰਡ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਮੋਹਣ ਲਾਲ ਝੁੰਬਾ ਨੇ ਲਵਾਏ ਸਨ ਜਿੰਨ੍ਹਾਂ ਤੇ ‘ਪੰਜਾਬ ਦਾ ਕੈਪਟਨ ਇੱਕ ਹੀ ਹੁੰਦਾ ਹੈ ’ਛਪਿਆ ਹੋਇਆ ਸੀ । ਝੁੰਬਾ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ 10 ਹਜਾਰ ਤੋਂ ਵੱਧ ਇਸ਼ਤਿਹਾਰ ਲਵਾਇਆ ਸੀ ਜਦੋਂਕਿ ਮਹੱਤਵਪੂਰਨ ਸਾਈਟਾਂ ਤੇ ਇੱਕ ਦਰਜਨ ਤੋਂ ਵੱਧ ਫਲੈਕਸ ਲਾਏ ਸਨ। ਇਹ ਫਲੈਕਸ ਕਦੋਂ ਤੇ ਕਿਸ ਨੇ ਪਾੜੇ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਝੁੰਬਾ ਨੂੰ ਮੰਗਲਵਾਰ ਨੂੰ ਇਸ ਸਬੰਧ ’ਚ ਪਤਾ ਲੱਗਿਆ ਹੈ।
ਭਾਵੇਂ ਲੋਕਾਂ ’ਚ ਇੰਨ੍ਹਾਂ ਫਲੈਕਸਾਂ ਨੂੰ ਲੈਕੇ ਕਈ ਤਰਾਂ ਦੀ ਚੁੰਝ ਚਰਚਾ ਹੈ ਪਰ ਸਿਆਸੀ ਮਾਹਿਰ ਇਨ੍ਹਾਂ ਫਲੈਕਸਾਂ ਨੂੰ ਵਿੱਤ ਮੰਤਰੀ ਖਿਲਾਫ ਬਿਗੁਲ ਵਜਾਉਣ ਨਾਲ ਜੋੜ ਕੇ ਦੇਖ ਰਹੇ ਹਨ। ਸਿਆਸੀ ਹਲਕੇ ਵੀ ਆਖਦੇ ਹਨ ਕਿ ਝੁੰਬਾ ਵਰਗੇ ਟਕਸਾਲੀ ਕਾਂਗਰਸੀ ਵੱਲੋਂ ਫਲੈਕਸਾਂ ਲਾਉਣਾ ਸਹਿਜ ਨਹੀਂ ਹੈ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਮੋਹਨ ਲਾਲ ਝੁੰਬਾ ਨੂੰ ਮਾਰਕੀਟ ਕਮੇਟੀ ਬਠਿੰਡਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਮਾਰਕੀਟ ਫੀਸ ਦੀ ਵਸੂਲੀ ਨੂੰ ਲੈਕੇ ਝੁੰਬਾ ਨੇ ਚੇਅਰਮੈਨ ਦੇ ਤੌਰ ਤੇ ਸਬਜੀ ਮੰਡੀ ਦੇ ਕੁੱਝ ਆੜ੍ਹਤੀਆਂ ਦੇ ਰਿਕਾਰਡ ਦੀ ਚੈਕਿੰਗ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇੰਨ੍ਹਾਂ ਚੋਂ ਕੁੱਝ ਸੱੱਤਾਧਾਰੀ ਪਾਰਟੀ ਦੇ ਹਮਾਇਤੀ ਸਨ ਜੋਕਿ ਇਸ ਜਾਂਚ ਪੜਤਾਲ ਤੋਂ ਖਫਾ ਹੋ ਗਏ।
ਸੂਤਰਾਂ ਮੁਤਾਬਕ ਇੱਕ ਸੀਨੀਅਰ ਕਾਂਗਰਸੀ ਲੀਡਰ ਦੇ ਕਥਿਤ ਇਸ਼ਾਰੇ ਤੇ ਚੇਅਰਮੈਨ ਮੋਹਣ ਲਾਲ ਝੁੰਬਾ ਦੀਆਂ ਅਚਾਨਕ ਪਾਵਰਾਂ ਵਾਪਿਸ ਲੈ ਲਈਆਂ ਜਿੱਥੋਂ ਖਿੱਚ੍ਹੋਤਾਣ ਦਾ ਮੁੱਢ ਬੱਝਿਆ ਹੈ। ਸੂਤਰ ਦੱਸਦੇ ਹਨ ਕਿ ਉਦੋਂ ਤੋਂ ਹੀ ਝੁੰਬਾ ਅਤੇ ਵਿੱਤ ਮੰਤਰੀ ਖੇਮੇ ’ਚ ਅੰੰਦਰੋ ਅੰਦਰੀ ਠੰਢੀ ਜੰਗ ਚੱੱਲਦੀ ਆ ਰਹੀ ਹੈ। ਭਾਵੇਂ ਝੁੰਬਾ ਦੀਆਂ ਸਰਗਰਮੀਆਂ ਇੱਕ ਤਰਾਂ ਨਾਲ ਬੰਦ ਵਰਗੀਆਂ ਸਨ ਪਰ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਵੱਲੋਂ ਵਿੱਤ ਮੰਤਰੀ ਖਿਲਾਫ ਝੰਡਾ ਚੁੱਕਣ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਲੰਘੀ 28 ਮਈ ਨੂੰ ਜਦੋਂ ਹਰਵਿੰਦਰ ਲਾਡੀ ਵਿੱਤ ਮੰਤਰੀ ਖਿਲਾਫ ਸ਼ਕਾਇਤ ਲੈਕੇ ਚੰਡੀਗੜ੍ਹ ਗਏ ਤਾਂ ਝੁੰਬਾ ਵੀ ਉਨ੍ਹਾਂ ਦੇ ਨਾਲ ਸੀ।
ਜਦੋਂ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਿਚਕਾਰ ਸਿਆਸੀ ਤਣਤਣੀ ਦੀਆਂ ਖਬਰਾਂ ਦਰਮਿਆਨ ਪੰਜਾਬ ਦੇ ਹੋਰਨਾਂ ਸ਼ਹਿਰਾਂ ’ਚ ਕੈਪਟਨ ਦੇ ਹੱਕ ’ਚ ਫਲੈਕਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਝੁੰਬਾ ਨੇ ਵੀ ਝੰਡਾ ਚੁੱਕ ਲਿਆ ਅਤੇ ਸ਼ਹਿਰ ’ਚ ਬੋਰਡ ਲਾ ਦਿੱਤੇ। ਮਹੱਤਵਪੂਰਨ ਤੱਥ ਹੈ ਕਿ ਕਈ ਫਲੈਕਸ ਤਾਂ ਉਨ੍ਹਾਂ ਸਈਟਾਂ ਤੇ ਲਾਏ ਸਨ ਜਿੰਨ੍ਹਾਂ ਤੇ ਪਹਿਲਾਂ ਨਗਰ ਨਿਗਮ ਦੀ ਮੇਅਰ, ਸੀਨੀਅਰ ਡਿਪਟੀ ਮੇਅਰ , ਡਿਪਟੀ ਮੇਅਰ ਅਤੇ ਚੋਣ ਜਿੱਤੇ ਕਾਂਗਰਸੀ ਕੌਂਸਲਰਾਂ ਆਦਿ ਨੂੰ ਦਿੱਤੀਆਂ ਵਧਾਈਆਂ ਵਾਲੀਆਂ ਫਲੈਕਸਾਂ ਲੱਗੀਆਂ ਹੋਈਆਂ ਸਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਨਗਰ ਨਿਗਮ ਨਾਲ ਜੁੜੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਲੈਕੇ ਕਾਂਗਰਸੀ ਲੀਡਰਾਂ ਖਿਲਾਫ ਬਗਾਵਤੀ ਸੁਰਾਂ ਅਪਣਾਈਆਂ ਹੋਈਆਂ ਹਨ।
ਵਿਧਾਨ ਸਭਾ ਚੋਣਾਂ ਵੇਲੇ ਦੀ ਖਟਾਸ
ਦਰਅਸਲ ਝੁੰਬਾ ਅਤੇ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਵਿਚਕਾਰ ਲੰਘੀਆਂ ਵਿਧਾਨ ਸਭਾ ਚੋਣਾਂ ਵੇਲੇ ਦੀ ਖਟਾਸ ਚਲੀ ਆ ਰਹੀ ਹੈ। ਝੁੰਬਾ ਨੇ ਇਸ ਮੌਕੇ ਆਪਣੇ ਇਲਾਕੇ ’ਚ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ’ਚ ਵੱਡਾ ਇਕੱਠ ਕੀਤਾ ਸੀ ਜਿਸ ਨੂੰ ਇੱਕ ਤਰਾਂ ਨਾਲ ਤਾਕਤ ਦਾ ਵਿਖਾਵਾ ਹੀ ਸਮਝਿਆ ਗਿਆ ਸੀ।ਸ਼ਹਿਰੀ ਕਾਂਗਰਸ ਦਾ ਸਾਬਕਾ ਪ੍ਰਧਾਨ ਮੋਹਣ ਲਾਲ ਝੁੰਬਾ ਕਰੀਬ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਟਕਸਾਲੀ ਆਗੂ ਨੇ ਹਰ ਔਖ ਸੌਖ ’ਚ ਪਾਰਟੀ ਨਾਲ ਹਿੱਕ ਡਾਹ ਕੇ ਖਲੋਣ ਨੂੰ ਤਰਜੀਹ ਦਿੱਤੀ ਹੈ ਪਰ ਕਾਂਗਰਸੀ ਸਰਕਾਰ ਆਉਣ ਤੋਂ ਬਾਅਦ ਉਸ ਬੇਗਾਨਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਸ ਐਸ ਪੀ ਕੋਲ ਪੁੱਜਿਆ ਮਾਮਲਾ
ਬਠਿੰਡਾ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਫਲੈਕਸਾਂ ਪਾੜਨ ਦਾ ਮਾਮਲਾ ਐਸ ਐਸ ਪੀ ਕੋਲ ਪੁੱਜ ਗਿਆ ਹੈ। ਅੱਜ ਮੋਹਣ ਲਾਲ ਝੰਬਾ ਨੇ ਵੀ ਐਸ ਐਸ ਪੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ ਹੈ। ਮੋਹਣ ਲਾਲ ਝੁੰਬਾ ਨੇ ‘ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਕੈਪਟਨ ਹੀ ਪੰਜਾਬ ਦੇ ਕਪਤਾਨ (ਮੁੱਖ ਮੰਤਰੀ) ਹਨ ਤਾਂ ਬੋਰਡ ਲਾਕੇ ਉਨ੍ਹਾਂ ਕੋਈ ਗੁਨਾਂਹ ਨਹੀਂ ਕੀਤਾ ਹੈ। ਉਨ੍ਹਾਂ ਆਖਿਆ ਕਿ ਐਸਐਸਪੀ ਨੇ ਪੁਲਿਸ ਅਧਿਕਾਰਆਂ ਨੂੰ ਇਸ ਬਾਰੇ ਕਾਰਵਾਈ ਲਈ ਕਿਹਾ ਹੈ।
ਪੜਤਾਲ ਦੇ ਹੁਕਮ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਫਲੈਕਸ ਪਾੜਨ ਦੇ ਸਬੰਧ ’ਚ ਅੱਜ ਐਸ ਪੀ ਸਿਟੀ ਅਤੇ ਦੋਵੇਂ ਡੀ ਐਸ ਪੀ ਸਿਟੀ ਨੂੰ ਪੜਤਾਲ ਕਰਨ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬੋਰਡ ਇਸ ਤਰਾਂ ਪਾੜਨਾ ਸਹੀ ਹੈ ਜਿਸ ਬਾਰੇ ਪੂਰੀ ਡੂੰਘਾਈ ਨਾਲ ਜਾਂਚ ਕਰਵਾਈ ਜਾਏਗੀ।